ਇਮੀਗ੍ਰੇਸ਼ਨ ਨਿਯਮਾਂ ਵਿੱਚ ਬਦਲਾਅ ਵਿਰੁੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ

ਏਸੀਟੀ ਵਲੋਂ ਪ੍ਰਵਾਸ ਨੀਤੀਆਂ ਵਿੱਚ ਕੀਤੇ ਬਦਲਾਵਾਂ ਕਾਰਨ ਅੰਤਰਰਾਸ਼ਟਰੀ ਸਿਖਿਆਰਥੀਆਂ ਨੂੰ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

australian visa

Australian visa Source: iStockphoto

ਹਜਾਰਾਂ ਹੀ ਅੰਤਰਰਾਸ਼ਟਰੀ ਸਿਖਿਆਰਥੀਆਂ ਵਲੋਂ ਏ ਸੀ ਟੀ ਦੁਆਰਾ ਹਾਲ ਵਿੱਚ ਹੀ ਪ੍ਰਵਾਸ ਸਬੰਧੀ ਨੀਤੀਆਂ ਵਿੱਚ ਕੀਤੇ ਬਦਲਾਵਾਂ ਦੇ ਰੋਸ ਵਿੱਚ ਇਸ ਹਫਤੇ ਦੇ ਅੰਤ ਤੱਕ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ।

ਅੰਤਰਰਾਸ਼ਟਰੀ ਵਿਦਿਆਰਥੀ ਦਿਵਿਆ* ਜੋ ਕਿ ਭਾਰਤ ਤੋਂ ਹੈ, ਪਿਛਲੇ ਸਾਲ ਸਤੰਬਰ ਵਿੱਚ ਹੀ ਪਰਥ ਤੋਂ ਪਰੋਫੈਸ਼ਨਲ ਅਕਾਉਂਟਿੰਗ ਵਿਚ ਮਾਸਟਰਸ ਦੀ ਡਿਗਰੀ ਹਾਸਲ ਕਰਨ ਉਪਰੰਤ, ਕੈਨਬਰਾ ਰਹਿਣ ਲਈ ਆਈ ਸੀ। ਇੱਥੇ ਆਉਣ ਤੋਂ ਬਾਅਦ ਉਹਨਾਂ ਨੇ ਬਿਜ਼ਨਸ ਦੇ ਡਿਪਲੋਮੇ ਵਿੱਚ ਦਾਖਲਾ ਲੈ ਲਿਆ ਅਤੇ ਨਾਲ ਹੀ ਅਕਾਉਂਟਿੰਗ ਦੀ ਨੌਕਰੀ ਵੀ ਸ਼ੁਰੂ ਕਰ ਦਿੱਤੀ।

ਜੂਲਾਈ 2017 ਵਿੱਚ ਏ ਸੀ ਟੀ ਸਰਕਾਰ ਨੇ ਕੈਨਬਰਾ ਰਹਿਣ ਵਾਲੇ ਉਹਨਾਂ ਵਸਨੀਕਾਂ ਲਈ ‘ਸਟੇਟ ਨਾਮੀਨੇਸ਼ਨ’ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ ਸੀ ਜਿਨਾਂ ਦੀ ਆਕੂਪੇਸ਼ਨ, ‘ਡਿਮਾਂਡ ਆਕੂਪੇਸ਼ਨ ਲਿਸਟ’ ਵਿੱਚ ਹਾਲੇ ਖੁਲੀ ਵੀ ਨਹੀਂ ਸੀ। ਇਸ ਨੂੰ ਪ੍ਰਾਪਤ ਕਰਨ ਦੀਆਂ ਸ਼ਰਤਾਂ ਵਿੱਚ ਬਿਨੇਕਾਰ ਨੇ ਪਿਛਲੇ 12 ਮਹੀਨੇ ਕੈਨਬਰਾ ਵਿੱਚ ਬਿਤਾਏ ਹੋਣ ਦੇ ਨਾਲ ਨਾਲ ਕਿਸੇ ਲੋਕਲ ਸੰਸਥਾ ਤੋਂ ਇੱਕ ਸਰਟੀਫਿਕੇਟ-3 ਦਾ ਡਿਪਲੋਮਾ ਕੀਤਾ ਹੋਣਾ ਜਰੂਰੀ ਰਖਿਆ ਗਿਆ ਸੀ।

