ਪਰਵਿੰਦਰ ਕੌਰ ਦੀ 2013 ਵਿੱਚ ਸਿਡਨੀ ਦੇ ਰਾਊਜ਼ ਹਿੱਲ ਸਥਿੱਤ ਆਪਣੇ ਘਰ ਵਿਚ ਅੱਗ ਵਿੱਚ ਝੁਲਸਣ ਕਾਰਨ ਮੌਤ ਹੋ ਗਈ ਸੀ।
ਇਸ ਮਾਮਲੇ ਵਿੱਚ ਉਸਦੇ ਪਤੀ ਕੁਲਵਿੰਦਰ ਸਿੰਘ ਨੂੰ 2017 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਉੱਤੇ ਆਪਣੀ ਪਤਨੀ ਨੂੰ ਮਾਰਨ ਦਾ ਕੇਸ ਦਰਜ ਕੀਤਾ ਗਿਆ ਸੀ।
ਨਿਊ ਸਾਊਥ ਵੇਲਜ਼ ਦੀ ਸੁਪਰੀਮ ਕੋਰਟ ਵਿਚਲੀ ਜਿਊਰੀ ਨੇ 29 ਮਾਰਚ ਨੂੰ ਫੈਸਲਾ ਸੁਣਾਉਂਦਿਆਂ ਕੁਲਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਹੈ।
ਫੈਸਲਾ ਸੁਣਾਏ ਜਾਣ ਸਮੇਂ ਕੁਲਵਿੰਦਰ ਸਿੰਘ ਦੀ ਭੈਣ ਮਨਜਿੰਦਰ ਕੌਰ ਹੋਠੀ ਵੀ ਅਦਾਲਤ ਵਿੱਚ ਮੌਜੂਦ ਸੀ।

Kulwinder Singh outside the court in Sydney on Tuesday. Source: Supplied by Ms Hothi
ਉਸਨੇ ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਕਿਹਾ ਕਿ ਉਸਦਾ ਪਰਿਵਾਰ ਅਦਾਲਤ ਦੇ ਇਸ ਫੈਸਲੇ ਪਿੱਛੋਂ ਕਾਫੀ "ਖੁਸ਼ ਅਤੇ ਧੰਨਵਾਦੀ" ਹੈ।
“ਸਾਨੂੰ ਇਸ ਫੈਸਲੇ ਨਾਲ਼ ਕਾਫੀ ਰਾਹਤ ਮਿਲੀ ਹੈ। ਮੈਨੂੰ ਖੁਸ਼ੀ ਹੈ ਕਿ ਸੱਚਾਈ ਦੀ ਜਿੱਤ ਹੋਈ ਹੈ ਅਤੇ ਮੇਰਾ ਭਰਾ ਹੁਣ ਆਜ਼ਾਦ ਹੈ।”
ਮਨਜਿੰਦਰ ਕੌਰ ਨੇ ਕਿਹਾ ਕਿ ਪਿਛਲੇ ਅੱਠ ਸਾਲ ਉਸਦੇ ਪਰਿਵਾਰ ਲਈ ਬਹੁਤ ਮੁਸ਼ਕਲ ਸਮਾਂ ਸੀ - “ਸਾਨੂੰ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਸੀ ਪਰ ਸਾਨੂੰ ਸੋਸ਼ਲ ਮੀਡੀਆ ਅਤੇ ਭਾਈਚਾਰੇ ਵਿੱਚ ਵਿਚਰਦਿਆਂ ਕਾਫ਼ੀ ਦਬਾਅ ਅਤੇ ਨਾਕਾਰਾਤਮਕ ਰੱਵਈਏ ਦਾ ਸਾਹਮਣਾ ਕਰਨਾ ਪਿਆ," ਉਨ੍ਹਾਂ ਕਿਹਾ।
