ਆਸਟ੍ਰੇਲੀਅਨ ਗ੍ਰੀਨਸ ਸੈਨੇਟ ਵਿੱਚ ਸਰਕਾਰ ਦੇ ਅਸ਼ਯੋਰੈਂਸ ਓਫ ਸੁਪੋਰਟ ਵਿੱਚ ਬਦਲਾਅ ਦੇ ਵਿਰੋਧ ਵਿੱਚ ਡਿਸਅਲੋਇੰਸ ਮੋਸ਼ਨ ਪੇਸ਼ ਕਰਨਗੇ ਤਾਂ ਜੋ ਇਸ ਬਦਲਾਅ ਨੂੰ ਰੱਦ ਕੀਤਾ ਜਾ ਸਕੇ।
ਪਾਰਟੀ ਦੇ ਸੈਨੇਟਰ ਨਿੱਕ ਮੈਕੀਮ ਨੇ ਕਿਹਾ ਕਿ ਜੇਕਰ ਲੇਬਰ ਉਹਨਾਂ ਦਾ ਸਾਥ ਦਵੇ ਤਾਂ ਇਸ ਪ੍ਰਸਤਾਵ ਨੂੰ ਸੈਨੇਟ ਵਿੱਚ ਛੋਟੀਆਂ ਪਾਰਟੀਆਂ ਦੀ ਮਦਦ ਨਾਲ ਪਾਸ ਕਰਨ ਲਈ ਸਮਰਥਨ ਜੁਟ ਸਕਦਾ ਹੈ।
ਸਰਕਾਰ ਵੱਲੋਂ ਕੀਤੇ ਬਦਲਾਅ ਵਿੱਚ ਪੈਰੇਂਟ ਵੀਜ਼ਾ ਲਈ ਅਸ਼ਯੋਰੈਂਸ ਓਫ ਸੁਪੋਰਟ ਦੇਣ ਲਈ ਸਾਲਾਨਾ ਕਮਾਈ ਦੀ ਘੱਟੋ ਘੱਟ ਹੱਦ ਨੂੰ ਲਗਭਗ ਦੁੱਗਣਾ ਕੀਤਾ ਗਿਆ ਹੈ। ਹਾਲਾਂਕਿ ਲੇਬਰ ਨੇ ਇਸ ਇਸ ਬਦਲਾਅ ਨੂੰ ਪਰਵਾਸੀ ਪਰਿਵਾਰਾਂ ਤੇ ਇੱਕ ਲੁਕਿਆ ਹੋਇਆ ਹਮਲਾ ਦੱਸਿਆ ਹੈ, ਪਰੰਤੂ ਡਿਸਅਲੋਇੰਸ ਮੋਸ਼ਨ ਤੇ ਅਜੇ ਆਪਣੀ ਸਥਿਤੀ ਸਾਫ ਨਹੀਂ ਕੀਤੀ ਹੈ।
ਇਸ ਬਦਲਾਅ ਨਾਲ ਹਜ਼ਾਰਾਂ ਹੀ ਪਰਵਾਸੀ ਪਰਿਵਾਰ ਪ੍ਰਭਾਵਿਤ ਹੋਣਗੇ, ਜੋ ਕਿ ਲੰਮੇ ਸਮੇ ਤੋਂ ਵੀਜ਼ੇ ਲਈ ਕਤਾਰ ਵਿੱਚ ਲੱਗੇ ਸਨ।

ਸੈਨੇਟਰ ਮੈਕੀਮ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ: "ਵੀਜ਼ਿਆਂ ਲਈ ਮੌਜੂਦਾ ਲੋੜੀਂਦੇ ਇਕਰਾਰ ਕਾਫੀ ਹਨ। ਇਹ ਬਦਲਾਅ ਸਿੱਧੇ ਤੌਰ ਤੇ ਦੰਡ ਦੇਣ ਵਾਲਾ ਹੈ ਅਤੇ ਇਸਦਾ ਮੰਤਵ ਆਸਟ੍ਰੇਲੀਆ ਵਿੱਚ ਪਰਿਵਾਰਾਂ ਦੀ ਮਿਲਣੀ ਦੇ ਰਾਹ ਵਿੱਚ ਅੜਿੱਕਾ ਲਗਾ ਕੇ ਇਸਨੂੰ ਹੋਰ ਮੁਸ਼ਕਿਲ ਬਣਾਉਣਾ ਹੈ। "
