SKIP TO MAIN CONTENT

ਜਦੋਂ ਮੁੱਖ ਮੰਤਰੀ ਦੀ ਪਤਨੀ ਬਣੀ ਠੱਗੀ ਦਾ ਸ਼ਿਕਾਰ

ਬੀਤੇ ਹਫਤੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਧਰਮ ਪਤਨੀ ਪ੍ਰਨੀਤ ਕੌਰ ਵੱਲੋਂ ਫੋਨ ਤੇ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਸਾਂਝੀ ਕਰਣ ਮਗਰੋਂ ਉਹਨਾਂ ਨਾਲ 23 ਲੱਖ ਰੁਪਏ ਦੀ ਠੱਗੀ ਹੋ ਗਈ ਸੀ।

Preneet Kaur
Preneet Kaur Source: Facebook

2 min read

Published

Updated


Skip to article content

ਇੰਟਰਨੈਟ ਅਤੇ ਮੋਬਾਈਲ ਫੋਨ ਰਾਹੀਂ ਹੋਣ ਵਾਲੇ ਫਰੇਬ ਦੁਨੀਆ ਭਰ ਵਿੱਚ ਰੋਜ਼ਾਨਾ ਅਣਗਿਣਤ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਨੇ। ਜਿੱਥੇ ਇੱਕ ਪਾਸੇ ਸਰਕਾਰਾਂ ਅਤੇ ਸਾਈਬਰ ਸੁਰੱਖਿਆ ਏਜੇਂਸੀਆਂ ਲੋਕਾਂ ਨੂੰ ਇਹਨਾਂ ਠੱਗਾਂ ਤੋਂ ਸਾਵਧਾਨ ਰਹਿਣ ਲਈ ਸੁਚੇਤ ਕਰਦੇ ਹਨ, ਠੱਗੀ ਕਰਨ ਵਾਲੇ ਦੋ ਕਦਮ ਅੱਗੇ ਰਹਿਣ ਲਈ ਨਵੇਂ ਢੰਗ ਤਰੀਕੇ ਕੱਢ ਲੈਂਦੇ ਹਨ।

ਅਜਿਹੇ ਵਿੱਚ ਕਿਸੇ ਪੜ੍ਹੇ ਲਿਖੇ ਸੁਚੇਤ ਵਿਅਕਤੀ ਦੇ ਇਹਨਾਂ ਠੱਗਾਂ ਦੇ ਸ਼ਿਕਾਰ ਹੋ ਜਾਣ ਤੇ ਹੈਰਾਨੀ ਨਹੀਂ ਹੁੰਦੀ। ਪਰੰਤੂ ਜੇਕਰ ਠੱਗੀ ਦਾ ਸ਼ਿਕਾਰ ਹੋਣ ਵਾਲਾ ਵਿਅਕਤੀ ਭਾਰਤ ਜਿਹੇ ਦੇਸ਼ ਵਿੱਚ ਕੇਂਦਰੀ ਸਰਕਾਰ ਵਿੱਚ ਮੰਤਰੀ ਰਹਿ ਚੁੱਕਾ ਹੋਵੇ, ਮੌਜੂਦਾ ਸਮੇ ਸਾਂਸਦ ਹੋਣ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਵੀ ਹੋਵੇ, ਫੇਰ ਹੈਰਾਨੀ ਜ਼ਰੂਰ ਹੁੰਦੀ ਹੈ।

ਪਟਿਆਲਾ ਦੀ ਮੈਂਬਰ ਪਾਰਲੀਮੈਂਟ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪ੍ਰਨੀਤ ਕੌਰ ਬੀਤੇ ਦਿਨੀਂ ਇੱਕ ਫਰੌਡ ਫੋਨ ਕਾਲ ਤੇ ਆਪਣੇ ਬੈਂਕ ਖਾਤੇ ਅਤੇ ਏ ਟੀ ਐਮ ਦਾ ਪਿੰਨ ਕੋਡ ਦੱਸ ਕੇ 23 ਲੱਖ ਰੁਪਏ ਦੀ ਰਕਮ ਤੋਂ ਹੱਥ ਧੋ ਬੈਠੀ ਸੀ।

ਬੀਤੇ ਹਫਤੇ ਦਿੱਲੀ ਵਿੱਚ ਸੰਸਦ ਦੇ ਮਾਨਸੂਨ ਸੈਸ਼ਨ ਕਰ ਰਹੀ ਪ੍ਰਨੀਤ ਕੌਰ ਨੂੰ ਫੋਨ ਆਇਆ ਅਤੇ ਦੂਜੇ ਪਾਸੇ ਬੋਲ ਰਹੇ ਵਿਅਕਤੀ ਨੇ ਆਪਣੇ ਆਪ ਨੂੰ ਸਟੇਟ ਬੈਂਕ ਓਫ ਇੰਡੀਆ ਦਾ ਮੈਨੇਜਰ ਦੱਸਿਆ। ਖਬਰਾਂ ਮੁਤਾਬਿਕ ਉਸਨੇ ਸ਼੍ਰੀ ਮਤੀ ਪਰਨੀਤ ਕੌਰ ਨੂੰ ਕਿਹਾ ਕਿ ਉਹਨਾਂ ਦੀ ਤਨਖਾਹ ਖਾਤੇ ਵਿੱਚ ਜਮਾ ਕਰਨ ਲਈ ਉਹਨਾਂ ਦਾ ਖਾਤਾ ਨੰਬਰ, ਏ ਟੀ ਐਮ ਪਿੰਨ ਅਤੇ ਕੋਡ ਚਾਹੀਦਾ ਹੈ। ਇਹ ਜਾਣਕਾਰੀ ਮਿਲਣ ਉਪਰੰਤ ਪ੍ਰਨੀਤ ਕੌਰ ਦੇ ਫੋਨ 'ਤੇ ਆਇਆ ਇੱਕ ਸੁਰਖਿਆ ਪਾਸਵਰਡ ਵੀ ਮੰਗਿਆ। ਇਸਤੋਂ ਤੁਰੰਤ ਬਾਅਦ ਉਹਨਾਂ ਦੇ ਫੋਨ ਤੇ ਇੱਕ ਐਸ ਐਮ ਐਸ ਆਇਆ ਕਿ ਖਾਤੇ ਵਿੱਚੋਂ 23 ਲੱਖ ਰੁਪਏ ਕਢਵਾਏ ਗਏ ਹਨ।

ਘਟਨਾ ਦੇ ਤੁਰੰਤ ਮਗਰੋਂ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਦੇ ਸਾਈਬਰ ਕ੍ਰਾਈਮ ਮਾਹਿਰਾਂ ਵੱਲੋਂ ਪੜਤਾਲ ਕੀਤੇ ਜਾਣ ਤੇ ਪਤਾ ਲੱਗਿਆ ਕਿ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਇੱਕ ਗਿਰੋਹ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

ਪਟਿਆਲਾ ਜ਼ਿਲਾ ਦੇ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦੇਸ਼ ਦੇ ਵੱਖੋ ਵੱਖਰੇ ਹਿੱਸਿਆਂ ਤੋਂ ਕਥਿਤ ਗਿਰੋਹ ਦੇ ਮੈਂਬਰਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਅਤੇ ਪ੍ਰਨੀਤ ਕੌਰ ਦੇ ਖਾਤੇ 'ਚੋਂ ਕਢਵਾਏ 23 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ।

Listen to SBS Punjabi Monday to Friday at 9 pm. Follow us on Facebook and Twitter.


Follow SBS Punjabi

Download our apps

Watch on SBS

Punjabi News

Stream now