ਮੈਲਬਰਨ ਦੇ ਇੱਕ ਸਿੱਖ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਹਨਾਂ ਦੇ ਚਾਰ ਸਾਲ ਦੇ ਬੱਚੇ ਨੂੰ ਇੱਕ ਈਸਾਈ ਸਕੂਲ ਵੱਲੋਂ ਦਸਤਾਰ ਕਾਰਨ ਦਾਖਿਲ ਦੇਣ ਤੋਂ ਇਨਕਾਰ ਕੀਤਾ ਗਿਆ ਹੈ।
ਗੁਰਦੀਪ ਗਿਰਨ ਜੋ ਕਿ ਮੈਲਬਰਨ ਦੇ ਪੱਛਮੀ ਇਲਾਕੇ ਵਿੱਚ ਇਕ ਗੁਰਦੁਆਰੇ ਦੀ ਕੇਮਟੀ ਦੇ ਮੇਮ੍ਬਰ ਵੀ ਹਨ, ਨੇ ਵਿਕਟੋਰੀਆ ਦੇ ਇਕੁਅਲ ਓਪੋਰਚੁਨਿਟੀ ਅਤੇ ਹਿਊਮਨ ਰਾਈਟ ਕਮਿਸ਼ਨ ਨੂੰ ਦੱਸਿਆ ਹੈ ਕਿ ਵਿੰਢਮ ਕਰਿਸਚਨ ਕਾਲਜ ਨੇ ਉਸਦੇ ਪੁੱਤਰ ਗੁਰਵੀਰ ਨੂੰ ਉਸਦੇ ਪਟਕਾ ਪਾਉਣ ਕਾਰਨ ਦਾਖਿਲ ਨਾ ਦੇਕੇ ਵਿਤਕਰਾ ਕੀਤਾ ਹੈ।
ਵਿੰਢਮ ਕਰਿਸਚਨ ਕਾਲਜ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਹੈ।
ਇਹ ਸਕੂਲ ਮੈਲਬਰਨ ਦੇ ਪੱਛਮੀ ਇਲਾਕੇ ਵਿੰਢਮ ਵਿੱਚ ਨਵਾਂ ਖੁੱਲ ਰਿਹਾ ਹੈ ਅਤੇ ਆਉਣ ਵਾਲੇ ਸਾਲਾਂ ਲਈ ਬੱਚਿਆਂ ਦਾ ਦਾਖਿਲ ਕਰ ਰਿਹਾ ਹੈ। ਗੁਰਦੀਪ ਆਪਣੇ ਪੁੱਤਰ ਗੁਰਵੀਰ ਦਾ ਦਾਖਿਲ ਸਾਲ 2020 ਲਈ ਕਰਵਾਉਣਾ ਚਾਹੁੰਦੇ ਸਨ ਅਤੇ ਇਸਦੇ ਲਈ ਉਹਨਾਂ ਨੇ ਆਪਣੀ ਪਤਨੀ ਦੇ ਨਾਲ ਸਕੂਲ ਦੀ ਇੱਕ ਇੰਟਰਵਿਊ ਵੀ ਦਿੱਤੀ।
"ਇੰਟਰਵਿਊ ਦੌਰਾਨ ਸਾਨੂੰ ਪੁੱਛਿਆ ਗਿਆ ਕਿ ਅਸੀਂ ਆਪਣੇ ਪੁੱਤਰ ਨੂੰ ਕਿੰਨੀ ਵਾਰ ਮੰਦਿਰ-ਗੁਰਦੁਆਰੇ ਲਿਜਾਣੇ ਆ, ਤੇ ਜੇਕਰ ਗੁਰਵੀਰ ਈਸਾਈ ਧਰਮ ਕਬੂਲ ਕਰ ਲਵੇ ਤਾਂ ਸਾਨੂੰ ਕਿਵੇਂ ਮਹਿਸੂਸ ਹੋਵੇਗਾ," ਸ਼੍ਰੀ ਗਿਰਨ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ।