ਟੁੱਟੇ ਸੁਫ਼ਨੇ

ਇਸ ਕਾਰਨ ਆਸਟ੍ਰੇਲੀਆ ਭਰ ਤੋਂ ਹਜਾਰਾਂ ਹੀ ਵਿਦਿਆਰਥੀ ਕੈਨਬਰਾ ਵਿੱਚ ਆ ਕੇ ਵਸ ਗਏ ਤਾਂ ਕਿ ਉਹਨਾਂ ਦਾ ਪਰਮਾਨੈਂਟ ਰੈਜ਼ੀਡੇਂਸੀ ਵਾਲਾ ਰਸਤਾ ਸੁਖਾਲਾ ਹੋ ਸਕੇ।

ਇਸ ਸ਼ਰਤ ਅਨੁਸਾਰ ਦਿਵਿਆ ਨੇ ਵੀ ਇਸ ਸਾਲ ਸਤੰਬਰ ਨੂੰ ਸਟੇਟ ਨਾਮੀਨੇਸ਼ਨ ਲਈ ਯੋਗ ਹੋ ਜਾਣਾ ਸੀ। ਪਰ ਹਾਲ ਵਿੱਚ ਹੀ ਐਂਡਰਿਊ ਬਾਰ ਦੀ ਸਰਕਾਰ ਨੇ ਪ੍ਰਵਾਸ ਨੀਤੀ ਨੂੰ 29 ਜੂਨ ਤੋਂ ਬਦਲ ਦਿੱਤਾ ਹੈ ਜਿਸ ਕਾਰਨ ਦਿਵਿਆ ਦੇ ਸੁਫਨੇ ਚੂਰ ਚੂਰ ਹੋ ਗਏ ਹਨ। ਅਤੇ ਇਸੇ ਕਾਰਨ ਹੋਰ ਵੀ ਹਜਾਰਾਂ ਵਿਦਿਆਰਥੀਆਂ ਨੂੰ  ਨੁਕਸਾਨ ਸਹਿਣਾ ਪੈ ਰਿਹਾ ਹੈ।

ਦਿਵਿਆ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ, ‘ਮੈਂ ਏ ਸੀ ਟੀ ਸਰਕਾਰ ਵਲੋਂ ਜਾਰੀ ਕੀਤੀ ਨੀਤੀ ਦੇਖੀ ਅਤੇ ਉਸ ਉਤੇ ਭਰੋਸਾ ਕਰਦੇ ਹੋਏ ਇੱਥੇ ਆ ਗਈ। ਮੈਨੂੰ ਚਿਤ ਚੇਤੇ ਵੀ ਨਹੀਂ ਸੀ ਕਿ ਸਰਕਾਰ ਆਪਣੀ ਨੀਤੀ ਨੂੰ ਇਸ ਤਰਾਂ ਨਾਲ ਅਚਾਨਕ ਬਦਲ ਦੇਵੇਗੀ’।

ਦਿਵਿਆ ਅਨੁਸਾਰ ਉਸ ਨੇ ਆਸਟ੍ਰੇਲੀਆ ਵਿੱਚ ਆਪਣੀ ਪੜਾਈ ਕਰਨ ਦੌਰਾਨ ਤਕਰੀਬਨ 50,000 ਡਾਲਰ ਖਰਚ ਕੀਤੇ ਹੋਏ ਹਨ। ਕਿਉਂਕਿ ਉਸ ਦੇ ਵੀਜ਼ੇ ਦੀ ਮਿਆਦ ਮੁਕਣ ਵਾਲੀ ਹੈ, ਇਸ ਕਾਰਨ ਉਸ ਨੂੰ ਹੁਣ ਕਿਸੇ ਹੋਰ ਕੋਰਸ ਵਿੱਚ ਦਾਖਲਾ ਲੈਣਾ ਪਵੇਗਾ।

