ਗ੍ਰਹਿ ਮਾਮਲਿਆਂ ਦੇ ਮੰਤਰੀ ਪੀਟਰ ਡਟਨ ਵਲੋਂ ਦਿੱਤੇ ਗਏ ਸੁਝਾਵਾਂ ਅਨੁਸਾਰ ਸਕੂਲੀ ਸਿਖਿਆਰਥੀਆਂ ਨੂੰ ਆਸਟ੍ਰੇਲੀਆ ਪ੍ਰਤੀ ਆਪਣੀ ਵਫਾਦਾਰੀ ਦਰਸਾਉਣ ਲਈ ਇੱਕ ਸਹੁੰ ਚੁੱਕਣ ਲਈ ਕਿਹਾ ਜਾ ਸਕਦਾ ਹੈ।
ਨਵੇਂ ਬਣਾਏ ਗਏ ਇਸ ਵੱਡੇ ਮੰਤਰਾਲੇ, ਜਿਸ ਵਿੱਚ ਪ੍ਰਵਾਸ ਅਤੇ ਨੈਸ਼ਨਲ ਸਿਕਿਓਰਿਟੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਦੇ ਇਸ ਮੰਤਰੀ ਨੇ ਕਿਹਾ ਹੈ ਕਿ ਉਹ ਰਾਜ ਵਿਚਲੇ ਸਕੂਲੀ ਵਿਭਾਗਾਂ ਨਾਲ ਮਿਲ ਕੇ ਆਸਟ੍ਰੇਲੀਆ ਦੀਆਂ ਕਦਰਾਂ ਕੀਮਤਾਂ ਬਾਬਤ ਪਾਠਕ੍ਰਮ ਨਵਿਆਉਣਾ ਚਾਹੁੰਦੇ ਹਨ।
ਉਹਨਾਂ ਕਿਹਾ ਕਿ, ਨਵੇਂ ਆਸਟ੍ਰਲੀਅਨ ਨਾਗਰਿਕ ਇੱਕ ਵਫਾਦਾਰੀ ਵਾਲੀ ਸਹੁੰ ਚੁੱਕਦੇ ਹਨ, ਜਿਸ ਨੂੰ ਪ੍ਰਧਾਨ ਮੰਤਰੀ ਵਲੋਂ ਵੀ ਆਸਟ੍ਰੇਲੀਆ ਡੇਅ ਵਾਲੇ ਦਿੰਨ ਪੜਿਆ ਜਾਂਦਾ ਹੈ। ਇਸ ਵਿੱਚ ਕਿਹਾ ਹੁੰਦਾ ਹੈ ਕਿ ‘ਮੈਂ ਆਪਣੀ ਵਫਾਦਾਰੀ ਆਸਟ੍ਰੇਲੀਆ ਅਤੇ ਇਸ ਦੇ ਨਾਗਰਿਕਾਂ ਲਈ ਵਚਨਬੱਧ ਕਰਦਾ ਹਾਂ…… ਇਸ ਦੇ ਕਾਨੂੰਨਾਂ ਦੀ ਮੈਂ ਪਾਲਣਾਂ ਕਰਾਂਗਾ’ ਆਦਿ।
ਸ਼੍ਰੀ ਡਟਨ ਨੇ ਕਿਹਾ ਕਿ ਉਹਨਾਂ ਦਾ ਵਿਭਾਗ ਆਸਟ੍ਰੇਲੀਆ ਦੇ ਸਕੂਲਾਂ ਨਾਲ ਮਿਲ ਕੇ ਇਸ ਬਾਬਤ ਕੰਮ ਕਰਨ ਲਈ ਤਿਆਰ ਹੈ।
