ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦੇ ਹੋਏ, ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਪੁਸ਼ਟੀ ਕੀਤੀ ਕਿ ਯੋਜਨਾ ਅਨੁਸਾਰ, ਯੋਗ ਵੀਜ਼ਾ ਧਾਰਕਾਂ ਲਈ, ਆਸਟ੍ਰੇਲੀਆ 15 ਦਸੰਬਰ ਨੂੰ ਦੁਬਾਰਾ ਖੁੱਲ੍ਹਣ ਲਈ ਤਿਆਰ ਹੈ।
ਇਨ੍ਹਾਂ ਯੋਗ ਵੀਜ਼ਾ ਧਾਰਕਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ, ਸਕਿਲਡ ਵੀਜ਼ਾ, ਰਿਫਿਊਜੀ ਵੀਜ਼ਾ, ਹਿਉਮੈਨਿਟੇਰੀਅਨ ਵੀਜ਼ਾ, ਵਰਕਿੰਗ ਹੌਲੀਡੇ ਵੀਜ਼ਾ ਵਾਲੇ ਧਾਰਕ ਸ਼ਾਮਿਲ ਹਨ।
ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਹੁਨਰਮੰਦ ਪ੍ਰਵਾਸੀ ਇਸ ਘੋਸ਼ਣਾ ਦਾ ਸੁਆਗਤ ਕਰ ਰਹੇ ਹਨ
28 ਸਾਲਾ ਸ਼ਿਵਾਂਗੀ ਧਵਨ ਪਿਛਲੇ ਦੋ ਸਾਲਾਂ ਤੋਂ ਬੇਸਬਰੀ ਨਾਲ ਇਸ ਖਬਰ ਦੀ ਉਡੀਕ ਕਰ ਰਹੀ ਸੀ।
ਬਾਰਡਰ ਖੁਲਣ ਦੀ ਘੋਸ਼ਣਾ ਤੋਂ ਬਾਅਦ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਸ਼੍ਰੀਮਤੀ ਧਵਨ ਨੇ ਕਿਹਾ ਕਿ,"ਆਪਣੇ ਪਤੀ ਨੂੰ ਦੁਬਾਰਾ ਮਿਲਣ ਦੇ ਖਿਆਲ ਨਾਲ ਉਸ ਨੂੰ ਅਥਾਹ ਖੁਸ਼ੀ ਹੋ ਰਹੀ ਹੈ।"
ਸ਼ਿਵਾਂਗੀ ਅਤੇ ਰਾਹੁਲ ਧਵਨ ਦਾ ਫਰਵਰੀ 2020 ਵਿੱਚ ਵਿਆਹ ਹੋਇਆ ਸੀ, ਅਤੇ ਉਸੇ ਮਹੀਨੇ ਇਹ ਜੋੜਾ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਇਕੱਠੇ ਆਸਟਰੇਲੀਆ ਗਿਆ ਸੀ। ਇੱਕ ਮਹੀਨੇ ਤੋਂ ਵੀ ਘੱਟ ਸਮੇਂ ਤੋਂ ਬਾਅਦ, 16 ਮਾਰਚ ਨੂੰ, ਸ਼੍ਰੀਮਤੀ ਧਵਨ ਨੂੰ ਆਪਣੀ ਨੌਕਰੀ ਮੁਤੱਲਕ ਕੰਮ ਖਤਮ ਕਰਨ ਲਈ ਭਾਰਤ ਆਉਣਾ ਪਿਆ।

