ਇੱਕ ਸਿੱਖ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੂੰ ਬੀ ਪੀ ਦੇ ਇੱਕ ਸਰਵਿਸ ਸਟੇਸ਼ਨ ਦੇ ਕਾਮੇ ਵਲੋਂ ਪੱਗੜੀ ਉਤਾਰਨ ਲਈ ਕਿਹਾ ਗਿਆ ਅਤੇ ਇਨਕਾਰ ਕਰਨ ਉਤੇ ਉਸ ਨੂੰ ਅੰਦਰ ਜਾਣ ਤੋਂ ਰੋਕ ਦਿਤਾ ਗਿਆ ਸੀ।
ਇੱਕ ਪੈਥੋਲੋਜੀ ਕੰਪਨੀ ਦੇ ਜਨਰਲ ਮੈਨੇਜਰ ਮੰਨੂ ਕਾਲਾ ਨੇ ਕਿਹਾ ਕਿ, ‘ਅਚੰਬੇ ਦੀ ਗੱਲ ਹੈ ਕਿ ਇਹ ਘਟਨਾ ਉਦੋਂ ਵਾਪਰੀ ਹੈ ਜਦੋਂ ਅਸੀਂ ਅਜੇ ਕੁੱਝ ਘੰਟੇ ਪਹਿਲਾਂ ਹੀ ਗੋਲਡ ਕੋਸਟ ਵਿੱਚ ਮਲਟੀਕਲਚਰਲ ਦਿਹਾੜੇ ਦਾ ਸਮਾਗਮ ਮਨਾ ਕੇ ਹਟੇ ਹਾਂ’।
ਸ਼੍ਰੀ ਕਾਲਾ ਨੇ ਕਿਹਾ ਕਿ ਉਹ ਐਤਵਾਰ ਦੀ ਰਾਤ 9 ਵਜੇ ਦੇ ਕਰੀਬ ਆਪਣੀ ਧੀ ਵਾਸਤੇ ਦੁੱਧ ਖਰੀਦਣ ਲਈ ਸਰਵਿਸ ਸਟੇਸ਼ਨ ਤੇ ਗਏ ਸਨ ਅਤੇ ਉਹਨਾ ਨੇ ਉਸ ਸਮੇਂ ਇੱਕ ਛੋਟੀ ਦਸਤਾਰ ਬੰਨ੍ਹੀ ਹੋਈ ਸੀ। ਅਤੇ ਸਰਵਿਸ ਸਟੇਸ਼ਨ ਦੇ ਕਾਮੇ ਨੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਸੀ।
‘ਜਦੋਂ ਮੈਂ ਸਟੋਰ ਵਿੱਚ ਦਾਖਲ ਹੋਣ ਵਾਲਾ ਸਾਂ, ਤਾਂ ਮੈਨੂੰ ਕਾਮੇ ਨੇ ਕਿਹਾ ਕਿ ਮੈਂ ਅੰਦਰ ਨਹੀਂ ਜਾ ਸਕਦਾ, ਕਿਉਂਕਿ ਮੈਂ ਪੱਗ ਬੰਨੀ ਹੋਈ ਹੈ, ਅਤੇ ਮੈਨੂੰ ਅੰਦਰ ਜਾਣ ਤੋਂ ਪਹਿਲਾਂ ਪੱਗ ਉਤਾਰਨੀ ਹੋਵੇਗੀ’।
ਉਹਨਾਂ ਕਿਹਾ ਕਿ ਮੈਂ ਸਟੋਰ ਦੇ ਕਾਮੇਂ ਨੂੰ ਇਹ ਦਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਇੱਕ ਸਿੱਖ ਵਿਅਕਤੀ ਹਾਂ ਅਤੇ ਆਪਣੀ ਪੱਗ ਇਸ ਤਰਾਂ ਜਨਤਕ ਥਾਂ ਉੱਤੇ ਨਹੀਂ ਉਤਾਰ ਸਕਦਾ।
ਸ਼੍ਰੀ ਕਾਲਾ ਨੇ ਕਿਹਾ, ‘ਮੈਂ ਉਸ ਨੂੰ ਆਪਣੇ ਸਟੋਰ ਮੈਨੇਜਰ ਨੂੰ ਪੁੱਛਣ ਲਈ ਕਿਹਾ, ਕਿਉਂਕਿ ਹੋ ਸਕਦਾ ਹੈ ਉਸ ਨੇ ਪੱਗ ਨੂੰ ਇੱਕ ਟੋਪੀ ਸਮਝ ਲਿਆ ਹੋਵੇ’।
ਇਸ ਤੋਂ ਕੁੱਝ ਦੇਰ ਬਾਅਦ ਸ਼੍ਰੀ ਕਾਲਾ ਦੁਬਾਰਾ ਪੂਰੀ ਦਸਤਾਰ ਬੰਨ ਕਿ ਵਾਪਸ ਉੱਥੇ ਆਏ, ਪਰ ਫੇਰ ਵੀ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ।
ਸ਼੍ਰੀ ਕਾਲਾ ਨੇ ਐਸ ਬੀ ਐਸ ਪੰਜਾਬੀ ਨੂੰ ਕਿਹਾ ਕਿ, ‘ਉਸ ਦੇ ਵਰਤਾਰੇ ਤੋਂ ਲੱਗ ਰਿਹਾ ਸੀ ਕਿ ਉਹ ਸ਼ਰਾਰਤ ਨਾਲ ਅਜਿਹਾ ਕਰ ਰਿਹਾ ਹੈ। ਅਜਿਹਾ ਬਿਲਕੁਲ ਨਹੀਂ ਲਗ ਰਿਹਾ ਸੀ ਕਿ ਉਸ ਨੂੰ ਪੱਗ ਜਾਂ ਧਾਰਮਿਕ ਰਿਵਾਜਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ’।