"ਅਸੀਂ ਸੈਨੇਟ ਵਿੱਚ ਇਸਨੂੰ ਰੱਦ ਕਰਾਉਣ ਲਈ ਮੋਸ਼ਨ ਪੇਸ਼ ਕਰਾਂਗੇ ਅਤੇ ਲੇਬਰ ਅਤੇ ਕ੍ਰਾਸਬੇਂਚ ਨੂੰ ਦਰਖ਼ਾਸਤ ਕਰਦੇ ਹਾਂ ਕਿ ਉਹ ਸਾਡਾ ਸਾਥ ਦੇਣ। "
ਇਹ ਬਦਲਾਅ ਇੱਕ ਵਿਧਾਨਕ ਦਸਤਾਵੇਜ਼ ਦੇ ਤੌਰ ਤੇ ਲਿਆਉਂਦਾ ਗਿਆ ਹੈ ਜਿਸਦਾ ਮਤਲਬ ਹੈ ਕਿ ਇਸਨੂੰ ਕਾਨੂੰਨ ਦੇ ਤੌਰ ਤੇ ਲਾਗੂ ਕਰਨ ਲਈ ਸੰਸਦ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ।
ਪਰੰਤੂ ਅਜਿਹੇ ਕਾਨੂੰਨਾਂ ਨੂੰ ਬਹੁਗਿਣਤੀ ਵੋਟ ਨਾਲ ਸੰਸਦ ਵਿੱਚ ਰੱਦ ਕੀਤਾ ਜਾ ਸਕਦਾ ਹੈ। ਗ੍ਰੀਨਸ ਫੈਡਰਲ ਬਜਟ ਲਈ ਅਗਲੇ ਹਫਤੇ ਸੰਸਦ ਦੇ ਬੈਠਣ ਤੇ ਇਸ ਬਦਲਾਅ ਵਿਰੁੱਧ ਮੋਸ਼ਨ ਲਿਆਉਣ ਦਾ ਇਰਾਦਾ ਰੱਖਦੇ ਹਨ।
ਪ੍ਰਵਾਸੀ ਪਰਿਵਾਰਾਂ ਤੇ ਲਟਕੀ ਤਲਵਾਰ
ਸ਼੍ਰੀਮਤੀ ਐਸ ਕੌਰ ਨੇ ਦੋ ਸਾਲ ਪਹਿਲਾਂ ਤਕਰੀਬਨ $25,000 ਵੀਜ਼ਾ ਫੀਸ ਅਦਾ ਕਰਕੇ ਕੰਟਰੀਬਿਊਟ੍ਰੀ ਪੈਰੇਂਟ ਵੀਜ਼ਾ ਲਈ ਅਰਜੀ ਕੀਤੀ ਸੀ। ਇਸ ਵੀਜ਼ੇ ਤਹਿਤ ਦੋ ਸਾਲ ਮਗਰੋਂ ਫੀਸ ਦੇ ਬਕਾਇਆ ਤਕਰੀਬਨ $20,000 ਹੋਰ ਦੇ ਕੇ ਅਤੇ ਅਸ਼ਯੋਰੈਂਸ ਓਫ ਸੁਪੋਰ ਦਾਖਿਲ ਕਰਕੇ ਉਹ ਆਸਟ੍ਰੇਲੀਆ ਦਾ ਪੱਕਾ ਵੀਜ਼ਾ ਹਾਸਿਲ ਕਰ ਸਕਦੇ ਸਨ। ਪਰੰਤੂ ਹੁਣ ਬਦਲੇ ਕਾਨੂੰਨ ਕਾਰਨ ਸਾਲਾਨਾ ਆਮਦਨ ਦੀ ਘੱਟੋ ਘੱਟ ਹੱਦ ਤਕਰੀਬਨ ਦੁੱਗਣੀ ਕੀਤੇ ਜਾਣ ਕਾਰਨ ਓਹਨਾ ਦਾ ਪੁੱਤਰ ਅਸ਼ਯੋਰੈਂਸ ਓਫ ਸਪੋਰਟ ਦੇਣ ਲਈ ਅਯੋਗ ਹੈ।