19 ਮਾਰਚ 2020 ਨੂੰ, ਉਸਦੇ ਆਸਟ੍ਰੇਲੀਆ ਛੱਡਣ ਤੋਂ ਤਿੰਨ ਦਿਨ ਬਾਅਦ, ਪ੍ਰਧਾਨ ਮੰਤਰੀ ਮੌਰੀਸਨ ਨੇ ਘੋਸ਼ਣਾ ਕੀਤੀ ਕਿ ਦੇਸ਼ ਉਸ ਰਾਤ 9 ਵਜੇ ਤੋਂ ਗੈਰ-ਆਸਟ੍ਰੇਲੀਅਨ ਨਿਵਾਸੀਆਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਦੇਵੇਗਾ।
ਵਿਕਟੋਰੀਆ ਦੇ ਜੀਲੌਂਗ ਤੋਂ ਸ਼ਿਵਾਂਗੀ ਦੇ 29 ਸਾਲਾ ਪਤੀ ਰਾਹੁਲ ਧਵਨ ਜੋ ਕਿ ਇੱਕ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕ ਹਨ ਨੇ ਐਸ ਬੀ ਐਸ ਪੰਜਾਬੀ ਨਾਲ ਆਪਣੀ ਸਥਿਤੀ ਸਾਂਝੀ ਕਰਦਿਆਂ ਕਿਹਾ ਕਿ ਪਿਛਲੇ ਦੋ ਸਾਲ ਉਸਦੀ ਜ਼ਿੰਦਗੀ ਵਿੱਚ ਸਭ ਤੋਂ ਵਿਨਾਸ਼ਕਾਰੀ ਰਹੇ ਹਨ।
"ਭਾਰਤ ਬੈਠੀ ਮੇਰੀ ਪਤਨੀ ਬਹੁਤ ਪਰੇਸ਼ਾਨ ਰਹਿਣ ਲੱਗੀ ਸੀ ਅਤੇ ਬਾਰਡਰ ਬੰਦ ਹੋਣ ਕਾਰਨ ਸਾਡੀਆਂ ਸਾਰੀਆਂ ਭਵਿੱਖ ਦੀਆਂ ਯੋਜਨਾਵਾਂ ਢੇਰੀ ਹੁੰਦੀਆਂ ਜਾਪ ਰਹੀਆਂ ਸਨ," ਉਸ ਨੇ ਕਿਹਾ।

15 ਦਸੰਬਰ ਤੋਂ, ਅੰਤਰਰਾਸ਼ਟਰੀ ਹੁਨਰਮੰਦ ਅਤੇ ਵਿਦਿਆਰਥੀ ਵੀਜ਼ਾ ਧਾਰਕਾਂ ਅਤੇ ਮਾਨਵਤਾਵਾਦੀ, ਕੰਮਕਾਜੀ ਛੁੱਟੀਆਂ ਅਤੇ ਆਰਜ਼ੀ ਪਰਿਵਾਰਕ ਵੀਜ਼ਾ ਧਾਰਕਾਂ ਨੂੰ ਦੇਸ਼ ਦੀਆਂ ਸਰਹੱਦਾਂ 'ਤੇ ਦੁਬਾਰਾ ਪਹੁੰਚ ਮਿਲੇਗੀ।
ਦੇਸ਼ ਵਿੱਚ ਦਾਖਲ ਹੋਣ ਲਈ ਯੋਗ ਵੀਜ਼ਾ ਧਾਰਕਾਂ ਲਈ, ਉਹਨਾਂ ਕੋਲ ਰਵਾਨਗੀ ਦੇ ਤਿੰਨ ਦਿਨਾਂ ਦੇ ਅੰਦਰ ਆਸਟ੍ਰੇਲੀਅਨ ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ ਦੁਆਰਾ ਪ੍ਰਵਾਨਿਤ ਟੀਕਾ ਅਤੇ ਇੱਕ ਨਕਾਰਾਤਮਕ ਕੋਵਿਡ-19 ਪੀ ਸੀ ਆਰ ਟੈਸਟ ਹੋਣਾ ਚਾਹੀਦਾ ਹੈ।

ਪੂਰੀ ਤਰ੍ਹਾਂ ਟੀਕਾਗ੍ਰਸਤ ਵਾਲੇ ਇਨ੍ਹਾਂ ਵੀਜ਼ਾ ਧਾਰਕਾਂ ਨੂੰ ਹੁਣ ਦੇਸ਼ ਵਿੱਚ ਦਾਖਲ ਹੋਣ ਦੀ ਛੋਟ ਪ੍ਰਾਪਤ ਕਰਨ ਦੀ ਲੋੜ ਨਹੀਂ ਹੋਵੇਗੀ।
ਹਾਲਾਂਕਿ ਆਸਟਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਨਵੰਬਰ ਦੀ ਸ਼ੁਰੂਆਤ ਤੋਂ ਖੁੱਲੀਆਂ ਹਨ, ਪਰ ਪਹਿਲਾਂ ਸਿਰਫ ਪੂਰੀ ਤਰ੍ਹਾਂ ਟੀਕਾਗ੍ਰਸਤ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਹੀ ਹੋਟਲ ਕੁਆਰੰਟੀਨ ਤੋਂ ਬਿਨਾਂ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