‘ਸਰਕਾਰ ਨੇ ਇਹ ਬਦਲਾਅ ਕਰਨ ਤੋਂ ਪਹਿਲਾਂ ਕੋਈ ਵੀ ਸਮਾਂ (ਨੋਟਿਸ) ਪ੍ਰਦਾਨ ਨਹੀਂ ਕੀਤਾ । ਜੋ ਲੋਕ ਇਸ ਪਰੋਗਰਾਮ ਵਿੱਚ ਪਹਿਲਾਂ ਹੀ ਅੱਗੇ ਵਧ ਚੁਕੇ ਹਨ ਅਤੇ ਕੈਨਬਰਾ ਵਿੱਚ ਆ ਕੇ ਵਸ ਵੀ ਚੁੱਕੇ ਹਨ ਉਹਨਾਂ ਦਾ ਧਿਆਨ ਜਰੂਰ ਰੱਖਿਆ ਜਾਣਾ ਚਾਹੀਦਾ ਸੀ’।

ਦਿਵਿਆ ਨੇ ਇਹ ਵੀ ਦੱਸਿਆ ਕਿ ਕਿਉਂਕਿ ਉਸ ਦਾ ਵੀਜ਼ਾ ਅਕਤੂਬਰ ਵਿੱਚ ਮੁਕਣ ਵਾਲਾ ਹੈ, ਇਸ ਕਰਕੇ ਉਸ ਦਾ ਬੇਟਾ ਆਪਣੇ ਪ੍ਰੀ ਸਕੂਲ ਵਿੱਚ ਨਹੀਂ ਜਾ ਸਕਦਾ ਅਤੇ ਇਹਨਾਂ ਬਦਲਾਵਾਂ ਕਾਰਨ ਉਸ ਦਾ ਪੂਰਾ ਪਰਿਵਾਰ ਹੀ ਬੁਰੀ ਤਰਾਂ ਨਾਲ ਪ੍ਰਭਾਵਤ ਹੋਇਆ ਹੈ।

‘ਮੈਨੂੰ ਕੈਨਬਰਾ ਵਿੱਚ ਆ ਕੇ ਵਸਣ ਵਾਲਾ ਪੂਰਾ ਫੈਸਲਾ ਹੀ ਇਸ ਸਮੇਂ ਇੱਕ ਬਹੁਤ ਵੱਡੀ ਭੁੱਲ ਲਗ ਰਿਹਾ ਹੈ। ਸਾਨੂੰ ਕੁੱਝ ਵੀ ਪ੍ਰਾਪਤ ਹੁੰਦਾ ਨਜ਼ਰ ਨਹੀਂ ਆ ਰਿਹਾ’।
Parliament House Canberra
Parliament House Canberra Source: SBS Canning

ਪਰਵਾਸ ਪ੍ਰੋਗਰਾਮ ਤੇ ਮੁੜਵਿਚਾਰ

ਏ ਸੀ ਟੀ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਬਦਲਾਅ 190 ਵੀਜ਼ਾ ਕਲਾਸ ਵਿੱਚ ਬਹੁਤਾਤ ਹੋਣ ਕਾਰਨ ਹੀ ਲੈਣਾ ਪਿਆ ਹੈ। ਪਰ ਵਧ ਰਹੇ ਵਿਰੋਧ ਨੂੰ ਧਿਆਨ ਵਿੱਚ ਰਖਦੇ ਹੋਏ ਸਰਕਾਰ ਨੇ ਪਿਛਲੇ ਮਹੀਨੇ ਐਲਾਨ ਕੀਤੀ ਸੀ ਕਿ ਉਸ ਨੂੰ  ਕੋਈ ਸਰਲ ਰਸਤਾ ਅਖਤਿਆਰ ਕਰਨਾ ਪੈਣਾ ਹੈ ਜਿਸ ਨਾਲ ਫੈਡਰਲ ਸਰਕਾਰ ਦੀਆਂ ਸ਼ਰਤਾਂ ਵੀ ਪੂਰੀਆਂ ਹੋ ਸਕਣ।

