ਗੱਠਜੋੜ ਨੇ ਚੋਣਾਂ ਤੋਂ ਪਹਿਲਾਂ ਆਪਣਾ ਦ੍ਰਿਸ਼ਟੀਕੋਣ ਕੀਤਾ ਪ੍ਰਗਟ, ਬਜਟ ਦੇ ਜਵਾਬ ਵਿੱਚ ਇਹ ਸਨ ਖਾਸ ਗੱਲਾਂ

ਵਿਰੋਧੀ ਧਿਰ ਦੇ ਨੇਤਾ ਪੀਟਰ ਡੱਟਨ ਨੇ ਆਪਣਾ ਬਜਟ ਜਵਾਬ ਭਾਸ਼ਣ ਦਿੱਤਾ ਹੈ, ਜਿਸ ਵਿੱਚ ਪ੍ਰਵਾਸ ਵਿੱਚ 25 ਪ੍ਰਤੀਸ਼ਤ ਕਟੌਤੀ ਅਤੇ ਵੋਟਰਾਂ ਲਈ ਬਿਜਲੀ ਬਿੱਲ ਵਿੱਚ ਹੋਰ ਰਾਹਤ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।

Peter Dutton in the House of Representatives

ਵਿਰੋਧੀ ਧਿਰ ਦੇ ਨੇਤਾ ਪੀਟਰ ਡੱਟਨ ਨੇ ਆਸਟ੍ਰੇਲੀਆ ਲਈ ਆਪਣਾ ਦ੍ਰਿਸ਼ਟੀਕੋਣ ਪੇਸ਼ ਕੀਤਾ। Source: AAP / Mick Tsikas

ਪੀਟਰ ਡੱਟਨ ਨੇ ਵੋਟਰਾਂ ਨੂੰ ਆਪਣੀ ਚੋਣ ਮੁਹਿੰਮ ਦੇ ਹਿੱਸੇ ਵਜੋਂ, ਇੱਕ ਰਾਸ਼ਟਰੀ ਗੈਸ ਯੋਜਨਾ ਰਾਹੀਂ ਊਰਜਾ ਬਿੱਲ ਘਟਾਉਣ, ਪ੍ਰਵਾਸ ਘਟਾਉਣ ਅਤੇ ਹਜ਼ਾਰਾਂ ਸੰਘੀ ਸਰਕਾਰੀ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਵਾਅਦਾ ਕੀਤਾ ਹੈ।

ਆਪਣੇ ਚੌਥੇ ਬਜਟ ਜਵਾਬ ਭਾਸ਼ਣ ਵਿੱਚ, ਵਿਰੋਧੀ ਧਿਰ ਦੇ ਨੇਤਾ ਨੇ ਨਵੇਂ ਗੈਸ ਪ੍ਰੋਜੈਕਟਾਂ ਨੂੰ ਤੇਜ਼ ਕਰਨ, ਛੋਟੇ ਕਾਰੋਬਾਰਾਂ ਲਈ ਤੁਰੰਤ ਐਸੇਟ ਰਾਈਟਆਫ ਨੂੰ $30,000 ਤੱਕ ਵਧਾਉਣ ਅਤੇ ਚੁਣੇ ਜਾਣ 'ਤੇ ਪ੍ਰਵਾਸ ਨੂੰ 25 ਪ੍ਰਤੀਸ਼ਤ ਘਟਾਉਣ ਦਾ ਵਾਅਦਾ ਕੀਤਾ ਹੈ।

"ਇਹ ਸਾਡੇ ਦੇਸ਼ ਲਈ ਸਲਾਇਡਿੰਗ ਡੋਰ ਵਾਲਾ ਪਲ ਹੈ," ਡਟਨ ਨੇ ਆਪਣੇ ਭਾਸ਼ਣ ਦੌਰਾਨ ਕਿਹਾ, "ਇਹ ਚੋਣ, ਉਨੀ ਹੀ ਲੀਡਰਸ਼ਿਪ ਬਾਰੇ ਹੈ ਜਿੰਨੀ ਇਹ ਨੀਤੀ ਬਾਰੇ ਹੈ।"

ਆਸਟ੍ਰੇਲੀਆਈ ਵੋਟਰਾਂ ਪ੍ਰਤੀ ਡੱਟਨ ਦੇ ਭਾਸ਼ਣ ਦੇ ਕੁਝ ਮੁੱਖ ਤੱਤ ਇਸ ਤਰ੍ਹਾਂ ਹਨ।

ਬਿੱਲ ਘਟਾਉਣ ਲਈ ਇੱਕ ਰਾਸ਼ਟਰੀ ਗੈਸ ਯੋਜਨਾ ਪੇਸ਼ ਕਰਨਾ

ਡਟਨ ਸਰਕਾਰ ਘਰੇਲੂ ਗੈਸ ਸਪਲਾਈ ਨੂੰ ਤਰਜੀਹ ਦੇਣ ਅਤੇ ਊਰਜਾ ਬਿੱਲਾਂ ਨੂੰ ਘਟਾਉਣ ਲਈ ਤੁਰੰਤ ਇੱਕ ਰਾਸ਼ਟਰੀ ਗੈਸ ਯੋਜਨਾ ਪੇਸ਼ ਕਰੇਗੀ।