ਪਰਵਿੰਦਰ ਕੌਰ, ਜੋ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ, ਦਾ ਵਿਆਹ 2005 ਵਿੱਚ ਕੁਲਵਿੰਦਰ ਸਿੰਘ ਨਾਲ ਹੋਇਆ ਸੀ ਜਿਸ ਪਿੱਛੋਂ ਅਗਲੇ ਹੀ ਸਾਲ ਉਹ ਆਸਟ੍ਰੇਲੀਆ ਆ ਗਈ ਸੀ।

A file photo of Parwinder Kaur Source: Supplied
ਦੱਸਣਯੋਗ ਹੈ ਕਿ 2 ਦਸੰਬਰ 2013 ਨੂੰ, ਉਸਦੇ ਗੁਆਂਢੀਆਂ ਨੇ ਉਸਨੂੰ ਅੱਗ ਵਿੱਚ ਜਲਦੇ ਹੋਏ, ਚੀਕਦੇ ਹੋਏ ਦੇਖਿਆ ਸੀ ਜਦਕਿ ਉਸਦਾ ਪਤੀ ਕੁਲਵਿੰਦਰ ਸਿੰਘ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਅਗਲੇ ਹੀ ਦਿਨ ਪਰਵਿੰਦਰ ਕੌਰ ਦੀ ਸਿਡਨੀ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ।
ਨਵੰਬਰ 2017 ਵਿੱਚ ਕੁਲਵਿੰਦਰ ਸਿੰਘ ਨੂੰ ਕਤਲ ਕੇਸ ਵਿੱਚ ਦੋਸ਼ੀ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਹਾਲਾਂਕਿ ਉਸਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਸੀ ਅਤੇ ਕਿਹਾ ਸੀ ਕਿ ਪਰਵਿੰਦਰ ਨੇ ਆਪਣੇ-ਆਪ ਨੂੰ ਅੱਗ ਲਗਾ ਲਈ ਸੀ।
ਜਿਊਰੀ ਨੇ ਮੁਕੱਦਮੇ ਦੌਰਾਨ ਦੋ ਪ੍ਰਕਾਰ ਦੀਆਂ ਦਲੀਲਾਂ ਸੁਣੀਆਂ - ਪੁਲਿਸ ਪੱਖ ਦੇ ਵਕੀਲ ਨੇ ਦੋਸ਼ ਲਾਓਂਦਿਆਂ ਕਿਹਾ ਕਿ "ਕੁਲਵਿੰਦਰ ਸਿੰਘ ਅਤੇ ਉਸਦੀ ਪਤਨੀ ਵਿਚਾਲੇ ਵਿਆਹੁਤਾ ਜੀਵਨ ਘਰੇਲੂ ਹਿੰਸਾ ਦੇ ਚਲਦਿਆਂ ਕਾਫੀ ਖਰਾਬ ਸੀ। ਉਹ ਆਪਣੀ ਪਤਨੀ ਦੀ ਆਮਦਨ ਉੱਤੇ ਕੰਟਰੋਲ ਕਰ ਰਿਹਾ ਸੀ ਅਤੇ ਘਰੇਲੂ ਕਲੇਸ਼ ਦੇ ਚਲਦਿਆਂ ਹੀ ਉਸਨੇ ਆਪਣੀ ਪਤਨੀ ਨੂੰ ਪੈਟਰੋਲ ਪਾਕੇ ਅੱਗ ਲਾਕੇ ਮਾਰ ਦਿਤਾ ਸੀ।"

Kulwinder Singh has been found not guilty of murdering his wife. Source: AAP Image/Dan Himbrechts
ਕੁਲਵਿੰਦਰ ਸਿੰਘ ਦੀ ਬੈਰਿਸਟਰ, ਮਾਰਗਰੇਟ ਕੁਨੀਨ ਨੇ ਦਲੀਲ ਦਿੱਤੀ ਕਿ ਸ੍ਰੀਮਤੀ ਕੌਰ ਨੇ ਆਪਣੇ ਆਪ ਨੂੰ "ਜਾਣ ਬੁੱਝ ਕੇ ਇੱਕ ਤਮਾਸ਼ਾ ਬਣਾਉਣ ਲਈ" ਅੱਗ ਲਾਈ ਹੋ ਸਕਦੀ ਹੈ।
ਉਨ੍ਹਾਂ ਦਲੀਲ ਦਿੰਦਿਆਂ ਕਿਹਾ ਕਿ ਸ੍ਰੀਮਤੀ ਕੌਰ ਨੇ "ਗਿਣੇ-ਮਿੱਥੇ ਢੰਗ ਨਾਲ਼ ਇੱਕ ਕੱਪ ਪੈਟਰੌਲ ਆਪਣੇ ਉੱਤੇ ਛਿੜਕਿਆ ਅਤੇ ਬਾਕੀ 1.25 ਲਿਟਰ ਵਾਲ਼ਾ ਕੇਨ ਵਾਪਿਸ ਅਲਮਾਰੀ ਵਿੱਚ ਰੱਖ ਦਿੱਤਾ ਸੀ"।
ਅਦਾਲਤ ਨੇ ਇਹ ਵੀ ਪਾਇਆ ਕਿ ਲਾਂਡਰੀ ਵਿਚਲੀ ਪੈਟਰੋਲ ਦੀ ਪੀਪੀ ਅਤੇ ਅੱਗ ਲਾਉਣ ਵਾਲ਼ੇ ਲਾਈਟਰ ਉੱਤੇ ਵੀ ਸ੍ਰੀਮਤੀ ਕੌਰ ਦੀਆਂ ਉਂਗਲੀਆਂ ਦੇ ਨਿਸ਼ਾਨ ਸਨ।
ਵਕੀਲ ਨੇ ਕਿਹਾ, “ਪਰਵਿੰਦਰ ਦੀ ਮੌਤ ਉਸ ਦੁਆਰਾ ਐਕਰੀਲਿਕ ਦੇ ਮੋਟੇ ਕੱਪੜਿਆਂ ਕਰਕੇ ਵੀ ਹੋਈ ਹੋ ਸਕਦੀ ਹੈ ਜੋ ਉਸਨੇ ਸਖਤ ਗਰਮੀ ਵਾਲ਼ੇ ਦਿਨ ਆਪਣੇ ਆਪ ਨੂੰ ਬਚਾਉਣ ਲਈ ਪਾਏ ਸਨ ਪਰ ਇਹ ਜਾਨਲੇਵਾ ਸਾਬਿਤ ਹੋਏ।"
ਬੈਰਿਸਟਰ ਸ੍ਰੀਮਤੀ ਕੁਨੀਨ ਨੇ ਜਿਊਰੀ ਨੂੰ ਦੱਸਿਆ ਕਿ ਵਿਗਿਆਨਕ ਸਬੂਤ ਵੀ ਦੋਸ਼ੀ ਵੱਲ ਨਹੀਂ ਬਲਕਿ ਸ੍ਰੀਮਤੀ ਕੌਰ ਵੱਲ ਇਸ਼ਾਰਾ ਕਰਦੇ ਹਨ ਜਿਸਨੇ ਇਸ ਅੱਗ ਦੇ ਜਾਨਲੇਵਾ ਹੋਣ ਬਾਰੇ ਨਹੀਂ ਸੀ ਸੋਚਿਆ।
