ਮੈਲਬੌਰਨ ਸ਼ਹਿਰ ਦੇ ਰਹਿਣ ਵਾਲੇ ਈਸ਼ਾਨ ਲਖਾਨੀ ਨੂੰ ਦੋ ਸਾਲ ਦੀ ਉਮਰ ਤੋਂ 'ਏ ਡੀ ਐਚ ਡੀ' ਨਾਲ ਜੂਝਣਾ ਪੈ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਇਸ 12-ਸਾਲਾ ਸੰਗੀਤਕਾਰ ਨੇ ਕਰਨ ਔਜਲਾ ਵਰਗੇ ਚੋਟੀ ਦੇ ਕਲਾਕਾਰਾਂ ਨਾਲ ਕੰਮ ਕੀਤਾ ਹੈ।
'ਏਡੀਐਚਡੀ' ਵਾਲੇ ਬੱਚਿਆਂ ਨੂੰ ਧਿਆਨ ਦੇਣ, ਭਾਵੁਕ ਵਿਵਹਾਰਾਂ ਨੂੰ ਨਿਯੰਤਰਿਤ ਕਰਨ ਵਿੱਚ ਮੁਸ਼ਕਲ ਹੁੰਦੀ ਹੈ ਅਤੇ ਉਹ ਆਮ ਬੱਚਿਆਂ ਨਾਲੋਂ ਜ਼ਿਆਦਾ ਕਿਰਿਆਸ਼ੀਲ ਰਹਿੰਦੇ ਹਨ। ਈਸ਼ਾਨ ਲਈ ਵੀ ਜ਼ਿੰਦਗੀ ਦਾ ਇਹ ਸਫ਼ਰ ਆਸਾਨ ਨਹੀ ਰਿਹਾ ਪਰ ਆਪਣੀ ਲਗਨ ਸਦਕਾ ਉਨ੍ਹਾਂ ਨੇ ਸਾਰਿਆਂ ਔਕੜਾਂ ਦੇ ਬਾਵਜੂਦ ਵੀ ਇਹ ਮੁਕਾਮ ਹਾਸਿਲ ਕੀਤਾ।
ਈਸ਼ਾਨ ਪਹਿਲੀ ਵਾਰ ਲੋਕਾਂ ਦੀ ਨਜ਼ਰ ਵਿੱਚ ਉਦੋਂ ਆਏ ਜਦੋਂ 2018 ਵਿੱਚ ਉਨ੍ਹਾਂ ਨੇ ਪ੍ਰਸਿੱਧ ਪਾਕਿਸਤਾਨੀ ਗਾਇਕ ਆਤਿਫ਼ ਅਸਲਮ ਨਾਲ ਸਟੇਜ ਸਾਂਝੀ ਕੀਤੀ।
12 ਸਾਲ ਦੀ ਉਮਰ ਵਿੱਚ ਈਸ਼ਾਨ ਦੇ ਫੇਸਬੁੱਕ 'ਤੇ 70,000 ਤੋਂ ਵੱਧ 'ਫਾਲੋਅਰਸ' ਹਨ ਅਤੇ ਹੁਣ ਵੀ ਉਹ ਮੈਲਬੌਰਨ ਸੀਬੀਡੀ ਵਿੱਚ ਨਿਯਮਿਤ ਤੌਰ 'ਤੇ ਪ੍ਰਦਰਸ਼ਨ ਕਰਦੇ ਹਨ।
ਈਸ਼ਾਨ ਨੇ ਕਰਨ ਔਜਲਾ ਤੋਂ ਇਲਾਵਾ ਅਬਰਾਰ ਉਲ ਹੱਕ, ਆਤਿਫ ਅਸਲਮ, ਜਿੰਮੀ ਸ਼ੇਰਗਿੱਲ ਅਤੇ ਗੋਵਿੰਦਾ ਸਮੇਤ ਕਈ ਹੋਰ ਪ੍ਰਸਿੱਧ ਹਸਤੀਆਂ ਨਾਲ ਇੱਕ ਸੰਗੀਤਕਾਰ ਵਜੋਂ ਸਟੇਜ ਉੱਤੇ ਸਾਥ ਦਿੱਤਾ ਹੈ।
ਈਸ਼ਾਨ ਦੇ ਪਿਤਾ ਇਮਰਾਨ ਲਖਾਣੀ ਦਾ ਕਹਿਣਾ ਹੈ ਕਿ ਤੁਹਾਡਾ ਬੱਚਾ ਆਪਣੇ ਹੁਨਰ ਨਾਲ ਕਿੰਨੀਆਂ ਬੁਲੰਦੀਆਂ ਛੂ ਸਕਦਾ ਹੈ ਇਹ ਸਭ ਤੋਂ ਜ਼ਿਆਦਾ ਤੁਹਾਡੇ ਪਾਲਣ-ਪੋਸ਼ਣ ਦੇ ਯਤਨਾਂ ਅਤੇ ਪਿਆਰ 'ਤੇ ਨਿਰਭਰ ਕਰਦਾ ਹੈ।
For more details read this story in English
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
