ਸਾਲ 2011 ਅਤੇ 2016 ਵਿੱਚ ਕਰਵਾਈਆਂ ਗਈਆਂ ਜਨਗਨਣਾ ਅਨੁਸਾਰ ਪੰਜਾਬੀ ਸਾਰੇ ਦੇਸ਼ ਵਿੱਚਲੀ ਸਭ ਤੋਂ ਜਿਆਦਾ ਤੇਜੀ ਨਾਲ ਵਧਣ ਵਾਲੀ ਭਾਸ਼ਾ ਰਹੀ ਹੈ। ਵਿਕਟੋਰੀਆ ਵਿੱਚ ਇਹ ਸਿਖਰਲੀਆਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ 7ਵੇਂ ਸਥਾਨ ਤੇ ਹੈ ਅਤੇ ਸਮੁੱਚੇ ਦੇਸ਼ ਵਿੱਚ ਇਹ ਪਹਿਲੀਆਂ ਦਸਾਂ ਵਿੱਚ ਆਪਣਾ ਸਥਾਨ ਰਖਦੀ ਹੈ।
ਇਹ ਪਹਿਲੀ ਵਾਰ ਹੋਵੇਗਾ ਕਿ ਵਿਕਟੋਰੀਆ ਸੂਬੇ ਦੇ 5000 ਤੋਂ ਵੀ ਜਿਆਦਾ ਛੋਟੇ ਬਾਲਾਂ ਨੂੰ ਹਰ ਹਫਤੇ ਤਿੰਨ ਘੰਟਿਆਂ ਲਈ ਪੰਜਾਬੀ ਸਮੇਤ ਕਈ ਹੋਰ ਭਾਸ਼ਾਵਾਂ ਨੂੰ ਸਿੱਖਣ ਦਾ ਮੌਕਾ ਮਿਲ ਸਕੇਗਾ। ਇਸ ਵਾਸਤੇ ਵਿਕਟੋਰੀਅਨ ਸਰਕਾਰ ਨੇ 17.9 ਮਿਲਿਅਨ ਡਾਲਰਾਂ ਦੀ ਰਾਸ਼ੀ ਰਾਖਵੀਂ ਰੱਖ ਛੱਡੀ ਹੈ।
ਮਿਤੀ 24 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਨਤੀਜੇ ਭਾਵੇਂ ਕਿਸ ਵੀ ਪਾਸੇ ਨੂੰ ਜਾਣ, ਪਰ ਇਹ ਉਪਰਾਲਾ 2019 ਦੇ ਸ਼ੁਰੂ ਤੋਂ ਅਮਲ ਵਿੱਚ ਲਿਆਉਂਦਾ ਜਾਵੇਗਾ।

ਅਰਲੀ ਚਾਈਲਡ-ਹੁਡ ਐਜੂਕੇਸ਼ਨ ਦੀ ਮੰਤਰੀ ਜੈਨੀ ਮਿਕਾਕੋਸ ਨੇ ਐਸ ਬੀ ਐਸ ਨੂੰ ਦਸਿਆ, ‘ਅਸੀਂ ਇੱਕ ਬਹੁ-ਸਭਿਅਕ ਸਮਾਜ ਵਿੱਚ ਰਹ ਰਹੇ ਹਾਂ ਅਤੇ ਸਾਨੂੰ ਚਾਹੀਦਾ ਹੈ ਕਿ ਸਾਡੇ ਬੱਚੇ ਅੰਗਰੇਜੀ ਤੋਂ ਅਲਾਵਾ ਹੋਰ ਭਾਸ਼ਾਵਾਂ ਨੂੰ ਵੀ ਛੋਟੀ ਉਮਰ ਵਿੱਚ ਹੀ ਸਿਖ ਲੈਣ’।