ਇੰਟਰਵਿਊ ਦੇ ਕੁਝ ਦਿਨ ਮਗਰੋਂ ਉਹਨਾਂ ਨੂੰ ਸਕੂਲ ਵੱਲੋ ਸੂਚਿਤ ਕੀਤਾ ਗਿਆ ਕਿ ਦਾਖਿਲ ਲਈ ਉਹਨਾਂ ਦੀ ਅਰਜ਼ੀ ਨਾਕਾਮ ਰਹੀ ਹੈ। ਕਾਰਨ ਪੁੱਛਣ ਤੇ ਦੱਸਿਆ ਗਿਆ ਕਿ ਸਕੂਲ ਵਿੱਚ ਦਾਖਿਲ ਲਈ ਸੀਟਾਂ ਸੀਮਿਤ ਹਨ ਜਦਕਿ ਮੰਗ ਬਹੁਤ ਜ਼ਿਆਦਾ ਹੈ।

Wyndham Christian College site in Wyndham Vale. Source: SBS Punjabi
ਪਰੰਤੂ ਸ਼੍ਰੀ ਗਿਰਨ ਦਾ ਦੋਸ਼ ਹੈ ਕਿ ਦਾਖਿਲ ਨਾ ਦੇਣ ਪਿਛੇ ਅਸਲ ਕਾਰਨ ਗੁਵੀਰ ਦਾ ਦਸਤਾਰ ਪਾਉਣਾ ਹੈ।
"ਇੰਟਰਵਿਊ ਦੌਰਾਨ ਪੁਛੇ ਸਵਾਲਾਂ ਤੋਂ ਹੀ ਸਾਨੂੰ ਇੰਝ ਮਹਿਸੂਸ ਹੋਇਆ ਕਿ ਉਹ ਗੁਰਵੀਰ ਨੂੰ ਉਸਦੇ ਪਟਕੇ ਕਾਰਨ ਦਾਖਿਲ ਨਹੀਂ ਦੇਣਾ ਚਾਹੁੰਦੇ," ਉਹ ਕਹਿੰਦੇ ਹਨ।
"ਮੇਰੇ ਕੁਝ ਦੋਸਤ ਜੋ ਕਿ ਗੈਰ ਈਸਾਈ ਹਨ ਅਤੇ ਉਹਨਾਂ ਮੇਰੇ ਤੋਂ ਬਾਅਦ ਸਕੂਲ ਵਿੱਚ ਇੰਟਰਵਿਊ ਦਿੱਤਾ, ਪਰ ਉਹਨਾਂ ਦੇ ਬੱਚਿਆਂ ਨੂੰ ਦਾਖਿਲ ਦੇ ਦਿੱਤਾ ਗਿਆ ਹੈ ਕਿਓਂਕਿ ਉਹ ਦਸਤਾਰ ਨਹੀਂ ਪਾਉਂਦੇ। "
ਵਿੰਢਮ ਕਰਿਸਚਨ ਕਾਲਜ ਨੇ ਨਸਲੀ ਵਿਤਕਰਾ ਕਰਨ ਦੇ ਦੋਸ਼ਾਂ ਨੂੰ ਖਾਰਿਜ ਕੀਤਾ ਹੈ ਪਰੰਤੂ ਸ਼੍ਰੀ ਗਿਰਨ ਦੇ ਮਾਮਲੇ ਤੇ ਇਹ ਕਹਿੰਦਿਆਂ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ ਕਿ ਸਕੂਲ ਨੂੰ ਕਮਿਸ਼ਨ ਦਾ ਕੋਈ ਨੋਟਿਸ ਪ੍ਰਾਪਤ ਨਹੀਂ ਹੋਇਆ।