ਇਸ ਯੋਜਨਾ ਵਿੱਚ ਨਵੇਂ ਗੈਸ ਪ੍ਰੋਜੈਕਟਾਂ ਨੂੰ ਤੇਜ਼ ਕਰਨਾ, ਪ੍ਰਵਾਨਗੀ ਦੇ ਸਮੇਂ ਨੂੰ ਅੱਧਾ ਕਰਨਾ ਅਤੇ ਇੱਕ ਗੈਸ ਰਿਜ਼ਰਵੇਸ਼ਨ ਯੋਜਨਾ ਸ਼ੁਰੂ ਕਰਨਾ ਸ਼ਾਮਲ ਹੈ, ਜਿਸ ਦੇ ਤਹਿਤ ਪੈਦਾ ਹੋਣ ਵਾਲੀ ਗੈਸ ਦੀ ਇੱਕ ਨਿਸ਼ਚਿਤ ਮਾਤਰਾ ਘਰੇਲੂ ਬਾਜ਼ਾਰ ਲਈ ਰਾਖਵੀਂ ਰੱਖੀ ਜਾਵੇਗੀ।

ਡਟਨ ਨੇ ਕਿਹਾ ਕਿ ਇਹ "ਪੂਰਬੀ ਤੱਟ ਦੀ ਮੰਗ ਦਾ 10 ਪ੍ਰਤੀਸ਼ਤ ਤੋਂ 20 ਪ੍ਰਤੀਸ਼ਤ ਵਾਧੂ ਸੁਰੱਖਿਅਤ ਕਰੇਗਾ" ਅਤੇ "ਨਵੀਆਂ ਥੋਕ ਘਰੇਲੂ ਗੈਸ ਕੀਮਤਾਂ ਨੂੰ $14 ਪ੍ਰਤੀ ਗੀਗਾਜੂਲ ਤੋਂ ਘਟਾ ਕੇ 10 ਪ੍ਰਤੀ ਗੀਗਾਜੂਲ ਤੋਂ ਵੀ ਘੱਟ ਕਰ ਦੇਵੇਗਾ।"

ਇਹ ਨੀਤੀ ਉਦਯੋਗ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਨਿਰਯਾਤ ਲਈ ਨਿਰਧਾਰਤ ਗੈਸ ਨੂੰ ਉੱਚ ਕੀਮਤ 'ਤੇ ਤਬਦੀਲ ਕਰ ਸਕਦੀ ਹੈ।

ਪੱਛਮੀ ਆਸਟ੍ਰੇਲੀਆ ਵਿੱਚ 2006 ਤੋਂ ਇਸੇ ਤਰ੍ਹਾਂ ਦੀ ਨੀਤੀ ਹੈ।

ਸਸਤਾ ਇੰਧਨ

ਕਮਜ਼ੋਰ ਜੇਬ 'ਤੇ ਸਪੱਸ਼ਟ ਧਿਆਨ ਕੇਂਦਰਿਤ ਕਰਦੇ ਹੋਏ, ਗੱਠਜੋੜ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਆਪਣੇ ਪਹਿਲੇ ਸੈਸ਼ਨ ਵਾਲੇ ਦਿਨ ਇੰਧਨ ਐਕਸਾਈਜ਼ ਨੂੰ ਲਗਭਗ 50 ਸੈਂਟ ਤੋਂ ਘਟਾ ਕੇ 25 ਸੈਂਟ ਪ੍ਰਤੀ ਲੀਟਰ ਕਰ ਦੇਣਗੇ।

ਅਨੁਮਾਨ ਹੈ ਕਿ $6 ਬਿਲੀਅਨ ਇੰਧਨ ਐਕਸਾਈਜ਼ ਫ੍ਰੀਜ਼ ਇੱਕ ਕਾਰ ਵਾਲੇ ਪਰਿਵਾਰ ਨੂੰ ਔਸਤਨ $14 ਪ੍ਰਤੀ ਹਫ਼ਤੇ, ਜਾਂ 12 ਮਹੀਨਿਆਂ ਦੌਰਾਨ ਲਗਭਗ $700 ਦੀ ਬਚਤ ਕਰੇਗਾ