ਇਸ ਉਤੇ ਹੋਣ ਵਾਲੇ ਵਾਧੂ ਖਰਚ ਦਾ ਭਾਰ ਮਾਪਿਆਂ ਤੋਂ ਨਹੀਂ ਵਸੂਲਿਆ ਜਾਵੇਗਾ ਕਿਉਂਕਿ ਇਹ ਪਰੋਗਰਾਮ ਪੂਰੀ ਤਰਾਂ ਨਾਲ ਵਿਕਟੋਰੀਆ ਦੀ ਸਰਕਾਰ ਵਲੋਂ ਭੁਗਤਾਇਆ ਜਾਵੇਗਾ।
ਭਾਰਤੀ ਖਿੱਤੇ ਦੀਆਂ ਸਾਰੀਆਂ ਭਾਸ਼ਾਵਾਂ ਵਿੱਚੋਂ ਸਿਰਫ ਪੰਜਾਬੀ ਨੂੰ ਹੀ ਇਸ ਪਰੋਗਰਾਮ ਤਹਿਤ ਕਿੰਡਰਗਾਰਟਨ ਦੇ ਬੱਚਿਆਂ ਨੂੰ ਪੜਾਉਣ ਲਈ ਵਿਕਟੋਰੀਅਨ ਸਰਕਾਰ ਨੇ ਚੁਣਿਆ ਹੈ। ਇਸ ਤੋਂ ਅਲਾਵਾ, ਮੈਂਡਰੀਨ, ਅਰਬੀ, ਇਟਾਲੀਅਨ, ਜਪਾਨੀ, ਫਰੈਂਚ, ਗਰੀਕ, ਹਿਬਰੂ, ਸਪੈਨਿਸ਼ ਅਤੇ ਇੰਡੀਜੀਨਸ ਭਾਸ਼ਾਵਾਂ ਨੂੰ ਵੀ ਇਸ ਪਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਵਿਭਾਗ ਦੇ ਇੱਕ ਵਕਤਾ ਨੇ ਦਸਿਆ ਕਿ, ‘ਇਸ ਪਰੋਗਰਾਮ ਨੂੰ ਬਨਾਉਣ ਸਮੇਂ ਇੱਕ ਟੈਂਡਰ ਦੁਆਰਾ ਬਹੁਤ ਸਾਰੇ ਕਿੰਡਰਗਾਰਟਨਸ ਕੋਲੋਂ ਇਹ ਪੁੱਛਿਆ ਗਿਆ ਸੀ ਕਿ ਉਹ ਅੰਗਰੇਜੀ ਤੋਂ ਅਲਾਵਾ ਹੋਰ ਕਿਹੜੀ ਭਾਸ਼ਾ ਆਪਣੇ ਬੱਚਿਆਂ ਨੂੰ ਪੜਾਉਣੀ ਚਾਹੁਣਗੇ? ਕਿੰਡਰ-ਸੈਂਟਰਾਂ ਨੂੰ ਬੱਚਿਆਂ ਦੇ ਮਾਪਿਆਂ, ਅਤੇ ਵਿਆਪਕ ਭਾਈਚਾਰੇ ਨਾਲ ਸਲਾਹ ਕਰਨ ਲਈ ਵੀ ਪ੍ਰੇਰਿਆ ਗਿਆ ਸੀ। ਸਖਤ ਮੁਕਾਬਲੇ ਤੋਂ ਬਾਅਦ 160 ਸੈਂਟਰਾਂ ਵਿਚਲੀਆਂ 15 ਭਾਸ਼ਾਵਾਂ ਨੂੰ ਚੁਣਿਆ ਗਿਆ ਅਤੇ ਇਹਨਾਂ ਵਿੱਚੋਂ ਪੰਜਾਬੀ ਨੂੰ ਹਾਲ ਦੀ ਘੜੀ ਸਿਰਫ ਇੱਕੋ ਸੈਂਟਰ ਵਿੱਚ ਹੀ ਪੜਾਇਆ ਜਾਵੇਗਾ’।



