ਗ੍ਰਹਿ ਮੰਤਰਾਲੇ ਦੇ ਸਕੱਤਰ ਨੇ ਜਾਣਕਾਰੀ ਦਿੱਤੀ ਹੈ ਕਿ ਕੂਲੀਸ਼ਨ ਸਰਕਾਰ ਕੁੱਝ ਅਜਿਹੇ ਨਵੇਂ ਕਾਨੂੰਨ ਬਨਾਉਣ ਬਾਰੇ ਸੋਚ ਰਹੀ ਹੈ ਜਿਨਾਂ ਦੁਆਰਾ ਪੀਟਰ ਡਟਨ ਦਾ ਇਹ ਨਵਾਂ ਵਿਭਾਗ, ਪ੍ਰਵਾਸੀਆਂ ਬਾਬਤ ਨਿਜੀ ਜਾਣਕਾਰੀ ਉਹਨਾਂ ਵਲੋਂ ਪ੍ਰਵਾਸ ਲਈ ਅਰਜੀ ਪਾਏ ਜਾਣ ਸਮੇਂ ਹੀ ਪ੍ਰਾਪਤ ਕਰ ਸਕੇਗਾ।
ਹੋਮ ਅਫੇਅਰਸ ਦੇ ਸਕੱਤਰ ਅਤੇ ਇਸ ਵਿਭਾਗ ਦੇ ਸਰਵਉੱਚ ਅਧਿਕਾਰੀ ਮਾਈਕਲ ਪੈਜ਼ੂਲੋ ਨੇ ਦੱਸਿਆ ਕਿ ਸਰਕਾਰ ਇਸ ਸੁਝਾਅ ਉੱਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।
ਸ਼੍ਰੀ ਪੈਜ਼ੂਲੋ ਨੇ ਕਿਹਾ ਕਿ ‘ਤੁਹਾਡੀ ਨਾਗਰਿਕਤਾ ਹਾਸਲ ਕਰਨ ਤੋਂ ਕਾਫੀ ਪਹਿਲਾਂ, ਯਾਨਿ ਕਿ ਤੁਹਾਡੇ ਪ੍ਰਵਾਸ ਕਰਨ ਤੋਂ ਵੀ ਪਹਿਲਾਂ, ਸਰਕਾਰ ਹਰ ਜਰੀਏ ਦੁਆਰਾ, ਤੁਹਾਡੇ ਬਾਰੇ ਖੁਫੀਆ ਤੋਰ ਤੇ ਜਾਣਕਾਰੀ ਹਾਸਲ ਕਰ ਸਕੇਗੀ’।
ਇਹਨਾਂ ਕਾਨੂੰਨਾਂ ਬਾਬਤ ਜਾਣਕਾਰੀ ਤਾਂ ਬੇਸ਼ਕ ਸਾਂਝੀ ਕਰ ਦਿੱਤੀ ਗਈ ਹੈ ਪਰ ਇਹਨਾਂ ਨੂੰ ਹਾਲੇ ਤੱਕ ਪਾਰਲੀਆਮੈਂਟ ਵਿੱਚ ਪੇਸ਼ ਨਹੀਂ ਕੀਤਾ ਗਿਆ ਹੈ। ਅਤੇ ਨਾਂ ਹੀ ਜਨਤਕ ਤੌਰ ਤੇ ਇਹਨਾਂ ਬਾਬਤ ਕੋਈ ਚਰਚਾ ਹੀ ਕਰਵਾਈ ਗਈ ਹੈ।
ਸ਼੍ਰੀ ਪੈਜ਼ੂਲੋ ਨੇ ਕਿਹਾ ‘ਨਿਜੀ ਜਾਣਕਾਰੀ ਇਕੱਤਰ ਕਰਨ ਲਈ ਹਰ ਹੀਲਾ ਵਰਤਿਆ ਜਾਵੇਗਾ ਤਾਂ ਕਿ ਇਸ ਗੱਲ ਦਾ ਸਹੀ ਮੁਲਾਂਕਣ ਕੀਤਾ ਜਾ ਸਕੇ ਕਿ ਭਵਿੱਖ ਵਿੱਚ ਆਣ ਵਾਲੇ ਪ੍ਰਵਾਸੀ ਦਾ ਪਿਛੋਕੜ, ਆਸਟ੍ਰੇਲੀਆ ਦੀਆਂ ਕਦਰਾਂ ਕੀਮਤਾਂ ਨਾਲ ਮੇਲ ਖਾਂਦਾ ਹੈ ਜਾਂ ਨਹੀਂ’।
