ਸੋਸ਼ਲ ਮੀਡਿਆ ਐਪਸ ਜਿਵੇਂ ਕਿ ਵਹਟਸਅੱਪ ਅਤੇ ਫੇਸਬੁੱਕ ਮੈਸੈਂਜ਼ਰ ਨੂੰ ਐਂਡ-ਟੂ-ਐਂਡ ਏਨਕ੍ਰਿਪਸ਼ਨ ਨਾਲ ਸੁਰੱਖਿਅਤ ਕੀਤਾ ਜਾਂਦਾ ਹੈ, ਜਿਸਦਾ ਮਤਲਬ ਹੈ ਕੋਈ ਹੋਰ ਤੀਜੇ ਪੱਖ ਇਹ ਸਮੱਗਰੀ ਪੜ੍ਹ ਜਾਂ ਸੁਣ ਨਹੀਂ ਸਕਦੇ - ਪਰ ਹਾਲਾਤ ਹੁਣ ਬਦਲਣ ਵਾਲੇ ਹਨ।
ਆਸਟ੍ਰੇਲੀਆ ਦੇ ਨਵੇਂ ਸੁਰੱਖਿਆ ਕਾਨੂੰਨ ਤਹਿਤ ਸੁਰੱਖਿਆ ਏਜੰਸੀਆਂ ਫੇਸਬੁੱਕ ਅਤੇ ਵਹਟਸਅੱਪ ਸੁਨੇਹਿਆਂ ਸਣੇ ਹੋਰ ਐਨਕ੍ਰਿਪਟਡ ਸੁਨੇਹਿਆਂ 'ਤੇ ਵੀ ਨਜ਼ਰ ਰੱਖ ਸਕਣਗੀਆਂ।
ਦੱਸਣਯੋਗ ਹੈ ਕਿ ਕਾਨੂੰਨ ਓਦੋਂ ਹੋਂਦ ਵਿਚ ਆਇਆ ਜਦ ਲੇਬਰ ਨੇ ਸੰਸਦੀ ਕਾਰਵਾਈ ਦੇ ਆਖਰੀ ਮਿੰਟਾਂ ਵਿੱਚ ਵਿਵਾਦਗ੍ਰਸਤ ਬਿੱਲ ਪਾਸ ਕਰਨ ਲਈ ਮੋਰੀਸਨ ਸਰਕਾਰ ਦੀ ਹਮਾਇਤ ਕਰ ਦਿੱਤੀ।
ਲੇਬਰ ਪਾਰਟੀ ਵਿਵਾਦਿਤ ਤੇ ਸੰਭਾਵਿਤ ਸੋਧਾਂ ਨੂੰ ਛੱਡਣ ਲਈ ਸਹਿਮਤ ਹੋ ਗਈ ਜਦੋਂ ਗਠਜੋੜ ਸਰਕਾਰ ਨੇ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਰਾਸ਼ਟਰੀ ਸੁਰੱਖਿਆ ਦੇ ਚਲਦਿਆਂ ਅੱਤਵਾਦੀ ਧਮਕੀਆਂ 'ਤੇ ਚਿੰਤਾ ਜ਼ਾਹਿਰ ਕੀਤੀ।
ਪਰ ਵਿਰੋਧੀ ਧਿਰ ਨੇ ਫਰਵਰੀ 2019 'ਚ ਜਦੋਂ ਸੰਸਦ ਮੁੜ ਸ਼ੁਰੂ ਹੋਵੇਗੀ ਤਾਂ ਇਹ ਕਾਨੂੰਨ ਮੁੜ ਵਿਚਾਰੇ ਜਾਣ ਦੀ ਸ਼ਰਤ ਉੱਤੇ ਹੀ ਹਮਾਇਤ ਦਿੱਤੀ ਹੈ।
