ਇੱਕ 36 ਸਾਲਾ ਭਾਰਤੀ ਵਿਅਕਤੀ ਦੀ ਸਾਊਥ ਆਸਟ੍ਰੇਲੀਆ ਦੇ ਵਿਗਲੀ ਫਲੈਟ ਵਿੱਚ ਸਟਰਟ ਹਾਈਵੇ ਤੇ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ।
ਅਮਿਤ ਕੁਮਾਰ ਬੋਨਸਰੀ ਦੇ ਪਿਤਾ ਵੀ ਦੁਰਘਟਨਾ ਸਮੇਂ ਉਸਦੇ ਨਾਲ ਸਨ ਅਤੇ ਉਹ ਹਾਦਸੇ ਵਿੱਚ ਗੰਭੀਰ ਜਖ਼ਮੀ ਹੋਏ ਹਨ। ਓਹਨਾ ਦਾ ਇਲਾਜ ਰਾਇਲ ਐਡੀਲੇਡ ਹਸਪਤਾਲ ਵਿੱਚ ਹੋ ਰਿਹਾ ਹੈ।
ਹਾਦਸਾ ਉਸ ਵੇਲੇ ਹੋਇਆ ਜਦੋਂ 30 ਅਪ੍ਰੈਲ ਨੂੰ ਅਮਿਤ ਐਡੀਲੇਡ ਤੋਂ ਕੁਝ ਸਮਾਨ ਮਿਲਡਯੂਰਾ ਛੱਡਣ ਜਾ ਰਿਹਾ ਸੀ ਅਤੇ ਉਸਦਾ ਟਰੱਕ ਸੜਕ ਤੇ ਇੱਕ ਹੋਰ ਟਰੱਕ ਨਾਲ ਟਾਕਰਾ ਗਿਆ।
ਅਮਿਤ ਦੇ ਜਾਨਣ ਵਾਲੇ ਸੁਰੇੰਦ੍ਰ ਸਿੰਘ ਚਾਹਲ ਨੇ ਦੱਸਿਆ:" ਕਿਉਂਕਿ ਸਫ਼ਰ ਕਾਫੀ ਲੰਬਾ ਸੀ, ਉਸਦੇ ਪਿਤਾਜੀ ਵੀ ਨਾਲ ਹੀ ਗਏ ਸਨ। ਤਿੰਨ ਦਿਨ ਪਹਿਲਾਂ ਉਹਨਾਂ ਦਾ 16 ਘੰਟੇ ਲੰਮਾ ਓਪਰੇਸ਼ਨ ਹੋਇਆ। ਉਹ ਹੁਣ ਵੀ ਗੰਭੀਰ ਹਾਲਤ ਵਿੱਚ ਹਨ। "

Source: Supplied
ਅਮਿਤ ਦੀ ਮੌਤ ਮਾਰਗੋਂ ਉਸਦੇ ਪਰਿਵਾਰ ਵਿੱਚ ਉਸਦੀ ਪਤਨੀ ਜਸਵਿੰਦਰ ਕੌਰ ਤੋਂ ਅਲਾਵਾ ਉਸਦਾ ਇੱਕ ਸਾਲ ਦਾ ਪੁੱਤਰ ਅਤੇ 15 ਸਾਲਾ ਧੀ ਬਚੇ ਹਨ।
ਮਿਲੀ ਜਾਣਕਾਰੀ ਮੁਤਾਬਿਕ, ਪਰਿਵਾਰ ਅਮਿਤ ਦੀ ਨੌਕਰੀ ਕਾਰਨ ਕੁਝ ਸਮੇ ਪਹਿਲਾਂ ਹੀ ਐਡੀਲੇਡ ਆ ਵਸਿਆ ਸੀ।
ਪਰਿਵਾਰਿਕ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੇ ਪਰਿਵਾਰ ਦੀ ਮਦਦ ਲਈ ਸੋਸ਼ਲ ਮੀਡਿਆ ਤੇ ਫੰਡਰੇਜ਼ਿੰਗ ਸ਼ੁਰੂ ਕੀਤੀ ਹੈ।
"ਭਾਈਚਾਰੇ ਦੇ ਤੌਰ ਤੇ ਇਥੇ ਹੁਣ ਸਦਾ ਫਰਜ ਬਣਦਾ ਹੈ। ਮੇਰੀ ਕਮਿਊਨਿਟੀ ਨੂੰ ਬੇਨਤੀ ਹੈ ਕਿ ਉਹ ਅਮਿਤ ਦੇ ਪਰਿਵਾਰ ਦੀ ਮਦਦ ਕਰਨ," ਸ਼੍ਰੀ ਚਾਹਲ ਨੇ ਕਿਹਾ।