ਉਹਨਾਂ ਇਹ ਵੀ ਆਖਿਆ ਕਿ, ‘ਇਹ ਜਾਣਕਾਰੀ ਇਕੱਤਰ ਕਰਨ ਦੀਆਂ ਤਿੰਨ ਸਟੇਜਾਂ ਹੋਣਗੀਆਂ; ਇੱਕ ਪ੍ਰਵਾਸੀਆਂ ਦੇ ਇੱਥੇ ਆਉਣ ਤੋਂ ਪਹਿਲਾਂ; ਦੂਜਾ ਜਦੋਂ ਉਹ ਇੱਥੇ ਆ ਜਾਣਗੇ ਅਤੇ ਤੀਜਾ ਜਦੋਂ ਉਹ ਨਾਗਰਿਕਤਾ ਵਾਸਤੇ ਅਰਜ਼ੀ ਪਾਉਣਗੇ’।
ਨਾਗਰਿਕਤਾ ਮੰਤਰੀ ਐਲਨ ਟੱਜ ਨੇ ਵੀ ਦੱਸਿਆ ਕਿ ਸਰਕਾਰ ਜਾਣਕਾਰੀ ਦੇ ਮੁਲਾਂਕਣ ਵਾਸਤੇ, ਇੱਕ ਲਗਾਤਾਰਤਾ ਵਾਲੇ ਮਾਡਲ ਦੀ ਸਥਾਪਨਾ ਕਰਨਾਂ ਚਾਹੁੰਦੀ ਹੈ।
ਐਸ ਬੀ ਐਸ ਨਿਊਜ਼ ਨੇ ਮਨਿਸਟਰ ਕੋਲੋਂ ਇਸ ਬਾਬਤ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਮਾਂ ਮੰਗਿਆ ਹੈ।
ਸਲਾਨਾਂ ਜਾਰੀ ਕੀਤੀਆਂ ਗਈਆਂ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਸਾਲ 2011 ਤੋਂ ਲੈ ਕਿ ਹੁਣ ਤੱਕ, ਆਸਟ੍ਰੇਲੀਆ ਵਿੱਚ ਸਲਾਨਾਂ ਲਗਭੱਗ 190,000 ਪ੍ਰਵਾਸੀ ਆਏ ਹਨ, ਜਿਨਾਂ ਵਿੱਚੋਂ ਜਿਆਦਾਤਰ ਕੁਸ਼ਲ ਕਾਮੇਂ ਅਤੇ ਪਰਿਵਾਰਕ ਵੀਜ਼ੇ ਵਾਲੇ ਹੀ ਹਨ। ਹੁਣ ਇਹ ਸਾਫ ਨਹੀਂ ਹੋ ਪਾ ਰਿਹਾ ਹੈ ਕਿ ਇਹਨਾਂ ਵਿੱਚੋਂ ਕਿੰਨਿਆਂ ਕੂ ਇਸ ਪੜਤਾਲ ਦੇ ਹੇਠਾਂ ਆਉਣਗੇ।
ਲੇਬਰ ਸੇਨੇਟਰ ਡੋਹ ਕੈਮਰੂਨ ਨੇ ਸਰਕਾਰ ਦੇ ਏਸ ਨਵੇਂ ਲਿਆਏ ਜਾ ਰਹੇ ਕਾਨੂੰਨਾਂ ਦੀ ਨਿੰਦਾ ਕੀਤੀ ਹੈ।
ਉਹਨਾਂ ਮੰਗਲਵਾਰ ਨੂੰ ਪਾਰਲੀਆਮੈਂਟ ਤੋਂ ਬੋਲਦੇ ਹੋਏ ਕਿਹਾ ਕਿ, ‘ਸਰਕਾਰ, ਇਸ ਦੇਸ਼ ਵਿੱਚ ਆਣ ਵਾਲੇ ਪ੍ਰਵਾਸੀਆਂ ਵਿਰੁੱਧ ਕੋਈ ਵੀ ਹੀਲਾ, ਕਿਸੇ ਵੀ ਸਮੇਂ ਵਰਤ ਸਕੇਗੀ’।
ਪਰ ਲੇਬਰ ਦੇ ਹੀ ਇੱਕ ਹੋਰ ਸੇਨੇਟਰ ਜੈਨੀ ਮੈਕ-ਐਲੀਸਟਰ ਨੇ ਕਿਹਾ ਕਿ ਵਿਰੋਧੀ ਧਿਰ ਨੂੰ, ਸਰਕਾਰ ਵਲੋਂ ਲਿਆਂਦੇ ਜਾ ਰਹੇ ਇਹਨਾਂ ਕਾਨੂੰਨਾਂ ਦੀ ਸਮੁੱਚੀ ਜਾਣਕਾਰੀ ਆਉਣ ਤੱਕ ਇੰਤਜ਼ਾਰ ਕਰਨਾਂ ਚਾਹੀਦਾ ਹੈ।