ਲਗਭਗ 200 ਪੰਨਿਆਂ ਦੇ ਇਸ ਬਿੱਲ ਨੂੰ ਭਾਰੀ ਆਲੋਚਨਾ ਦਾ ਸਾਮਣਾ ਕਰਨਾ ਪਿਆ ਹੈ - ਸਭ ਤੋਂ ਵੱਡਾ ਮੁੱਦਾ ਜਾਸੂਸੀ ਦੀਆਂ ਸ਼ਕਤੀਆਂ ਨੂੰ ਕੇਵਲ 'ਗੰਭੀਰ ਅਪਰਾਧਾਂ' ਤੱਕ ਹੀ ਸੀਮਿਤ ਕਰਨਾ ਸੀ ਜਿਵੇਂ ਕਿ ਅੱਤਵਾਦ ਨੂੰ ਰੋਕਣਾ ਅਤੇ ਆਸਟਰੇਲੀਆ ਵਿੱਚ ਸੰਗਠਿਤ ਅਪਰਾਧ ਨਾਲ ਨਜਿੱਠਣਾ।
ਸ਼ੈਡੋ ਅਟਾਰਨੀ-ਜਨਰਲ ਮਾਰਕ ਡਰਾਇਫਸ ਨੇ ਬਦਲਾਅ ਲਿਆਉਣ ਦੀ ਗੱਲ ਆਖੀ ਜਿਸ ਤਹਿਤ ਸਿਰਫ ਗੰਭੀਰ ਅਪਰਾਧਾਂ ਲਈ ਇਸ ਬਿੱਲ ਵਿਚ ਸ਼ਕਤੀਆਂ ਦੀ ਵਰਤੋਂ ਨੂੰ ਸੀਮਿਤ ਕਰਨਾ ਸ਼ਾਮਲ ਹੈ।
ਪ੍ਰਸਤਾਵਿਤ ਤਾਕਤਾਂ ਦੇ ਤਹਿਤ, ਕੰਪਨੀਆਂ ਨੂੰ ਸ਼ੱਕੀ ਵਿਅਕਤੀਆਂ ਦੇ ਡਾਟਾ ਤੱਕ ਪਹੁੰਚ ਬਣਾਉਣੀ ਸ਼ਾਮਿਲ ਹੈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜੁਰਮਾਨੇ ਦੀ ਗੱਲ ਵੀ ਆਖੀ ਗਈ।
ਇਸ ਤਹਿਤ ਪੁਲਿਸ ਨੂੰ ਕੰਪਨੀ ਨੂੰ 'ਸਵੈ-ਇੱਛਾ ਨਾਲ' ਇੱਕ ਪ੍ਰੋਗਰਾਮ ਬਣਾਉਣ ਵਿੱਚ ਮਦਦ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ ਤਾਂ ਕਿ ਉਹ ਸ਼ੱਕੀ ਲੋਕਾਂ ਦੀ ਜਾਸੂਸੀ ਕਰ ਸਕਣ।
ਕੁਝ ਤਕਨੀਕੀ ਕੰਪਨੀਆਂ ਨੇ ਇਸ ਕਾਨੂੰਨ ਨਾਲ਼ ਅਸਹਿਮਤੀ ਪ੍ਰਗਟਾਉਂਦਿਆਂ ਆਸਟ੍ਰੇਲੀਆ ਵਿੱਚ ਆਪਣਾ ਕੰਮ-ਕਾਜ ਠੱਪ ਕਰਨ ਦੀ ਗੱਲ ਆਖੀ ਹੈ।
ਆਸਟ੍ਰੇਲੀਆ ਵਿੱਚ ਤਕਨੀਕੀ ਕੰਪਨੀਆਂ ਦੀ ਨੁਮਾਇੰਦਗੀ ਕਰਨ ਵਾਲਾ ਇੱਕ ਸਮੂਹ - ਜੋ ਟੇਲਸਟਰਾ, ਗੂਗਲ ਅਤੇ ਐਪਲ ਨੂੰ ਵੀ ਨੁਮਾਇੰਦਗੀ ਦਿੰਦਾ ਹੈ - ਦਾ ਆਖਣਾ ਹੈ ਕਿ ਇਹ ਕਾਨੂੰਨ ਉਨ੍ਹਾਂ ਦੇ ਕਰਮਚਾਰੀਆਂ ਨੂੰ ਇੱਕ ਮੁਸ਼ਕਿਲ ਸਥਿਤੀ ਵਿੱਚ ਪਾ ਸਕਦਾ ਹੈ।