ਡਟਨ ਨੇ ਕਿਹਾ ਕਿ ਆਸਟ੍ਰੇਲੀਆਈ ਮੁਕਾਬਲਾ ਅਤੇ ਖਪਤਕਾਰ ਕਮਿਸ਼ਨ "ਇਹ ਯਕੀਨੀ ਬਣਾਏਗਾ ਕਿ ਇੰਧਨ ਐਕਸਾਈਜ਼ ਕਟੌਤੀ ਪੂਰੀ ਤਰ੍ਹਾਂ ਖਪਤਕਾਰਾਂ ਤੱਕ ਪਹੁੰਚਾਈ ਜਾਵੇ।"

ਮਾਈਗ੍ਰੇਸ਼ਨ ਨੂੰ ਘਟਾਉਣਾ

ਡਟਨ ਨੇ ਪੁਸ਼ਟੀ ਕੀਤੀ ਹੈ ਕਿ ਗੱਠਜੋੜ 3 ਮਈ ਨੂੰ ਚੁਣੇ ਜਾਣ 'ਤੇ ਸਥਾਈ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ 25 ਪ੍ਰਤੀਸ਼ਤ ਦੀ ਕਟੌਤੀ ਕਰੇਗਾ।

ਯੋਜਨਾ ਦੇ ਤਹਿਤ, ਮੌਜੂਦਾ ਪੱਧਰ ਜੋ ਕਿ 185,000 'ਤੇ ਹੈ, ਨੂੰ ਅੰਦਾਜ਼ਨ 46,000 ਸਥਾਨਾਂ ਨਾਲ ਘਟਾਇਆ ਜਾਏਗਾ।

"ਲੇਬਰ ਨਾ ਤਾਂ ਮਾਈਗ੍ਰੇਸ਼ਨ ਨੂੰ ਨਿਯੰਤ੍ਰਿਤ ਕਰ ਪਾ ਰਿਹਾ ਹੈ, ਅਤੇ ਨਾ ਹੀ ਇਸਨੇ ਮਾਈਗ੍ਰੇਸ਼ਨ ਨੂੰ ਟਿਕਾਊ ਪੱਧਰ 'ਤੇ ਰੱਖਿਆ ਹੈ," ਡਟਨ ਨੇ ਕਿਹਾ।

ਉਹਨਾਂ ਨੇ ਅੱਗੇ ਕਿਹਾ ਕਿ ਇਹ ਯੋਜਨਾ ਹਾਉਸਿੰਗ ਅਸਾਨ ਕਰੇਗੀ ਅਤੇ "ਘਰ ਮਾਲਕੀ ਦੇ ਮਹਾਨ ਆਸਟ੍ਰੇਲੀਆਈ ਸੁਪਨੇ ਨੂੰ ਬਹਾਲ ਕਰੇਗੀ"।

ਛੋਟੇ ਕਾਰੋਬਾਰਾਂ ਲਈ ਤੁਰੰਤ ਸੰਪਤੀ ਰਾਈਟ-ਆਫ ਨੂੰ ਹੁਲਾਰਾ

ਐਲਬਨੀਜ਼ੀ ਸਰਕਾਰ ਨੇ ਬੁੱਧਵਾਰ ਦੇਰ ਰਾਤ ਨੂੰ ਕਾਨੂੰਨ ਪਾਸ ਕਰਕੇ ਛੋਟੇ ਕਾਰੋਬਾਰਾਂ ਲਈ $20,000 ਦੀ ਤੁਰੰਤ ਸੰਪਤੀ ਰਾਈਟ-ਆਫ ਨੂੰ ਵਧਾ ਦਿੱਤਾ।

ਆਪਣੇ ਬਜਟ ਜਵਾਬ ਵਿੱਚ, ਡਟਨ ਨੇ ਕਾਰੋਬਾਰੀ ਮਾਲਕਾਂ ਲਈ ਰਾਈਟ-ਆਫ ਨੂੰ $30,000 ਤੱਕ ਵਧਾਉਣ ਦਾ ਵਾਅਦਾ ਕਰਕੇ ਅਪੀਲ ਕੀਤੀ ਹੈ।