Mannu Kala Source: Supplied
ਸ਼੍ਰੀ ਕਾਲਾ ਵਲੋਂ ਇਸ ਘਟਨਾਂ ਦੀ ਵੀਡੀਓ ਉਹਨਾਂ ਦੇ ਸੋਸ਼ਲ ਮੀਡੀਆ ਉੱਤੇ ਪਾਈ ਗਈ ਜਿਸ ਵਿੱਚ ਕਾਮਾਂ ਉਹਨਾਂ ਨੂੰ ਕਹ ਰਿਹਾ ਹੈ ਕਿ ਉਹ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਅਤੇ ਉਹਨਾਂ ਦੇ ਪਿੱਛੇ ਖੜੋਤੇ ਇੱਕ ਹੋਰ ਖਰੀਦਦਾਰ ਵਲੋਂ ਵੀ ਕਿਹਾ ਗਿਆ ਕਿ ਇਹ ਇੱਕ ਪੱਗੜੀ ਹੈ, ਟੋਪੀ ਜਾਂ ਬੀਨੀ ਨਹੀਂ।
ਸ਼੍ਰੀ ਕਾਲਾ ਨੂੰ ਸਟੋਰ ਅੰਦਰ ਜਾਣ ਦੀ ਇਜਾਜਤ ਸਿਰਫ ਉਸ ਸਮੇਂ ਹੀ ਦਿੱਤੀ ਗਈ ਜਦੋਂ ਸਟੋਰ ਦਾ ਮੈਨੇਜਰ ਉੱਥੇ ਆਇਆ। ਇਸ ਤੋਂ ਬਾਅਦ ਸਟੋਰ ਦੇ ਕਾਮੇਂ ਨੇ ਇਹ ਕਹਿੰਦੇ ਹੋਏ ਮਾਫੀ ਵੀ ਮੰਗੀ ਕਿ ਉਸ ਨੇ ਸ਼੍ਰੀ ਕਾਲਾ ਨੂੰ ਗਲਤ ਸਮਝ ਲਿਆ ਸੀ।
‘ਮੈਂ ਤੁਹਾਡੇ ਕੋਲੋਂ ਤਹਿ ਦਿਲੋਂ ਮਾਫੀ ਮੰਗਦਾ ਹਾਂ। ਮੈਂ ਤੁਹਾਡੀ ਪੱਗ ਨੂੰ ਬੀਨੀ (ਟੋਪੀ) ਸਮਝ ਲਿਆ ਸੀ ਅਤੇ ਮੈਂ ਸਟੋਰ ਦੀਆਂ ਨੀਤੀਆਂ ਦੀ ਹੀ ਪਾਲਣਾ ਕਰ ਰਿਹਾ ਸੀ’।
ਬੀ ਪੀ ਨੇ ਵੀ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਉਹਨਾਂ ਦੇ ਸਟੋਰਾਂ ਵਿੱਚ ਸੁਰੱਖਿਆ ਸਬੰਧੀ ਵੀ ਇੱਕ ਨੀਤੀ ਹੈ ਜਿਸ ਤਹਿਤ ਸਾਰੇ ਹੀ ਅੰਦਰ ਆਉਣ ਵਾਲਿਆਂ ਨੂੰ ਸਿਰ ਤੋਂ ਟੋਪੀਆਂ ਆਦਿ ਲਾਹਣੀਆਂ ਹੁੰਦੀਆਂ ਹਨ, ਪਰ ਧਾਰਮਿਕ ਚਿੰਨ੍ਹਾਂ, ਜਿਵੇਂ ਪੱਗੜੀਆਂ ਆਦਿ ਨੂੰ ਇਸ ਤੋਂ ਛੋਟ ਦਿੱਤੀ ਹੋਈ ਹੈ।
ਬੀਪੀ ਦੇ ਇੱਕ ਅਧਿਕਾਰੀ ਨੇ ਐਸ ਬੀ ਐਸ ਪੰਜਾਬੀ ਨੂੰ ਕਿਹਾ, ‘ਉਹਨਾਂ ਦੇ ਅਦਾਰੇ ਨੂੰ ਅਫਸੋਸ ਹੈ ਕਿ ਸ਼੍ਰੀ ਕਾਲਾ ਨੂੰ ਪਰੇਸ਼ਾਨੀ ਸਹਿਣੀ ਪਈ। ਸਾਡੇ ਕਸਟਮਰਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਕਠਨਾਈ ਪੇਸ਼ ਆਵੇ, ਅਜਿਹਾ ਅਸੀਂ ਕਦੀ ਨਹੀਂ ਚਾਹੁੰਦੇ।
ਸ਼੍ਰੀ ਕਾਲਾ ਨੇ ਕਿਹਾ ਆਸਟ੍ਰੇਲੀਆ ਵਿੱਚ ਪ੍ਰਵਾਸ ਕਰਨ ਦੇ 10 ਸਾਲਾਂ ਬਾਅਦ ਉਹਨਾਂ ਨੂੰ ਅਜਿਹੀ ਸਥਿਤੀ ਦਾ ਪਹਿਲੀ ਵਾਰ ਹੀ ਸਾਹਮਣਾ ਕਰਨਾ ਪਿਆ ਹੈ ਅਤੇ ਉਹਨਾਂ ਨੂੰ ਇਸ ਘਟਨਾ ਨਾਲ ਕਾਫੀ ਸਦਮਾ ਪਹੁੰਚਿਆ ਹੈ।
Share




