ਕੈਨੇਡਾ ਵਿੱਚ ਪਿਛਲੇ ਸਾਲ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ 16 ਮੌਤਾਂ ਹੋਈਆਂ ਸਨ ਜਿਨ੍ਹਾਂ ਵਿੱਚ ਇੱਕ ਜੂਨੀਅਰ ਹਾਕੀ ਟੀਮ ਦੇ ਖਿਡਾਰੀ ਸ਼ਾਮਿਲ ਸਨ। ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਇਸ ਹਾਦਸੇ ਦਾ ਮੁਜਰਿਮ ਕਰਾਰ ਦੇ ਕੇ ਉਸਨੂੰ ਅੱਠ ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ।
30 ਸਾਲ ਦੇ ਸਿੱਧੂ ਨੇ ਜਨਵਰੀ ਵਿੱਚ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਮੌਤਾਂ ਅਤੇ ਫੱਟੜ ਕਰਣ ਦੇ 29 ਦੋਸ਼ਾਂ ਨੂੰ ਕਬੂਲ ਕਰ ਲਿਆ ਸੀ।
ਇਹ ਹਾਦਸਾ ਪਿਛਲੇ ਸਾਲ 6 ਅਪ੍ਰੈਲ ਨੂੰ ਉਸ ਵੇਲੇ ਹੋਇਆ ਜਦੋ ਸਿੱਧੂ ਦਾ ਟਰੱਕ ਹਾਈਵੇ ਤੇ ਇੱਕ ਇੰਟਰਸੇਕਸ਼ਨ 'ਤੇ ਰੁਕਣ ਵਿੱਚ ਨਾਕਾਮ ਰਿਹਾ ਅਤੇ ਇੱਕ ਬੱਸ ਜਿਸ ਵਿੱਚ ਇੱਕ ਜੂਨੀਅਰ ਹਾਕੀ ਟੀਮ ਦੇ ਖਿਡਾਰੀ ਸਨ, ਵਿੱਚ ਜਾ ਵੱਜਿਆ। ਇਸ ਹਾਦਸੇ ਵਿੱਚ 13 ਲੋਕ ਫੱਟੜ ਵੀ ਹੋਏ ਸਨ।
ਸ਼ੁੱਕਰਵਾਰ ਨੂੰ ਅਦਾਲਤ ਵਿੱਚ ਸਿੱਧੂ ਨੂੰ ਸਜ਼ਾ ਸੁਣਾਉਣ ਵੇਲੇ ਜੱਜ ਇਨਜ਼ ਕਾਰਡੀਨਲ ਨੇ ਸਜ਼ਾ ਦਾ ਐਲਾਨ ਕੀਤਾ ਜਿਸ ਵਿੱਚ ਸਿੱਧੂ ਨੂੰ ਹਰੇਕ ਮੌਤ ਦੇ ਲਈ ਅੱਠ ਸਾਲ ਅਤੇ ਹਰੇਕ ਫੱਟੜ ਦੇ ਲਈ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਇਹ ਸਜ਼ਾ ਇਕੱਠੀ ਭੋਗੀ ਜਾਵੇਗੀ।
ਜੱਜ ਨੇ ਕਿਹਾ ਕਿ ਇਹ ਹਾਦਸਾ ਕੈਨੇਡਾ ਦੇ ਇਹਤਿਹਾਸ ਦਾ ਸਭ ਤੋਂ ਭਿਆਨਕ ਹਾਦਸਾ ਸੀ। ਪੁਲਿਸ ਦੇ ਰਿਪੋਰਟ ਮੁਤਾਬਕ, ਟਰੱਕ ਦੇ ਬੱਸ ਵਿੱਚ ਟਕਰਾਉਣ ਤੋਂ ਪਹਿਲਾਂ ਬ੍ਰੇਕ ਨਹੀਂ ਲਗਾਏ ਗਏ ਸਨ।
ਹਾਲਾਂਕਿ ਇੰਟਰਸੇਕਸ਼ਨ ਤੋਂ ਪਹਿਲਾਂ ਕਈ ਵੱਡੇ ਵੱਡੇ ਨਿਸ਼ਾਨ ਸਨ ਜੋ ਕਿ ਅੱਗੇ ਚੌਰਾਹੇ ਦੀ ਜਾਣਕਾਰੀ ਦਿੰਦੇ ਸਨ। ਪਰੰਤੂ ਅਦਾਲਤ ਵਿੱਚ ਦੱਸਿਆ ਗਿਆ ਕਿ ਸਿੱਧੂ ਉਹਨਾਂ ਨੂੰ ਦੇਖਣ ਵਿੱਚ ਨਾਕਾਮ ਰਿਹਾ ਕਿਉਂਕਿ ਉਸਦਾ ਧਿਆਨ ਟਰੱਕ ਤੇ ਪਈ ਤਿਰਪਾਲ 'ਤੇ ਸੀ ਜੋ ਕਿ ਲਗਾਤਾਰ ਖੜ -ਖੜ ਕਰ ਰਹੀ ਸੀ।
ਜੱਜ ਨੇ ਕਿਹਾ ਕਿ ਉਸਨੂੰ ਕੇਵਲ ਇਸ ਲਈ ਬੇਕਸੂਰ ਨਹੀਂ ਮੰਨਿਆ ਜਾ ਸਕਦਾ ਕਿ ਉਸਨੂੰ ਆਪਣੇ ਕੀਤੇ ਦੇ ਸੰਭਾਵਿਤ ਨਤੀਜੇ ਬਾਰੇ ਗਿਆਨ ਨਹੀਂ ਸੀ।
ਸਿੱਧੂ ਕੈਨੇਡਾ ਵਿੱਚ ਪੱਕਾ ਪਰਵਾਸੀ ਹੈ ਪਰੰਤੂ ਅਜੇ ਓਥੋਂ ਦੀ ਨਾਗਰਿਕਤਾ ਨਾ ਹੋਣ ਕਾਰਨ ਉਸਨੂੰ ਸਜ਼ਾ ਪੂਰੀ ਹੋਣ ਤੇ ਡਿਪੋਰਟ ਕੀਤਾ ਜਾ ਸਕਦਾ ਹੈ।