ਸਰਕਾਰੀ ਸੇਵਕਾਂ ਵਿੱਚ ਕਟੌਤੀ

ਡਟਨ ਨੇ ਐਲਬਨੀਜ਼ੀ ਸਰਕਾਰ 'ਤੇ "ਬੇਅਸਰ ਅਤੇ ਫਜ਼ੂਲ" ਖਰਚ ਕਰਨ ਦਾ ਦੋਸ਼ ਲਗਾਇਆ ਹੈ।

ਉਹਨਾਂ ਦਾ ਕਹਿਣਾ ਹੈ ਕਿ ਲੇਬਰ ਅਧੀਨ ਨਿਯੁਕਤ 41,000 ਸਰਕਾਰੀ ਸੇਵਕਾਂ ਨੂੰ ਘਟਾਉਣ ਨਾਲ, ਬਜਟ ਨੂੰ ਅੱਗੇ ਦੇ ਅਨੁਮਾਨਾਂ ਸਬੰਧੀ 10 ਬਿਲੀਅਨ ਡਾਲਰ ਤੋਂ ਵੱਧ ਦੀ ਬਚਤ ਹੋਵੇਗੀ।

ਇਸ ਨੀਤੀ ਦੇ ਜ਼ਰੂਰੀ ਸੇਵਾਵਾਂ ਨੂੰ ਪ੍ਰਭਾਵਿਤ ਕਰਨ ਦੀਆਂ ਚਿੰਤਾਵਾਂ ਤੋਂ ਬਾਅਦ, ਸਾਬਕਾ ਸੈਨਿਕਾਂ ਦੇ ਮਾਮਲਿਆਂ ਸਮੇਤ, ਉਹਨਾਂ ਕਿਹਾ: "ਅਸੀਂ ਫਰੰਟਲਾਈਨ ਸੇਵਾ ਪ੍ਰਦਾਨ ਕਰਨ ਦੀਆਂ ਭੂਮਿਕਾਵਾਂ ਵਿੱਚ ਕਟੌਤੀ ਨਹੀਂ ਕਰਾਂਗੇ"।

ਮਾਨਸਿਕ ਸਿਹਤ ਅਤੇ ਸਸਤੀਆਂ ਦਵਾਈਆਂ ਵਿੱਚ ਨਿਵੇਸ਼

ਮੈਡੀਕੇਅਰ ਨੂੰ 8.5 ਬਿਲੀਅਨ ਡਾਲਰ ਦਾ ਵਾਧਾ ਲੇਬਰ ਪਾਰਟੀ ਦੀ ਚੋਣ ਮੁਹਿੰਮ ਦਾ ਕੇਂਦਰ ਬਿੰਦੂ ਹੈ।

ਇਸ ਸਬੰਧ ਵਿੱਚ ਗੱਠਜੋੜ ਵਲੋਂ ਸਿਹਤ ਵਿੱਚ 9 ਬਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ ਹੈ।

ਇਸ ਵਿੱਚ ਲੇਬਰ ਪਾਰਟੀ ਦੇ ਫਾਰਮਾਸਿਊਟੀਕਲ ਲਾਭ ਯੋਜਨਾ 'ਤੇ ਦਵਾਈਆਂ ਦੀਆਂ ਕੀਮਤਾਂ ਘਟਾਉਣ ਦੇ ਵਾਅਦੇ ਨੂੰ ਪੂਰਾ ਕਰਨਾ ਸ਼ਾਮਲ ਹੈ, ਜ਼ਿਆਦਾਤਰ ਪ੍ਰਿਸਕ੍ਰਿਪਸ਼ਨਾਂ ਨੂੰ $25 ਤੱਕ ਸੀਮਤ ਕਰਨਾ।

ਡਟਨ ਨੇ ਨੌਜਵਾਨਾਂ ਦੀ ਮਾਨਸਿਕ ਸਿਹਤ ਲਈ ਵਾਧੂ $400 ਮਿਲੀਅਨ ਦੀ ਵਚਨਬੱਧਤਾ ਪ੍ਰਗਟਾਈ ਹੈ।

"ਅਸੀਂ ਖੇਤਰੀ ਸੇਵਾਵਾਂ ਨੂੰ ਵਧਾਵਾਂਗੇ ਅਤੇ ਇਲਾਜ ਦਾ ਵਿਸਤਾਰ ਕਰਦੇ ਹੋਏ ਆਸਟ੍ਰੇਲੀਆ ਨੂੰ ਦੁਨੀਆ ਵਿੱਚ ਨੌਜਵਾਨਾਂ ਦੇ ਮਾਨਸਿਕ ਸਿਹਤ ਇਲਾਜ ਵਿੱਚ ਸਭ ਤੋਂ ਅੱਗੇ ਰੱਖਾਂਗੇ," ਉਹਨਾ ਨੇ ਕਿਹਾ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ  ਰਾਹੀਂ ਸੁਣੇ ਜਾ ਸਕਦੇ ਹਨ।


 For the latest from SBS News, download our app and subscribe to our newsletter.


Share

4 min read

Published

By Ewa Staszewska, Tejinder Pal Singh Hallan

Source: SBS




Share this with family and friends


Follow SBS Punjabi

Download our apps

Watch on SBS

Punjabi News

Watch now