ਅੰਗਰੇਜ਼ੀ ਅਖਬਾਰ ਦੀ ਆਸਟ੍ਰੇਲੀਅਨ ਵਿਚ ਛਪੀ ਇਕ ਰਿਪੋਟ ਮੁਤਾਬਿਕ ਪ੍ਰਵਾਸੀਆਂ ਵਾਸਤੇ ਆਸਟ੍ਰੇਲੀਅਨ ਨਾਗਰਿਕ ਬਣਨ ਲਈ ਅੰਗਰੇਜ਼ੀ ਦਾ ਇਮਤਿਹਾਨ ਔਖਾ ਕਰਨ ਦੇ ਕੇਂਦਰੀ ਸਰਕਾਰ ਦੇ ਫੈਸਲੇ ਨੂੰ ਹੁਲਾਰਾ ਦੇਂਦੇ ਹੋਏ ਬੁਧਵਾਰ ਨੂੰ ਸਿਟੀਜੈਂਸ਼ੀਪ ਮਿਨਿਸਟਰ ਐਲੇਨ ੱਟਜ ਕਿਹਾ ਕਿ ਇਸਨੂੰ ਲਾਗੂ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਮਿਸਟਰ ੱਟਜ ਨੇ ਕਿਹਾ ਕਿ ਆਸਟ੍ਰੇਲੀਆ ਦਾ ਬਹੁਸੱਭਿਆਚਾਰਿਕ ਢਾਂਚਾ ਖਤਰੇ ਵਿਚ ਪੈ ਜਾਵੇਗਾ ਜੇ ਉਨ੍ਹਾਂ ਨੀਤੀਆਂ ਵਿਚ ਤਬਦੀਲੀ ਨਾ ਕੀਤੀ ਗਈ ਜਿਹੜੀਆਂ ਆਸਟ੍ਰੇਲੀਆ ਵਿਚ ਅਲੱਗ ਅਲੱਗ ਭਾਈਚਾਰੇ ਦੇ ਲੋਕਾਂ ਦੀ ਮਿਲਣ ਵਰਤਣ ਘਟਾ ਰਹੀਆਂ ਨੇ। ਮਿਸਟਰ ੱਟਜ ਦਾ ਕਹਿਣਾ ਹੈ ਕਿ ਇਸ ਵਕ਼ਤ ਲਾਗੂ ਨੀਤੀਆਂ ਅੰਗਰੇਜ਼ੀ ਦਾ ਮਿਆਰ ਵਧਾਉਣ ਲਈ ਨਾਕਾਫ਼ੀ ਨੇ।
ਮਿਸਟਰ ੱਟਜ ਦਾ ਇਹ ਬਿਆਨ ਹੋਮ ਅਫੈਰਸ ਮਿਨਿਸਟਰ ਪੀਟਰ ਡਟਣ ਦੇ ਨੈਸ਼ਨਲ ਪ੍ਰੈਸ ਕਲੱਬ, ਕੈਨਬੇਰਾ ਵਿਚ ਦਿੱਤੇ ਗਏ ਭਾਸ਼ਣ ਤੋਂ ਬਾਅਦ ਆਇਆ ਜਿਸ ਵਿਚ ਮਿਸਟਰ ਡਟਣ ਨੇ ਇਸ ਗੱਲ ਤੇ ਤਰਜੀਹ ਦਿੱਤੀ ਸੀ ਕਿ ਸਰਕਾਰ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਿਲ ਕਰਨ ਲਈ ਅੰਗਰੇਜ਼ੀ ਭਾਸ਼ਾ ਵਿਚ ਮਹਾਰਤ ਨੂੰ ਜ਼ਰੂਰੀ ਮੰਨਦੀ ਹੈ।
ਪਿਛਲੇ ਸਾਲ ਅਕਤੂਬਰ ਵਿਚ ਪੇਸ਼ ਕੀਤੇ ਗਏ ਸਿਟੀਜ਼ਨਸ਼ਿਪ ਪ੍ਰਸਤਾਵ ਦੇ ਖਾਰਿਜ ਹੋਣ ਤੋਂ ਬਾਅਦ ਮਿਸਟਰ ਡਟਣ ਨੇ ਸੀਨੇਟ ਤੋਂ ਸਮਰਥਨ ਲੈਣ ਵਾਸਤੇ ਅੰਗਰੇਜ਼ੀ ਭਾਸ਼ਾ ਤੇ ਇਮਤਿਹਾਨ ਨੂੰ ਸੌਖਾ ਕਰਨ ਦਾ ਐਲਾਨ ਕੀਤਾ ਸੀ। ਇਸਨੂੰ ਪਾਸ ਕਰਨ ਵਾਸਤੇ ਹੁਣ ਬੈੰਡ 6 ਦੀ ਜਗਹ ਬੈੰਡ 5 ਆਉਣੇ ਕਾਫੀ ਨੇ।
