ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਬੀਆਂ ਨੂੰ ਕੀਰਤਨ ਕਰਨ ਦਾ ਬਰਾਬਰ ਹੱਕ ਦੇਣ ਦੀ ਮੰਗ ਮੁੜ ਉੱਠੀ ਹੈ। ਇਸ ਵਾਰ ਇਹ ਮੰਗ ਪੰਜਾਬ ਅਸੈਂਬਲੀ ਦੇ ਵਿਸ਼ੇਸ਼ ਸੈਸ਼ਨ ਦੌਰਾਨ ਉਠਾਈ ਗਈ।
ਵੀਰਵਾਰ ਨੂੰ ਵਿਧਾਨ ਸਭਾ ਨੇ ਸ੍ਰੀ ਅਕਾਲ ਤਖਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੂੰ ਅਪੀਲ ਕੀਤੀ ਸੀ ਕਿ ਸਿੱਖ ਬੀਬੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦੀ ਸੇਵਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
ਇਸ ਵਿਸ਼ੇ ਤੇ ਮਤਾ ਪੇਸ਼ ਕਰਦਿਆਂ, ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ ਉਮਰ ਜਾਤੀ ਅਤੇ ਲਿੰਗ ਅਸਮਾਨਤਾ ਦੇ ਵਿਰੁੱਧ ਲੜਾਈ ਲੜੀ ਸੀ। ਅਤੇ ਇਸ ਕਰਕੇ ਔਰਤਾਂ ਪ੍ਰਤੀ ਇਹ ਵਿਤਕਰੇ ਉਨ੍ਹਾਂ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਖਤਮ ਹੋਣੇ ਚਾਹੀਦੇ ਹਨ।
ਔਰਤਾਂ ਨੂੰ ਪੰਜਾਬ ਦੇ ਕਈ ਗੁਰਦੁਆਰਿਆਂ ਵਿਚ ਕੀਰਤਨ ਕਰਨ ਦੀ ਆਗਿਆ ਹੈ ਪਰ ਹਰਿਮੰਦਰ ਸਾਹਿਬ ਵਿਖੇ ਹੁਣ ਤੱਕ ਕੇਵਲ ਆਦਮੀ ਹੀ ਕੀਰਤਨ ਕਰਦੇ ਹਨ।
ਜੇ ਇਜਾਜ਼ਤ ਦੇ ਦਿੱਤੀ ਗਈ 'ਤੇ ਭਾਰਤੀ, ਖ਼ਾਸ ਕਰਕੇ ਪੰਜਾਬੀ ਸਮਾਜ ਲਈ ਇਹ ਇੱਕ ਵੱਡਾ ਮੀਲਪੱਥਰ ਹੋਵੇਗਾ।
ਸਰਬ ਸੰਮਤੀ ਨਾਲ ਪਾਸ ਕੀਤੇ ਇਸ ਇਤਿਹਾਸਕ ਮਤੇ ਨੂੰ ਹੁਣ ਬੇਨਤੀ ਦੇ ਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਭੇਜਿਆ ਜਾਵੇਗਾ।
Share


