ਕਰੋਨਾਵਾਇਰਸ ਸੰਕਟ ਦੌਰਾਨ ਫੈਡਰਲ ਸਰਕਾਰ ਦੇ ਸਹਾਇਤਾ ਭੱਤਿਆਂ ਤੋਂ ਵਾਂਝੇ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਾਊਥ ਆਸਟ੍ਰੇਲੀਆ ਸਰਕਾਰ ਵੱਲੋਂ ਇੱਕ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਹੈ ਜੋ ਇਸ ਮੁਸ਼ਕਿਲ ਸਮੇਂ ਵਿੱਚ ਉਹਨਾਂ ਨੂੰ ਕੁਝ ਰਾਹਤ ਪਹੁੰਚਾਉਣ ਦਾ ਕੰਮ ਕਰੇਗਾ।
ਖ਼ਾਸ ਨੁਕਤੇ:
- ਸਰਕਾਰ ਵੱਲੋਂ13.8 ਮਿਲੀਅਨ ਡਾਲਰ ਦੀ ਸਹਾਇਤਾ ਪੈਕੇਜ ਦਾ ਐਲਾਨ
- 10 ਮਿਲੀਅਨ ਡਾਲਰ ਸੂਬੇ ਦੀਆਂ ਤਿੰਨ ਸਰਕਾਰੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲ ਜਾਵੇਗਾ
- ਯੋਗ ਵਿਦਿਆਰਥੀਆਂ ਨੂੰ ਐਮਰਜੰਸੀ ਗ੍ਰਾਂਟ ਵਜੋਂ 500 ਡਾਲਰ ਅਤੇ ਇੱਕ ਵਾਰ 200 ਡਾਲਰ ਦਾ ਹੋਵੇਗਾ ਭੁਗਤਾਨ
ਪੈਕੇਜ ਦਾ ਐਲਾਨ ਕਰਦਿਆਂ ਸੂਬੇ ਦੇ ਵਪਾਰ ਅਤੇ ਨਿਵੇਸ਼ ਮੰਤਰੀ ਡੇਵਿਡ ਰਿਜਵੇ ਨੇ ਕਿਹਾ, "ਅੰਤਰਰਾਸ਼ਟਰੀ ਵਿਦਿਆਰਥੀ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਅਸੀਂ ਇਹ ਯਕੀਨੀ ਬਣਾਉਣਾ ਚਾਹੰਦੇ ਹਾਂ ਕਿ ਇਸ ਮੁਸ਼ਕਿਲ ਅਤੇ ਅਨਿਸ਼ਚਿਤ ਸਮੇਂ ਵਿੱਚ ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾਵੇ।"
ਇਸ ਆਰਥਿਕ ਸਹਾਇਤਾ ਪੈਕੇਜ ਲਈ ਯੂਨੀਵਰਸਿਟੀ ਆਫ ਐਡੀਲੇਡ, ਫਲਿੰਡਰਜ਼ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੇ ਵਿਦਿਆਰਥੀ ਯੋਗ ਹੋਣਗੇ।
ਗੁਰਲੀਨ ਕੌਰ, ਐਡੀਲੇਡ ਦੀ ਫਲਿੰਡਰਜ਼ ਯੂਨੀਵਰਸਿਟੀ ਵਿਚ ਆਈ ਟੀ ਦੀ ਵਿਦਿਆਰਥਣ ਹੈ ਅਤੇ ਇਸ ਆਰਥਿਕ ਸਹਾਇਤਾ ਪੈਕੇਜ ਲਈ ਆਪਣੀ ਅਰਜ਼ੀ ਦਾਇਰ ਕਰ ਚੁੱਕੀ ਹੈ।

