ਮ੍ਰਿਤਕ ਦੀ ਪਛਾਣ ਉਸ ਦੇ ਪਰਿਵਾਰ ਵੱਲੋਂ 39-ਸਾਲਾ ਬਲਜਿੰਦਰ ਸਿੰਘ ਵਜੋਂ ਕੀਤੀ ਗਈ ਹੈ, ਜੋ ਕਥਿਤ ਤੌਰ 'ਤੇ ਸੇਂਟ ਮੈਰੀਜ ਵਿੱਚ ਹੋਏ ਇੱਕ ਹਾਦਸੇ 'ਚ ਮਾਰਿਆ ਗਿਆ ਹੈ ਜਿਥੇ ਉਹ ਆਪਣੇ ਟਰੱਕ ਦਾ ਲੋਡ ਚੁੱਕਣ ਲਈ ਗਿਆ ਸੀ।
ਐਨ ਐਸ ਡਬਲਯੂ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ 1 ਫਰਵਰੀ 2021 ਨੂੰ ਦੁਪਹਿਰ 12.45 ਵਜੇ ਲਿੰਕ ਰੋਡ ਡਨਹੈਵਡ ਵਿਖੇ ਵਾਪਰੀ ਇੱਕ ਦੁਰਘਟਨਾ ਪ੍ਰਤੀ ਜਾਣਕਾਰੀ ਮਿਲ਼ੀ ਸੀ।
ਐਸ ਬੀ ਐਸ ਪੰਜਾਬੀ ਨੂੰ ਦਿੱਤੇ ਬਿਆਨ ਵਿੱਚ ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਤੋਂ ਬਾਅਦ ਪੁਲਿਸ ਘਟਨਾ ਵਾਲੀ ਥਾਂ 'ਤੇ ਪਹੁੰਚੀ।
ਬੁਲਾਰੇ ਨੇ ਦੱਸਿਆ, "ਉਸ ਨੂੰ ਬਚਾਇਆ ਨਾ ਜਾ ਸਕਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ"।
ਇਸ ਦੌਰਾਨ ਕੋਰੋਨਰ ਲਈ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਇਸ ਬਾਰੇ ਸੇਫ ਵਰਕ ਐਨ ਐਸ ਡਬਲਯੂ ਨੂੰ ਵੀ ਸੂਚਿਤ ਕੀਤਾ ਹੈ ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੰਜਾਬ ਦੇ ਰੋਪੜ ਜ਼ਿਲੇ ਵਿੱਚ ਮੋਰਿੰਡਾ ਦਾ ਰਹਿਣ ਵਾਲਾ ਬਲਜਿੰਦਰ ਸਿੰਘ ਜਿਸਨੂੰ 'ਬੱਲੀ' ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਸੀ, ਸਨ 2004 ਵਿੱਚ ਆਸਟ੍ਰੇਲੀਆ ਆਇਆ ਸੀ।
ਮ੍ਰਿਤਕ ਨੌਜਵਾਨ ਸਿਡਨੀ ਦੇ ਪੱਛਮੀ ਸਬਰਬ ਬਲੈਕਟਾਊਨ ਵਿੱਚ ਆਪਣੀ ਪਤਨੀ ਅਤੇ 3, 11 ਅਤੇ 13 ਸਾਲ ਦੀਆਂ ਤਿੰਨ ਧੀਆਂ ਨਾਲ਼ ਰਹਿੰਦਾ ਸੀ।
ਮੈਲਬੌਰਨ ਦਾ ਰਹਿਣ ਵਾਲ਼ਾ ਮ੍ਰਿਤਕ ਦਾ ਚਚੇਰਾ ਭਰਾ ਜਗਦੀਪ ਸਿੰਘ ਬਾਠ ਉਸਨੂੰ ਇੱਕ "ਨੇਕ ਰੂਹ" ਵਜੋਂ ਯਾਦ ਕਰਦਾ ਹੈ ਜੋ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਸੀ।
ਉਨ੍ਹਾਂ ਕਿਹਾ, “ਸਾਨੂੰ ਉਸਦੀ ਮੌਤ ਉੱਤੇ ਅਜੇ ਵੀ ਯਕੀਨ ਨਹੀਂ ਆਓਂਦਾ। ਉਹ ਬਹੁਤ ਨਿਮਰ ਅਤੇ ਨੇਕਦਿਲ ਇਨਸਾਨ ਸੀ, ਰੱਬ ਉਸਦੀ ਆਤਮਾ ਨੂੰ ਸ਼ਾਂਤੀ ਦੇਵੇ"।