ਸਰਕਾਰ ਨੇ ਪ੍ਰਵਾਸ ਪਰੋਗਰਾਮ ਨੂੰ ਮੁੜ ਤੋਂ ਵਿਚਾਰਨ ਦਾ ਐਲਾਨ ਕਰ ਦਿੱਤੀ ਹੈ।

ਏ ਸੀ ਟੀ ਸਰਕਾਰ ਦੀ ਵੈਬਸਾਈਟ ਤੇ ਮੌਜੂਦ ਇੱਕ ਨੋਟਿਸ ਵਿੱਚ ਆਖਿਆ ਗਿਆ ਹੈ, ‘ਏਸੀਟੀ ਸਰਕਾਰ ਨੂੰ ਕੈਨਬਰਾ ਰਹਿਣ ਵਾਲੇ ਵਿਅਕਤੀਆਂ ਉੱਤੇ ਪੈਣ ਵਾਲੇ ਅਸਰਾ ਦਾ ਪੂਰਾ ਗਿਆਨ ਹੈ। ਅਸੀਂ ਏਸੀਟੀ ਸਕਿਲਡ ਮਾਈਗ੍ਰੇਸ਼ਨ ਪਰੋਗਰਾਮ ਨੂੰ ਸੁਧਾਰਨ ਵਾਸਤੇ ਢੁਕਵੇਂ ਸਰੋਤਾਂ ਨਾਲ ਸੰਪਰਕ ਕਰਾਂਗੇ’।

ਪਰ ਪਰਦਰਸ਼ਨ ਕਰਨ ਜਾ ਰਹੇ ਵਿਦਿਆਰਥੀਆਂ ਦੇ ਸਮੂਹ ਨੇ ਹੈ ਕਿ ਸਰਕਾਰ ਵਲੋਂ ਨੀਤੀਆਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਕਾਰਨ ਉਹਨਾਂ ਲੋਕਾਂ ਨਾਲ ਧੱਕਾ ਹੋਇਆ ਹੈ ਜੋ ਕਿ ਪਹਿਲਾਂ ਹੀ ਇੱਥੇ ਕੈਨਬਰਾ ਵਿੱਚ ਆ ਚੁੱਕੇ ਹਨ।
ACT Chief Minister Andrew Barr speaks during a press conference.
ACT Chief Minister Andrew Barr. Source: AAP

"ਅਪ੍ਰਤੱਖ ਇਕਰਾਰ"

ਇਹਨਾਂ ਲੋਕਾਂ ਵਲੋਂ ਪਹਿਲਾਂ ਘੋਸ਼ਤ ਨੀਤੀ ਤਹਿਤ ਹਜਾਰਾਂ ਡਾਲਰਾਂ ਦਾ ਨਿਵੇਸ਼ ਕੀਤਾ ਜਾ ਚੁੱਕਾ ਹੈ ਪਰ ਹੁਣ ਕਾਮਨਵੈਲਥ ਸਰਕਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਪਰਮਾਨੈਂਟ ਰੈਜ਼ੀਡੈਂਸੀ ਦਾ ਕੋਈ ਵਾਅਦਾ ਨਹੀਂ ਕਰ ਸਕਦੇ।

ਸ਼ੁਕਰਵਾਰ ਨੂੰ ਏਸੀਟੀ ਲੇਜਿਸਲੇਟਿਵ ਅਸੈਂਬਲੀ ਦੇ ਬਾਹਰ ਕੀਤੇ ਜਾਣ ਵਾਲ ਪਰਦਰਸ਼ਨ ਦੌਰਾਨ ਲੋਕਾਂ ਵਲੋਂ ਆਪਣੇ ਤਜਰਬੇ ਅਤੇ ਕਹਾਣੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਅਤੇ ਸਰਕਾਰ ਕੋਲ ਮੰਗ ਕੀਤੀ ਜਾਵੇਗੀ ਕਿ ਆਪਣੇ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ।

ਇਸ ਸਬੰਧ ਵਿੱਚ ਇਕ ਪਟੀਸ਼ਨ ਸ਼ੁਰੂ ਕੀਤੀ ਗਈ ਹੈ ਜਿਸ ਉੱਤੇ ਤਕਰੀਬਨ 2100 ਹਸਤਾਖਰ ਹੋ ਵੀ ਚੁੱਕੇ ਹਨ। ਇਸ ਵਿੱਚ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ 190 ਵੀਜ਼ਾ ਸਬਕਲਾਸ ਦੀ ਗਿਣਤੀ 800 ਤੋਂ ਵਧਾ ਕਿ 1500 ਕੀਤੀ ਜਾਵੇ।

* ਅਸਲ ਨਾਮ ਨਹੀਂ ਹੈ।

Share

Published

Updated

By Shamsher Kainth

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand