ਇੱਕ ਨਾਬਾਲਿਗ ਕੁੜੀ ਨੂੰ ਜਿਸਮਾਨੀ ਸਬੰਧ ਬਣਾਉਣ ਲਈ ਤਿਆਰ ਕਰਨ ਦੇ ਜੁਰਮ ਵਿੱਚ ਵਿਕਟੋਰੀਆ ਪੁਲਿਸ ਦੇ ਇੱਕ ਅਧਿਕਾਰੀ ਨੂੰ ਦੱਸ ਮਹੀਨੇ ਕੈਦ ਕੱਟਣੀ ਪਵੇਗੀ।
ਸੀਨੀਅਰ ਕਾਂਸਟੇਬਲ ਵਿਕਰਮ ਗੋਪੀਨਾਥ ਨੂੰ ਇਸ ਜੁਰਮ ਦਾ ਦੋਸ਼ੀ ਕਰਾਰ ਦਿੱਤੇ ਜਾਨ ਤੇ ਉਸਨੂੰ ਪੁਲਿਸ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।
ਗੋਪੀਨਾਥ ਤੇ ਦਸੰਬਰ 2016 ਵਿੱਚ ਇੱਕ 16 ਸਾਲਾਂ ਦੀ ਕੁੜੀ ਜਿਸ ਨੂੰ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਪੁਲਿਸ ਵਿੱਚ ਆਪਣੀ ਡਿਊਟੀ ਕਰਨ ਦੌਰਾਨ ਜਾਣਦਾ ਸੀ, ਆਪਣੀ ਗੱਡੀ ਵਿੱਚ ਲਿਫਟ ਦਿੱਤੀ ਸੀ। ਉਸ ਸਮੇ ਉਹ ਵਿਕਟੋਰੀਆ ਦੇ ਮਿਲਦੂਰਾ ਵਿੱਚ ਤਾਇਨਾਤ ਸੀ।
ਵਿਕਟੋਰੀਆ ਦੇ ਕਾਉਂਟੀ ਕੋਰਟ ਵਿੱਚ ਦੱਸਿਆ ਗਿਆ ਕਿ ਉਸਤੋਂ ਅਗਲੇ ਕਈ ਹਫਤਿਆਂ ਦੌਰਾਨ ਦੋਹਾਂ ਦਰਮਿਆਨ ਦਰਜਨਾਂ ਟੈਕਸਟ ਅਤੇ ਮੈਸਜ ਹੋਏ, ਅਤੇ ਗੋਪੀਨਾਥ ਕੁੜੀ ਨੂੰ ਦੋ ਵਾਰ ਉਸਦੇ ਰੇਸੀਡੇਂਸ਼ਿਅਲ ਕੇਅਰ ਬਲਾਕ ਦੇ ਨੇੜੇ ਮਿਲਿਆ ਜਿਥੇ ਉਸਨੇ ਕੁੜੀ ਦੇ ਨਾਲ ਸ਼ਾਰੀਰਿਕ ਛੇੜਛਾੜ ਵੀ ਕੀਤੀ।
ਗੋਪੀਨਾਥ ਨੇ ਕੁੜੀ ਨੂੰ ਆਪਣੀਆਂ ਕਈ ਤਸਵੀਰਾਂ ਵੀ ਭੇਜੀਆਂ ਸਨ ਜਿਨ੍ਹਾਂ ਵਿੱਚ ਉਹ ਅੱਧੇ ਕੱਪੜਿਆਂ ਤੋਂ ਬਾਹਰ ਸੀ ਅਤੇ ਇੱਕ ਤਸਵੀਰ ਵਿੱਚ ਉਹ ਪੁਲਿਸ ਦੀ ਵਰਦੀ ਵਿੱਚ ਸੀ।
ਸਾਲ 2017 ਵਿੱਚ ਦੋਹਾਂ ਵਿਚਾਲੇ ਝਗੜੇ ਮਗਰੋਂ ਕੁੜੀ ਨੇ ਉਸਦੇ ਭੇਜੇ ਮੈਸਜ ਅਤੇ ਤਸਵੀਰਾਂ ਉਸਦੇ ਸਾਥੀ ਪੁਲਿਸ ਅਧਿਕਾਰੀਆਂ ਨੂੰ ਦਿਖਾਉਣ ਦੀ ਚੇਤਾਵਨੀ ਦਿੱਤੀ। ਇਸਤੇ ਗੋਪੀਨਾਥ ਨੇ ਪੀੜਿਤ ਨਾਬਾਲਿਗ ਕੁੜੀ ਨੂੰ ਧਮਕੀ ਦਿੱਤੀ।
ਉਸਨੇ ਕੁੜੀ ਨੂੰ ਪੁਲਿਸ ਅੱਗੇ ਝੂਠ ਬੋਲਣ ਲਈ ਵੀ ਪ੍ਰੇਰਿਆ ਅਤੇ ਕਿਹਾ ਕਿ ਜੇਕਰ ਉਸਦੇ ਖਿਲਾਫ ਪੁਲਿਸ ਜਾਂਚ ਸ਼ੁਰੂ ਹੋਈ ਤਾਂ ਉਹ ਆਤਮਦਾਹ ਕਰ ਲਵੇਗਾ।
ਸੋਮਵਾਰ ਨੂੰ ਗੋਪੀਨਾਥ ਨੇ ਅਦਾਲਤ ਵਿੱਚ ਨਾਬਾਲਿਗ ਕੁੜੀ ਨਾਲ ਸੈਕਸ ਦੀ ਕੋਸ਼ਿਸ਼ ਅਤੇ ਜਨਤਕ ਅਧਿਕਾਰੀ ਦੇ ਆਪਣੇ ਓਹਦੇ ਦੀ ਦੁਰਵਰਤੋਂ ਦੇ ਜੁਰਮ ਕਬੂਲ ਕਰ ਲਏ।
ਸਜ਼ਾ ਸੁਣਾਉਣ ਵੇਲੇ ਜੱਜ ਫਰੈਂਕ ਗੁਚੀਰਡੋ ਨੇ ਕਿਹਾ ਕਿ ਪੁਲਿਸ ਦੀ ਨੌਕਰੀ ਚੁਣੌਤੀਆਂ ਭਰਭੂਰ ਹੁੰਦੀ ਹੈ ਅਤੇ ਦੋਸ਼ੀ ਨੂੰ ਪੀੜਿਤ ਕੁੜੀ ਨਾਲ ਵਤੀਰੇ ਦੌਰਾਨ ਸਾਵਧਾਨੀ ਨਾਲ ਕੰਮ ਲੈਣਾ ਚਾਹੀਦਾ ਸੀ। ਜੱਜ ਨੇ ਕਿਹਾ ਕਿ ਡਿਊਟੀ ਦੌਰਾਨ ਅਜਿਹਾ ਦੁਰਵਿਵਹਾਰ ਅਤੇ ਸੁਰਖਿਆ ਦੇ ਨਾਮ ਤੇ ਹਵਸ ਇਖਲਾਕੀ ਤੌਰ ਤੇ ਬੇਹੱਦ ਨਿੰਦਾ ਯੋਗ ਹੈ।
ਸਜ਼ਾ ਪੂਰੀ ਹੋਣ ਮਗਰੋਂ ਗੋਪੀਨਾਥ ਦੋ ਸਾਲ ਦੌਰਾਨ ਮਾਨਸਿਕ ਅਤੇ ਜਿਨਸੀ ਦੁਰਵਿਵਹਾਰ ਲਈ ਇਲਾਜ ਕਰਵਾਕੇ ਕਮਿਊਨਟੀ ਕਰੇਕਸ਼ਨਸ ਆਰਡਰ ਪੂਰਾ ਕਰੇਗਾ।