"ਹੁਣ ਤੱਕ, ਕਾਲਜ ਨੂੰ 150 ਸੀਟਾਂ ਦੇ ਲਈ 400 ਅਰਜ਼ੀਆਂ ਮਿਲ ਚੁੱਕਿਆ ਹਨ। ਸਕੂਲ ਨੇ ਵੱਖ ਵੱਖ ਧਰਮਾਂ ਦੇ ਪਰਿਵਾਰਾਂ ਨੂੰ ਦਾਖਿਲ ਦੀ ਪੇਸ਼ਕਸ਼ ਵੀ ਕੀਤੀ ਹੈ ਜਿਨ੍ਹਾਂ ਵਿੱਚ ਹਿੰਦੂ, ਸਿੱਖ, ਈਸਾਈ ਅਤੇ ਕਿਸੇ ਧਰਮ ਨੂੰ ਨਾ ਮੰਨਣ ਵਾਲੇ ਸ਼ਾਮਿਲ ਹਨ," ਕਾਲਜ ਦੇ ਚੇਅਰਮੈਨ ਡੈਨ ਪਾਰਕਰ ਨੇ ਕਿਹਾ।
"ਕਾਲਜ ਅਜਿਹੇ ਪਰਿਵਾਰਾਂ ਦਾ ਸਮਰਥਨ ਕਰਦਾ ਹੈ ਜੋ ਕਿ ਸਕੂਲ ਦੀ ਈਸਾਈ ਪਛਾਣ ਅਤੇ ਕਦਰਾਂ ਦੇ ਹਿਮਾਇਤੀ ਹਨ ਅਤੇ ਆਪਣੇ ਬੱਚਿਆਂ ਲਈ ਕਰਿਸਚਨ ਸਿੱਖਿਆ ਚਾਹੁੰਦੇ ਹਨ।"
ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਮਾਮਲੇ ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਗੁਰਵੀਰ ਸਕੂਲ ਵੱਲੋਂ ਨਿਰਧਾਰਿਤ ਰੰਗ ਦਾ ਪਟਕਾ ਪਾਉਣ ਲਈ ਰਾਜ਼ੀ ਹੋਵੇ ਤਾਂ ਉਸਨੂੰ ਦਾਖਿਲਾ ਮਿਲਣਾ ਚਾਹੀਦਾ ਹੈ।
ਪਿਛਲੇ ਸਾਲ ਵਿਕਟੋਰੀਆ ਦੇ ਸਿਵਲ ਅਡਮਿਨਿਸਟ੍ਰੇਟਿਵ ਟਰਾਈਬੀਉਨਲ ਨੇ ਮੇਲਟਨ ਕਰਿਸਚਨ ਕਾਲਜ ਨੂੰ ਬਰਾਬਰ ਮੌਕਾ ਕਾਨੂੰਨ ਦਾ ਦੋਸ਼ੀ ਮਨਿਆ ਸੀ। ਸਕੂਲ ਵੱਲੋਂ ਪੰਜ ਸਾਲ ਦੇ ਸਿਧਕ ਸਿੰਘ ਅਰੋੜਾ ਨੂੰ ਉਸ ਵੱਲੋਂ ਦਸਤਾਰ ਪਾਉਣ ਦੇ ਕਾਰਨ ਦਾਖਿਲ ਦੇਣ ਤੋਂ ਇਨਕਾਰ ਕੀਤਾ ਗਿਆ ਸੀ।
ਕਾਲਜ ਨੂੰ ਕਿਹਾ ਸੀ ਕਿ ਕਾਨੂੰਨ ਅਨੁਸਾਰ ਸਿਖਿਅਕ ਅਦਾਰਿਆਂ ਨੂੰ ਦਿੱਤੀਆਂ ਛੋਟਾ ਦੇ ਮੁਤਾਬਿਕ ਹੀ ਕੰਮ ਕਰ ਰਹੇ ਸਨ ਪਰੰਤੂ ਅਦਾਲਤ ਦੇ ਫੈਲੇ ਤੋਂ ਬਾਅਦ ਸਕੂਲ ਨੇ ਸਿਧਕ ਦੇ ਪਰਿਵਾਰ ਨਾਲ ਮਿਲਕੇ ਇਸਦਾ ਹੱਲ ਤਲਾਸ਼ਣ ਦੀ ਗੱਲ ਕਹੀ।



