ਐਡੀਲੇਡ ਸ਼ਹਿਰ ਤੋਂ 400 ਕਿਲੋਮੀਟਰ ਦੂਰ ਪੋਰਟ ਅਗਸਟਾ ਇਲਾਕੇ ਵਿੱਚ 8 ਮਾਰਚ ਨੂੰ ਇੱਕ ਡੂੰਘੀ ਕਬਰ ਵਿਚੋਂ ਇੱਕ ਨੌਜਵਾਨ ਔਰਤ ਦੀ ਲਾਸ਼ ਮਿਲਣ ਪਿੱਛੋਂ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਸ ਸਿਲਸਿਲੇ ਵਿੱਚ ਪੁਲਿਸ ਵੱਲੋਂ ਇੱਕ 20-ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰਨ ਪਿੱਛੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਭਾਰਤੀ ਮੂਲ ਦਾ ਹੈ ਅਤੇ ਇਹ ਮ੍ਰਿਤਕ ਦੀ ਜਾਣ-ਪਹਿਚਾਣ ਵਿੱਚੋਂ ਸੀ।
ਪੁਲਿਸ ਵੱਲੋਂ ਇਸ ਦੌਰਾਨ ਲੋਕਾਂ ਨੂੰ ਜੈਸਮਿਨ ਕੌਰ ਨਾਲ ਸਬੰਧਤ ਕੁਝ ਚੀਜ਼ਾਂ ਅਤੇ ਜਾਣਕਾਰੀ ਹਾਸਿਲ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਹੈ।
ਜੈਸਮਿਨ ਨੂੰ ਆਖਰੀ ਵਾਰ 5 ਮਾਰਚ ਦੀ ਰਾਤ 10 ਵਜੇ ਆਪਣੀ ਕੰਮ ਵਾਲ਼ੀ ਥਾਂ, ਐਡੀਲੇਡ ਦੇ ਸਦਰਨ ਕਰਾਸ ਹੋਮਜ਼, ਪਲਪਿੰਟਨ ਨਾਰਥ ਵਿਖੇ ਵੇਖਿਆ ਗਿਆ ਸੀ।

Police located Ms Kaur's green Camry (L) parked at her workplace at Southern Cross Homes in Plympton North. Source: SA Police
ਅਗਲੀ ਸਵੇਰ ਉਸ ਦੇ ਪਰਿਵਾਰ ਦੁਆਰਾ ਉਸ ਦੇ ਲਾਪਤਾ ਹੋਣ ਦੀ ਖ਼ਬਰ ਪੁਲਿਸ ਨੂੰ ਦਿੱਤੀ ਗਈ ਸੀ ਜਿਸ ਪਿੱਛੋਂ ਇੱਕ 20-ਸਾਲਾ ਨੌਜਵਾਨ ਦੀ ਨਿਸ਼ਾਨਦੇਹੀ ਉੱਤੇ ਉਸਦੀ ਲਾਸ਼ ਇੱਕ ਬੀਆਬਾਨ ਇਲਾਕੇ ਵਿੱਚੋਂ ਇੱਕ ਕਬਰ ਵਿੱਚੋਂ ਬਰਾਮਦ ਕੀਤੀ ਗਈ ਸੀ।
ਪੁਲਿਸ ਦੇ ਦੱਸਣ ਮੁਤਾਬਿਕ ਇਸ ਨੌਜਵਾਨ ਨੇ ਕਤਲ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
11 ਮਾਰਚ ਨੂੰ ਮੀਡਿਆ ਨਾਲ ਗੱਲਬਾਤ ਕਰਦਿਆਂ ਪੁਲਿਸ ਨੇ ਉਨ੍ਹਾਂ ਹਾਲਤਾਂ ਬਾਰੇ ਵਧੇਰੇ ਵੇਰਵੇ ਸਾਂਝੇ ਕੀਤੇ ਹਨ ਜੋ ਉਸਦੀ ਮੌਤ ਨਾਲ਼ ਸਬੰਧਿਤ ਹੋ ਸਕਦੇ ਹਨ।

Source: SA Police
“ਸਾਡਾ ਮੰਨਣਾ ਹੈ ਕਿ ਇਸ ਗੱਲ ਦੀ ਬਹੁਤੀ ਸੰਭਾਵਨਾ ਨਹੀਂ ਕਿ ਜਸਮੀਨ ਆਪਣੀ ਮਰਜ਼ੀ ਨਾਲ ਕਿਸੇ ਨਾਲ ਚਲੀ ਗਈ ਹੋਵੇ ਅਤੇ ਅਸੀਂ ਜਾਂਚ ਕਰ ਰਹੇ ਹਾਂ ਕਿ ਉਸ ਨੂੰ ਜ਼ਬਰਦਸਤੀ ਲਿਜਾਇਆ ਗਿਆ,” ਪੁਲਿਸ ਬੁਲਾਰੇ ਨੇ ਵੀਰਵਾਰ ਨੂੰ ਇੱਕ ਮੀਡੀਆ ਕਾਨਫਰੰਸ ਦੌਰਾਨ ਕਿਹਾ।
ਉਨ੍ਹਾਂ ਕਿਹਾ ਕਿ ਜਾਂਚਕਰਤਾ ਜਾਣਦੇ ਹਨ ਕਿ ਉਸਦੀ ਮੌਤ ਕਿਵੇਂ ਹੋਈ ਤੇ ਇਸ ਮੌਤ ਪਿੱਛਲਾ ਕੀ ਕਾਰਣ ਰਿਹਾ ਪਰ ਉਹ ਇਸ ਬਾਰੇ ਹੋਰ ਜਾਣਕਾਰੀ ਦੇਣ ਤੋਂ ਅਸਮਰਥ ਹਨ।
2018 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਈ ਜੈਸਮਿਨ ਕੌਰ ਪੰਜਾਬ ਦੇ ਸੰਗਰੂਰ ਜਿਲ੍ਹੇ ਵਿਚਲੇ ਇੱਕ ਪਿੰਡ ਦੀ ਰਹਿਣ ਵਾਲ਼ੀ ਸੀ।