ਸਰਕਾਰ ਵੱਲੋਂ ਪ੍ਰਸਤਾਵਿਤ ਨਾਗਰਿਕਤਾ ਕਾਨੂੰਨ ਵਿਚ ਤਬਦੀਲੀਆਂ ਵ੍ਹਾਈਟ ਆਸਟ੍ਰੇਲੀਆ ਪਾਲਿਸੀ ਹੀ ਹੈ: ਗੇਟ ਅਪ
ਗੇਟ ਅਪ ਨੇ ਬਿਆਨ ਦਿੱਤਾ ਹੈ ਕਿ ਸਰਕਾਰ ਵੱਲੋਂ ਨਾਗਰਿਕਤਾ ਕਾਨੂੰਨ ਬਦਲੇ ਜਾਣ ਦੀਆਂ ਕੋਸ਼ਿਸ਼ਾਂ ਹੋਰ ਕੁਝ ਨਹੀਂ ਬਲਕਿ ਵ੍ਹਾਈਟ ਆਸਟ੍ਰੇਲੀਆ ਪਾਲਿਸੀ 2.0 ਹੈ। ਇਸ ਇਦਾਰੇ ਨੇ ਪਿਛਲੇ ਸਾਲ ਪ੍ਰਸਤਾਵਿਤ ਤਬਦੀਲੀਆਂ ਦੀ ਖਿਲਾਫਤ ਕੀਤੀ ਸੀ ਤੇ ਹੁਣ ਮੁੜ੍ਹਕੇ ਕਰਨ ਦਾ ਐਲਾਨ ਕੀਤਾ ਹੈ।
ਗੇਟ ਅਪ ਦੇ ਹਿਊਮਨ ਰਾਈਟਸ ਡਾਇਰੇਕਟਰ ਸ਼ੇਨ ਨਾਰਾਯਾਨਸਾਮੀ ਨੇ ਕਿਹਾ: "ਗ਼ੈਰ-ਅੰਗਰੇਜ਼ੀ ਬੋਲੀ ਵਾਲੇ ਪ੍ਰਵਾਸੀਆਂ ਨੇ ਸਾਡੇ ਸਮਾਜ ਨੂੰ ਬਣਾਇਆ ਹੈ। ਯੂਨੀਵਰਸਿਟੀ ਦੇ ਮਿਆਰ ਦੀ ਅੰਗਰੇਜ਼ੀ ਵਿਚ ਮਹਾਰਤ ਹੋਣਾ ਨਾ ਕਦੀ ਇਸ ਮੁਲਕ ਵਿਚ ਅਹਮਿਯਤ ਦੀ ਨਿਸ਼ਾਨੀ ਸੀ ਤੇ ਨਾ ਹੀ ਹੋਣੀ ਚਾਹੀਦੀ ਹੈ। " ਉਹਨਾਂ ਨੇ ਇਹ ਵੀ ਕਿਹਾ ਕਿ ਹਜ਼ਾਰਾਂ ਲੋਕਾਂ ਨੇ ਸਾਂਸਦਾਂ ਨੂੰ ਅਰਜ਼ੀਆਂ ਪਾਈਆਂ ਨੇ ਕਿ ਇਨ੍ਹਾਂ ਪ੍ਰਸਤਾਵਾਂ ਨੂੰ ਕਾਨੂੰਨ ਨਾ ਬਣਨ ਦਿੱਤਾ ਜਾਵੇ।
ਸ਼ੈਡੋ ਮਿਨਿਸਟਰ ਫਾਰ ਸਿਟੀਜ਼ਨਸ਼ਿਪ ਐਂਡ ਮਲਟੀਕਲ੍ਚਰਲ ਆਸਟ੍ਰੇਲੀਆ ਟੋਨੀ ਬਰਕ ਨੇ ਕਿਹਾ ਕਿ ਅੰਗਰੇਜ਼ੀ ਭਾਸ਼ਾ ਦੀ ਜਾਣਕਾਰੀ ਆਮ ਬੋਲਚਾਲ ਲਾਇਕ ਹੋਣੀ ਕਾਫੀ ਹੈ। ਓਹਨਾ ਇਹ ਵੀ ਜਤਾਇਆ ਕਿ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਸ਼ਾਇਦ ਇਹ ਸੋਚਦੇ ਨੇ ਕਿ ਜਦ ਤਕ ਤੁਸੀਂ ਯੂਨੀਵਰਸਿਟੀ ਦੇ ਮਿਆਰ ਦੇ ਅੰਗਰੇਜ਼ੀ ਦੇ ਇਮਤਿਹਾਨ ਵਿਚ ਕਾਮਯਾਬ ਨਾ ਹੋ ਸਕੋ, ਤੁਸੀਂ ਆਸਟ੍ਰੇਲੀਆ ਨੂੰ ਆਪਣਾ ਘਰ ਨਹੀਂ ਸਮਝ ਸਕਦੇ।