ਗੁਰਲੀਨ ਕੌਰ ਨੇ ਸਾਊਥ ਆਸਟ੍ਰੇਲੀਆ ਦੇ ਵਿਦੇਸ਼ੀ ਵਿਦਿਆਰਥੀ ਰਾਹਤ ਕੋਸ਼ ਲਈ ਆਪਣੀ ਅਰਜ਼ੀ ਦਾਇਰ ਕਰ ਦਿੱਤੀ ਹੈ। Source: Supplied
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਇਸ 21-ਸਾਲਾ ਵਿਦਿਆਰਥਣ ਨੇ ਕਿਹਾ ਕਿ ਉਸਨੂੰ ਇਸ ਸਹਾਇਤਾ ਕੋਸ਼ ਬਾਰੇ ਜਾਣਕੇ “ਖੁਸ਼ੀ ਅਤੇ ਰਾਹਤ” ਮਹਿਸੂਸ ਹੋਈ ਕਿ ਸਾਊਥ ਆਸਟ੍ਰੇਲੀਆ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੰਗ ਉੱਤੇ ਅਮਲ ਕੀਤਾ।
ਅਰਜ਼ੀ ਕਿਵੇਂ ਦੇਣੀ ਹੈ?

ਗੁਰਲੀਨ ਕੌਰ ਨੂੰ ਸਰਕਾਰ ਵੱਲੋਂ ਅਰਜ਼ੀ ਦਾਇਰ ਕਰਨ ਤੋਂ ਬਾਅਦ ਆਈ ਰਸੀਦ। Source: Supplied
ਉਹ ਸਾਰੇ ਵਿਦਿਆਰਥੀ ਜੋ ਇਸ ਸਹਾਇਤਾ ਕੋਸ਼ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ, ਇੱਥੇ ਰਜਿਸਟਰ ਕਰ ਸਕਦੇ ਹਨ। ਅਰਜ਼ੀ ਪ੍ਰਕਿਰਿਆ ਖੁੱਲ੍ਹਣ 'ਤੇ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇਗਾ। ਗ੍ਰਾਂਟ ਲਈ ਯੋਗ ਵਿਦਿਆਰਥੀਆਂ ਦੀ ਚੋਣ ਸਰਕਾਰ ਦੇ ਮੁਲਾਂਕਣ ਮਾਪਦੰਡ ਮੁਤਾਬਿਕ ਕੀਤੀ ਜਾਵੇਗੀ।
ਸੂਬਾ ਸਰਕਾਰ ਦੇ ਅੰਕੜਿਆਂ ਦੇ ਅਨੁਸਾਰ, ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਪਿਛਲੇ ਵਿੱਤੀ ਵਰ੍ਹੇ ਵਿੱਚ ਸਾਊਥ ਆਸਟ੍ਰੇਲੀਆ ਦੀ ਆਰਥਿਕਤਾ ਵਿੱਚ 1.92 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ। ਇਸ ਤੋਂ ਇਲਾਵਾ, ਅੰਤਰਰਾਸ਼ਟਰੀ ਵਿਦਿਆਰਥੀ ਸੂਬੇ ਦੀਆਂ ਹੁਨਰ-ਸੰਬੰਧੀ ਜ਼ਰੂਰਤਾਂ ਵੀ ਪੂਰੀਆਂ ਕਰਦੇ ਨੇ।
ਇਸ ਐਲਾਨ ਉੱਤੇ ਟਿੱਪਣੀ ਕਰਦੇ ਹੋਏ ਕੌਂਸਿਲ ਆਫ ਇੰਟਰਨੈਸ਼ਨਲ ਸਟੂਡੈਂਟਸ ਆਸਟਰੇਲੀਆ ਦੇ ਕੌਮੀ ਪ੍ਰਧਾਨ ਅਹਿਮਦ ਅਦੇਮੋਗਲੁ ਨੇ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਸਮੇਂ ਸਿਰ ਸਹਾਇਤਾ ਦੇਣ ਲਈ ਸੂਬਾ ਸਰਕਾਰ ਦਾ ਇਹ ਕਦਮ ਭਵਿੱਖ ਵਿਚ ਸਾਊਥ ਆਸਟ੍ਰੇਲੀਆ ਨੂੰ ਅਜਿਹੇ ਵਿਦਿਆਰਥੀਆਂ ਦੀ “ਪਸੰਦੀਦਾ” ਥਾਂ ਬਣਾਉਣ ਵਿਚ ਮਦਦ ਕਰੇਗਾ।

ਅਹਿਮਦ ਅਦੇਮੋਗਲੁ, ਕੌਮੀ ਪ੍ਰਧਾਨ, ਕੌਂਸਿਲ ਆਫ ਇੰਟਰਨੈਸ਼ਨਲ ਸਟੂਡੈਂਟਸ ਆਸਟਰੇਲੀਆ Source: Supplied
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।