Police were seen excavating crime scene in the Flinders Ranges, north of Hawker, on Monday, 8 March Source: SA Police
ਮ੍ਰਿਤਕ ਦੇ ਐਡੀਲੇਡ ਰਹਿੰਦੇ ਪਰਿਵਾਰ ਦੇ ਨੁਮਾਇੰਦੇ ਮਨਿੰਦਰ ਸਿੰਘ ਖਰੌੜ ਨੇ ਕਿਹਾ ਕਿ ਪਰਿਵਾਰ ਅਜੇ ਵੀ ‘ਸਦਮੇ' ਵਿੱਚ ਹੈ।
“ਉਹ ਇੱਕ ਨੇਕਦਿਲ ਅਤੇ ਮਿਹਨਤੀ ਕੁੜੀ ਸੀ, ਜੋ ਇੱਕ ਸੋਹਣੇ ਭਵਿੱਖ ਲਈ ਆਸਟ੍ਰੇਲੀਆ ਆਈ ਸੀ ਪਰ ਕਿਸਮਤ ਨੂੰ ਕੁਝ ਹੋਰ ਮੰਜੂਰ ਸੀ।
ਸ੍ਰੀ ਖਰੌੜ ਨੇ ਭਾਈਚਾਰੇ ਦੁਆਰਾ ਸਾਂਝੀ ਕੀਤੀ ਹਮਦਰਦੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
“ਸਾਡੇ ਪਰਿਵਾਰ ਲਈ ਇਹ ਬਹੁਤ ਮੁਸ਼ਕਲ ਅਤੇ ਦੁਖਦਾਈ ਸਮਾਂ ਰਿਹਾ ਹੈ। ਅਸੀਂ ਸਥਾਨਕ ਭਾਈਚਾਰੇ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਇਸ ਵੇਲ਼ੇ ਭਾਵਨਾਤਮਕ ਤੌਰ ਉੱਤੇ ਸਾਡੇ ਨਾਲ਼ ਦੁੱਖ ਸਾਂਝਾ ਕਰ ਰਹੇ ਹਨ,” ਉਨ੍ਹਾਂ ਐਸ ਬੀ ਐਸ ਪੰਜਾਬੀ ਨੂੰ ਦੱਸਿਆ।
“ਅਸੀਂ ਧੰਨਵਾਦੀ ਹੋਵਾਂਗੇ ਜੇ ਕੋਈ ਪੁਲਿਸ ਅਤੇ ਨਿਆਂਪਾਲਿਕਾ ਨੂੰ ਤਰਕਪੂਰਨ ਸਿੱਟੇ ਤੇ ਪਹੁੰਚਣ ਲਈ ਕੋਈ ਸਬੂਤ ਲੱਭਣ ਵਿੱਚ ਸਹਾਇਤਾ ਕਰ ਸਕਦਾ ਹੋਵੇ। ਸਾਨੂੰ ਇਥੋਂ ਦੇ ਸਿਸਟਮ ਉੱਤੇ ਪੂਰਾ ਭਰੋਸਾ ਹੈ ਤੇ ਇਨਸਾਫ ਮਿਲਣ ਦੀ ਪੂਰਨ ਉਮੀਦ ਹੈ।"
ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ਼ ਕੋਈ ਜਾਣਕਾਰੀ ਹੈ ਜੋ ਦੱਖਣੀ ਆਸਟ੍ਰੇਲੀਆ ਪੁਲਿਸ ਦੁਆਰਾ ਦਿੱਤੇ ਵੇਰਵੇ ਨਾਲ਼ ਮੇਚ ਖਾਂਦੀ ਹੈ ਜਾਂ ਉਸ ਸੜਕ ਰੂਟ ਉੱਤੇ ਗਈ ਕਾਰ ਦੀ ਵੀਡੀਓ ਫੁਟੇਜ ਹੈ ਤਾਂ 1800 333 000 ਉੱਤੇ ਕ੍ਰਾਈਮ ਸਟਾਪਰ ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।

Ms Kaur came to Australia on a student visa from Punjab, India in 2018. Source: Photo Supplied by Mr Kharoud
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