ਸ਼੍ਰੀਮਤੀ ਕੌਰ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਬਦਲਾਅ ਪਹਿਲਾਂ ਤੋਂ ਦਾਖਿਲ ਕੀਤੀਆਂ ਅਰਜ਼ੀਆਂ ਤੇ ਲੱਗੂ ਕਰਨਾ ਜਾਇਜ਼ ਨਹੀਂ ਹੈ।
ਉਹਨਾਂ ਦਾ ਪੁੱਤਰ ਹੁਣ ਆਪਣੇ ਕੁਝ ਦੋਸਤਾਂ ਦੀ ਮਦਦ ਦੀ ਦਰਕਾਰ ਰੱਖਦਾ ਹੈ ਤਾਂਕਿ ਉਹ ਆਪਣੀ ਮਾਂ ਨੂੰ ਆਸਟ੍ਰੇਲੀਆ ਵਿੱਚ ਹੀ ਰੱਖ ਸਕੇ।
ਕੁੱਝ ਇਹੋ ਹਾਲ ਭਾਰਤੀ ਪਰਵਾਸੀ ਸ਼ਰੂਤੀ ਗੁਪਤਾ ਦੇ ਪਰਿਵਾਰ ਦਾ ਵੀ ਹੈ। ਸ਼ਰੂਤੀ ਅਤੇ ਉਸਦੇ ਪਤੀ ਭਾਰਤ ਵਿੱਚ ਰਹਿੰਦੀ ਓਹਨਾ ਦੀ ਸੱਸ ਨੂੰ ਆਸਟ੍ਰੇਲੀਆ ਲਿਆਉਣਾ ਚਾਹੁੰਦੇ ਹਨ। ਸ਼ਰੂਤੀ ਮੁਤਾਬਿਕ ਓਹਨਾ ਦੀ ਸੱਸ ਭਾਰਤ ਵਿੱਚ ਬਿਲਕੁਲ ਇਕੱਲੀ ਹੈ ਅਤੇ ਇਸ ਉਮਰ ਵਿੱਚ ਉਹਨਾਂ ਦੀ ਦੇਖਭਾਲ ਕਰਣ ਲਈ ਕੋਈ ਵੀ ਪਰਿਵਾਰਿਕ ਮੇਂਬਰ ਮੌਜੂਦ ਨਹੀਂ ਹੈ। ਪਰੰਤੂ, ਸਕਿਉਰਿਟੀ ਖੇਤਰ ਵਿੱਚ ਕੰਮ ਕਰਦੀ ਸ਼ਰੂਤੀ ਅਤੇ ਉਸਦੇ ਟੈਕਸੀ ਡਰਾਈਵਰ ਪਤੀ ਦੀ ਸਾਲਾਨਾ ਕਮਾਈ ਸਰਕਾਰ ਵੱਲੋਂ ਆਮਦਨ ਦੇ ਨਵੇਂ ਮਿੱਥੇ ਮਾਪਦੰਡਾਂ ਤੇ ਪੂਰੇ ਨਹੀਂ ਉੱਤਰਦੇ। ਉਹਨਾਂ ਨੂੰ ਹੁਣ ਡਰ ਹੈ ਕਿ ਇਹ ਨਵਾਂ ਕਾਨੂੰਨ ਉਮਰ ਦੇ ਇਸ ਪੜਾਅ ਤੇ ਬੁਜੁਰ ਮਾਪਿਆਂ ਨੂੰ ਲੋੜੀਂਦੀ ਸੇਵਾ ਸੰਭਾਲ ਤੋਂ ਵਾਂਝਿਆਂ ਕਰ ਸਕਦਾ ਹੈ।