ਇਸ ਦੇ ਨਾਲ ਹੀ ਟਰਨਬੁੱਲ ਸਰਕਾਰ ਮੁੜ ਤੋਂ ਆਸਟ੍ਰੇਲੀਆ ਦੀ ਨਾਗਰਿਕਤਾ ਬਾਬਤ ਲਏ ਜਾਣ ਵਾਲੇ ਇਮਤਿਹਾਨ ਨੂੰ ਸੁਧਾਰ ਕੇ ਪੇਸ਼ ਕਰਨ ਲਈ ਪੱਬਾਂ ਭਾਰ ਹੋਈ ਪਈ ਹੈ, ਜਿਸ ਨੂੰ ਪਹਿਲਾਂ ਲੇਬਰ ਅਤੇ ਕਰਾਸ-ਬੈਂਚ ਨੇ ਸੇਨੇਟ ਵਿੱਚ ਅਸਫਲ ਬਣਾ ਦਿੱਤਾ ਸੀ।
ਇਹਨਾਂ ਬਦਲਾਵਾਂ ਵਿੱਚ ਪ੍ਰਮੱਖ ਤੋਰ ਤੇ, ਅੰਗਰੇਜੀ ਵਾਲੇ ਇਮਤਿਹਾਨ ਨੂੰ ਹੋਰ ਵੀ ਸਖਤ ਕੀਤਾ ਜਾਣਾ ਹੈ।
ਇਸ ਤੋਂ ਅਲਾਵਾ, ਸ਼੍ਰੀ ਡਟਨ ਇੱਕ ਹੋਰ ਟੈਸਟ ਦੇ ਹੱਕ ਵਿੱਚ ਵੀ ਹਨ ਜਿਸ ਨਾਲ ਆਸਟ੍ਰੇਲੀਆ ਦੀਆਂ ਕਦਰਾਂ ਕੀਮਤਾਂ, ਜਿਵੇਂ ਕਿ ਘਰੇਲੂ ਹਿੰਸਾ ਨੂੰ ਰੋਕਣਾ, ਧਾਰਮਿਕ ਕੱਟੜਪੰਥੀ ਦੀ ਰੋਕਥਾਮ ਅਤੇ ਔਰਤਾਂ ਪ੍ਰਤੀ ਸਤਿਕਾਂਰ ਨੂੰ ਬਹਾਲ ਕਰਨਾਂ ਆਦਿ, ਹੋਰ ਵੀ ਜਿਆਦਾ ਪ੍ਰਪੱਕ ਹੋ ਸਕਣਗੀਆਂ।
ਅੰਗਰੇਜੀ ਵਾਲੇ ਇਮਤਿਹਾਨ, ਜਿਸ ਦਾ ਲੇਬਰ ਅਤੇ ਹੋਰਨਾਂ ਨੇ ਸੇਨੇਟ ਵਿੱਚ ਭਰਪੂਰ ਵਿਰੋਧ ਕੀਤਾ ਸੀ, ਨੂੰ ਹੁਣ ਸ਼੍ਰੀ ਡਟਨ ਕੁੱਝ ਸੁਖਾਲਾ ਕਰਨ ਦੇ ਹੱਕ ਵਿੱਚ ਹਨ, ਯਾਨਿ ਕਿ ਇਹ ਅੰਤਰ-ਰਾਸ਼ਟਰੀ ਲੈਵਲ 6 ਤੌਂ ਘਟਾ ਕੇ 5 ਕਰ ਦਿੱਤਾ ਜਾਵੇਗਾ।
ਸ਼੍ਰੀ ਡਟਨ ਨੇ ਕਿਹਾ ਕਿ ਸਰਕਾਰ ਇਹਨਾਂ ਤੋਂ ਅਲਾਵਾ ਇੰਟਰਨੈਟ ਸਿਕਿਓਰਿਟੀ, ਅਤੇ ਵਿੱਤੀ ਕਮਜੋਰੀਆਂ ਨੂੰ ਵੀ ਦੂਰ ਕਰਨ ਲਈ ਵੀ ਉਪਰਾਲੇ ਕਰ ਸਕਦੀ ਹੈ।
ਅਤੇ ਨਾਲ ਹੀ ਹਵਾਈ ਅੱਡਿਆਂ ਉੱਤੇ ਕੀਤੀ ਜਾਣ ਵਾਲੀ ਜਾਂਚ ਵਿੱਚ ਬਾਇਉਮੀਟਰਿਕ ਜਾਂਚ ਨੂੰ ਹੋਰ ਵੀ ਵਧੇਰੇ ਅਸਰਦਾਰ ਬਣਾਇਆ ਜਾਵੇਗਾ।