ਅਦਾਲਤ ਨੇ ਇਹ ਵੀ ਜਾਣਿਆ ਕਿ "ਸ਼੍ਰੀਮਤੀ ਕੌਰ ਵੱਲੋਂ ਆਪਣੇ ਉੱਤੇ ਪੈਟਰੌਲ ਛਿੜਕਣ ਤੋਂ 5-10 ਮਿੰਟ ਬਾਅਦ ਹੀ ਅੱਗ ਲਾਈ ਗਈ ਸੀ ਜਿਸ ਦੌਰਾਨ ਉਸਨੇ ਆਪਣੇ ਵਾਲਾਂ ਅਤੇ ਚਿਹਰੇ ਦੀ ਸੁਰੱਖਿਆ ਲਈ ਸਿਰ 'ਤੇ ਮੋਟਾ ਤੌਲੀਏ ਵੀ ਲਿਆ ਸੀ ਜਿਸ ਕਾਰਨ ਉਸਦਾ ਚਿਹਰਾ ਜਲਣ ਤੋਂ ਬਚ ਗਿਆ ਸੀ”।
"ਪਰਵਿੰਦਰ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਇੱਕ ਫਿਲਮ [ਗਦਰ: ਏਕ ਪ੍ਰੇਮ ਕਥਾ] ਤੋਂ ਵੀ ਪ੍ਰੇਰਿਤ ਹੋਈ ਹੋ ਸਕਦੀ ਹੈ ਅਤੇ ਉਹ ਇਸ ਘਟਨਾ ਨੂੰ ਸਿਰਫ ਇੱਕ ਡਰਾਮੇ ਵਜੋਂ ਵਰਤਣਾ ਚਾਹੁੰਦੀ ਸੀ ਤਾਂ ਜੋ ਆਪਣੇ ਪਤੀ ਨੂੰ ਘਰ ਛੱਡਣ ਤੋਂ ਰੋਕ ਸਕੇ," ਵਕੀਲ ਨੇ ਕਿਹਾ।
ਕੁਲਵਿੰਦਰ ਸਿੰਘ ਦੀ ਵਕੀਲ ਨੇ ਅਦਾਲਤ ਨੂੰ ਪਰਵਿੰਦਰ ਕੌਰ ਦੁਆਰਾ ਆਪਣੇ ਪੇਕੇ ਪਰਿਵਾਰ ਨੂੰ ਸਹਾਇਤਾ ਵਜੋਂ ਦਿੱਤੇ ਜਾਂਦੇ ਹਜ਼ਾਰਾਂ ਡਾਲਰਾਂ ਦਾ ਵੀ ਜ਼ਿਕਰ ਕੀਤਾ।
ਨਿਊ ਸਾਊਥ ਵੇਲਜ਼ ਦੀ ਸੁਪਰੀਮ ਕੋਰਟ ਵਿਚਲੀ ਜਿਊਰੀ ਨੇ ਬਚਾਅ ਪੱਖ ਦੀਆਂ ਦਲੀਲਾਂ ਸੁਨਣ ਪਿੱਛੋਂ ਕੁਲਵਿੰਦਰ ਸਿੰਘ ਨੂੰ ਆਪਣੀ ਪਤਨੀ ਨੂੰ ਜਲਾਕੇ ਮਾਰਨ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।
ਉਸਦੇ ਨਿਰਦੋਸ਼ ਸਾਬਿਤ ਹੋਣ ਪਿੱਛੋਂ ਇਹ ਅਦਾਲਤੀ ਕਾਰਵਾਈ ਹੁਣ ਖਤਮ ਹੋ ਗਈ ਹੈ ਜਦਕਿ ਇਸਤੋਂ ਪਹਿਲਾਂ ਦੀ ਸੁਣਵਾਈ ਦੌਰਾਨ ਅਕਤੂਬਰ 2019 ਵਿੱਚ ਜਿਊਰੀ ਕਿਸੇ ਫੈਸਲੇ ਉਤੇ ਨਹੀਂ ਸੀ ਪਹੁੰਚ ਸਕੀ।
ਮਾਨਸਿਕ ਤਣਾਅ ਦੀ ਸਥਿਤੀ ਵਿੱਚ ਪਾਠਕ 13 11 14 'ਤੇ ਲਾਈਫਲਾਈਨ ਜਾਂ 1300 22 4636 'ਤੇ ਬੀਓਂਡ ਬਲੂ ਨੂੰ ਸੰਪਰਕ ਕਰ ਸਕਦੇ ਹਨ।
Share