ਇਸ ਦੌਰਾਨ ਆਸਟ੍ਰੇਲੀਆ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵੱਲੋਂ ਪੀੜ੍ਹਤ ਪਰਿਵਾਰ ਨਾਲ਼ ਦੁੱਖ ਵੰਡਾਇਆ ਜਾ ਰਿਹਾ ਹੈ।
ਮ੍ਰਿਤਕ ਦੇ ਕਰੀਬੀ ਦੋਸਤ ਹਰਮੀਤ ਸਿੰਘ ਸਿੱਧੂ ਨੇ ਉਸਨੂੰ ਇੱਕ "ਮਿਹਨਤੀ ਅਤੇ ਜ਼ਿੰਦਾਦਿਲ" ਇਨਸਾਨ ਵਜੋਂ ਯਾਦ ਕੀਤਾ ਹੈ।
ਉਨ੍ਹਾਂ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, "ਉਹ ਦੋਸਤੀ ਦੀ ਇੱਕ ਵੱਖਰੀ ਮਿਸਾਲ ਅਤੇ ਕਹਿਣੀ ਤੇ ਕਰਨੀ ਦਾ ਪੱਕਾ ਸੀ। ਉਹ ਇੱਕ ਅਜਿਹਾ ਵਿਅਕਤੀ ਸੀ ਜਿਸ 'ਤੇ ਤੁਸੀਂ ਕਿਸੇ ਵੀ ਕੰਮ ਲਈ ਅੱਖਾਂ ਮੀਚਕੇ ਭਰੋਸਾ ਕਰ ਸਕਦੇ ਸੀ।"
“ਕਦੇ ਕਦੇ ਰਬ ਵੀ ਬਹੁਤ ਧੱਕਾ ਕਰ ਜਾਂਦਾ। ਮੇਰੇ ਰਬ ਵਰਗੇ ਯਾਰਾ ਦੀ ਫੁੱਲਾਂ ਦੀ ਕਿਆਰੀ ਚੋ ਇਕ ਫੁੱਲ ਅਚਾਨਕ ਹੀ ਕਲ ਟੁੱਟ ਗਿਆ ਜੋ ਹਜੇ ਆਪਣੇ ਪੂਰੇ ਜੋਬਨ ਤੇ ਸਬ ਨੂੰ ਮਹਿਕਾਂ ਖਿਲਾਰ ਰਿਹਾ ਸੀ ਤਾਂ ਧੁਰ ਦਿਲ ਚੋ ਇਕ ਹੂਕ ਜਹੀ ਨਿਕਲੀ। ਪਰਿਵਾਰ ਨੂੰ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ। RIP ਬੱਲੀ ਬਾਈ!!”
ਸ੍ਰੀ ਸਿੱਧੂ ਨੇ ਕਿਹਾ ਕਿ ਪਰਿਵਾਰ ਵੱਲੋਂ ਉਸਦੇ ਭਾਰਤ ਰਹਿੰਦੇ ਮਾਪਿਆਂ ਦੀ ਵੀਜ਼ਾ ਪ੍ਰਵਾਨਗੀ ਵਿੱਚ ਸਹਾਇਤਾ ਲਈ ਸਥਾਨਕ ਸੰਸਦ ਮੈਂਬਰ ਨਾਲ਼ ਸੰਪਰਕ ਕੀਤਾ ਗਿਆ ਹੈ।
"ਪਰਿਵਾਰ ਇਸ ਸਮੇਂ ਇਕ ਬਹੁਤ ਹੀ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ। ਕੋਵਿਡ-19 ਕਾਰਨ ਅੰਤਰਰਾਸ਼ਟਰੀ ਯਾਤਰਾ ਸੀਮਤ ਹੈ। ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸਦੇ ਮਾਪੇ ਅਗਲੇ ਕੁਝ ਦਿਨਾਂ ਵਿੱਚ ਆਪਣੇ ਪਿਆਰੇ ਪੁੱਤਰ ਦੇ ਅੰਤਮ ਸੰਸਕਾਰ ਲਈ ਆਸਟ੍ਰੇਲੀਆ ਆ ਸਕਣ।"

ਬਲਜਿੰਦਰ ਸਿੰਘ ਦੇ ਅਜ਼ੀਜ਼ ਦੋਸਤ ਹਰਕੀਰਤ ਸਿੰਘ ਸੰਧਰ ਨੇ ਕਿਹਾ ਕਿ ਇਹ ਸਮੁਚੇ ਭਾਈਚਾਰੇ ਲਈ ਬਹੁਤ ਹੀ ਦੁਖਦਾਈ ਦਿਨ ਹੈ।
ਉਨ੍ਹਾਂ ਕਿਹਾ, “ਉਸ ਦੇ ਭਰ ਜਵਾਨੀ ਵਿੱਚ ਚਲੇ ਜਾਣ ਦਾ ਹਰ ਕਿਸੇ ਨੂੰ ਅਫਸੋਸ ਹੈ। ਅਸੀਂ ਹਰ ਸੰਭਵ ਤਰੀਕੇ ਨਾਲ ਪਰਿਵਾਰ ਦੀ ਮਦਦ ਕਰਨ ਲਈ ਤਿਆਰ ਹਾਂ। ਪਰ ਕੋਈ ਵੀ ਯਤਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪਰਿਵਾਰ ਦੀਆਂ ਹਦਾਇਤਾਂ ਦੀ ਉਡੀਕ ਕਰਾਂਗੇ।”
ਘਟਨਾ ਦੀ ਤਫਤੀਸ਼ ਦੇ ਚਲਦਿਆਂ ਸ਼੍ਰੀ ਬਾਠ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਬਲਜਿੰਦਰ ਸਿੰਘ ਦਾ ਮ੍ਰਿਤਕ ਸਰੀਰ ਅਜੇ ਵੀ ਕੋਰੋਨਰ ਕੋਲ ਹੈ ਜੋ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।
"ਅਸੀਂ ਇਸ ਮਾਮਲੇ ਦੀ ਪੁਖਤਾ ਤਫਤੀਸ਼ ਚਾਹੁੰਦੇ ਹਾਂ ਅਤੇ ਉਨ੍ਹਾਂ ਸਾਰੇ ਹਾਲਾਤਾਂ ਨੂੰ ਜਾਣਨਾ ਚਾਹੁੰਦੇ ਹਾਂ ਜੋ ਉਸ ਦੀ ਮੌਤ ਦਾ ਕਾਰਨ ਬਣੇ ਹਨ। ਹੁਣ ਤੱਕ ਅਸੀਂ ਇਹੀ ਜਾਣਦੇ ਹਾਂ ਕਿ ਉਹ ਟਰੱਕ ਦਾ ਲੋਡ ਚੁੱਕਣ ਲਈ ਇਸ ਕੰਮ ਵਾਲੀ ਥਾਂ ‘ਤੇ ਗਿਆ ਸੀ ਜਿਸ ਦੌਰਾਨ ਉਹ ਇੱਕ ਭਾਰੀ ਫੋਰਕਲੀਫਟ ਅਤੇ ਆਪਣੇ ਟਰੱਕ ਦੇ ਵਿਚਕਾਰ ਕੁਚਲਿਆ ਗਿਆ।
"ਪਰ ਇਸ ਬਾਰੇ ਕੁਝ ਹੋਰ ਕਹਿਣਾ ਮੁਸ਼ਕਲ ਹੋਵੇਗਾ ਕਿਉਂਕਿ ਇਹ ਮਾਮਲਾ ਹੁਣ ਜਾਂਚ ਅਧੀਨ ਹੈ। ਪੂਰੀ ਜਾਣਕਾਰੀ ਤੋਂ ਬਾਅਦ ਹੀ ਅਸੀਂ ਬੀਮਾ ਅਤੇ ਹੋਰ ਕਾਨੂੰਨੀ ਕਾਰਵਾਈ ਲਈ ਕੰਪਨੀ ਨਾਲ ਸੰਪਰਕ ਕਰਾਂਗੇ," ਉਨ੍ਹਾਂ ਕਿਹਾ।

ਸੇਫਵਰਕ ਐਨ ਐਸ ਡਬਲਯੂ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
“ਸੇਫਵਰਕ ਐਨ ਐਸ ਡਬਲਯੂ ਸੇਂਟ ਮੈਰੀ ਦੇ ਇੱਕ ਕਾਰੋਬਾਰ ਦੀ ਲੋਡਿੰਗ ਡੌਕ ਉੱਤੇ ਇੱਕ ਫੋਰਕਲਿਫਟ ਘਟਨਾ ਦੀ ਜਾਂਚ ਕਰ ਰਹੀ ਹੈ ਜਿੱਥੇ ਇੱਕ ਟਰੱਕ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਇਸ ਸਮੇਂ ਹੋਰ ਟਿੱਪਣੀ ਨਹੀਂ ਕੀਤੀ ਜਾ ਸਕਦੀ,” ਬੁਲਾਰੇ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ।
ਇਸ ਦੌਰਾਨ ਭਾਈਚਾਰੇ ਵੱਲੋਂ ਪਰਿਵਾਰ ਦੀ ਵਿੱਤੀ ਸਹਾਇਤਾ ਲਈ 'ਗੋ ਫੰਡ ਮੀ' ਉਤੇ ਇੱਕ ਆਨਲਾਈਨ ਫੰਡਰੇਜ਼ਰ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਖ਼ਬਰ ਲਿਖੇ ਜਾਣ ਤੱਕ 10,000 ਡਾਲਰ ਤੋਂ ਵੀ ਵੱਧ ਦੀ ਸਹਾਇਤਾ ਰਾਸ਼ੀ ਇਕੱਠੀ ਕੀਤੀ ਗਈ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


