ਅਗਸਤ 1947 ਵਿੱਚ ਭਾਰਤ ਦੀ ਵੰਡ ਨੂੰ ਵਿਸ਼ਵ ਦੇ ਇਤਿਹਾਸ ਵਿੱਚ ਪਰਵਾਸ ਦੀ ਸਭ ਤੋਂ ਵੱਡੀ ਜਬਰੀ ਅਗਵਾਈ ਵਜੋਂ ਦੇਖਿਆ ਜਾਂਦਾ ਹੈ, ਜਿਸ ਵਿੱਚ ਅੰਦਾਜ਼ਨ 10-15 ਮਿਲੀਅਨ ਲੋਕਾਂ ਨੂੰ ਨਵੀਂ-ਨਿਸ਼ਾਦੇਹੀ ਵਾਲੀ ਰੈੱਡਕਲਿਫ ਲਾਈਨ ਤੋਂ ਪਾਰ ਜਾਣਾ ਪਿਆ।
ਮੁਸਲਮਾਨ ਪਾਕਿਸਤਾਨ ਵੱਲ ਰਵਾਨਾ ਹੋ ਗਏ ਅਤੇ ਹਿੰਦੂ ਤੇ ਸਿੱਖਾਂ ਨੇ ਭਾਰਤ ਵੱਲ ਕੂਚ ਕਰ ਲਿਆ। ਇਸ ਸਮੇਂ ਹੋਈ ਹਿੰਸਾ ਵਿੱਚ 5 ਤੋਂ 20 ਲੱਖ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ।
ਲੱਖਾਂ ਲੋਕਾਂ ਲਈ, ਇਸ ਵੰਡ ਦਾ ਮਤਲਬ ਆਪਣੇ ਵਿਰਾਸਤੀ ਘਰਾਂ ਅਤੇ ਜ਼ਿੰਦਗੀਆਂ ਨੂੰ ਪਿੱਛੇ ਛੱਡਣਾ ਸੀ।
ਐਸ.ਬੀ.ਐਸ. ਵੱਲੋਂ ਕੁੱਝ ਅਜਿਹੇ ਆਸਟ੍ਰੇਲੀਅਨ ਲੋਕਾਂ ਨਾਲ ਗੱਲਬਾਤ ਕੀਤੀ ਗਈ ਜੋ ਭਾਰਤ ਅਤੇ ਪਾਕਿਸਤਾਨ ਵਿੱਚ ਪੈਦਾ ਹੋਏ ਸਨ ਅਤੇ ਇਸ ਵੰਡ ਦੇ ਦੌਰ ਵਿੱਚੋਂ ਵੀ ਗੁਜ਼ਰ ਚੁੱਕੇ ਸਨ।
ਉਹਨਾਂ ਦੀਆਂ ਕਹਾਣੀਆਂ ਵੰਡ ਦੀ ਵਿਭਿੰਨ ਅਤੇ ਗੁੰਝਲਦਾਰ ਵਿਰਾਸਤ ਨੂੰ ਦਰਸਾਉਂਦੀਆਂ ਹਨ।

ਸਰਹੱਦਾਂ ਪਾਰ ਦੀ ਦੋਸਤੀ
ਸ਼੍ਰੀ ਮਕਸੂਦ ਅਹਿਮਦ ਸ਼ੇਖ 1947 ਵਿੱਚ 15 ਵਰ੍ਹਿਆਂ ਦੇ ਸਨ।
ਸਿਡਨੀ ਵਿੱਚ ਪਿੱਛਲੇ ਦੋ ਦਹਾਕਿਆਂ ਤੋਂ ਰਹਿ ਰਹੇ 90 ਸਾਲਾ ਪਾਕਿਸਤਾਨੀ-ਆਸਟ੍ਰੇਲੀਅਨ ਇਸ ਵੰਡ ਨੂੰ ‘ਪਰਖ ਦੀ ਘੜੀ’ ਵਜੋਂ ਯਾਦ ਕਰਦੇ ਹਨ।
ਪਰ ਇਸ ਸਮੇਂ ਦੌਰਾਨ, ਉਨ੍ਹਾਂ ਅਜੇ ਵੀ ਆਪਣੀ ਪੁਰਾਣੀ ਦੋਸਤੀ ਨੂੰ ਆਪਣੀਆਂ ਯਾਦਾਂ ਵਿੱਚ ਸੰਜੋ ਕੇ ਰੱਖਿਆ ਹੋਇਆ ਹੈ।
ਸ਼੍ਰੀ ਸ਼ੇਖ ਨੇ ਐਸ.ਬੀ.ਐਸ. ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦਾ ਜਨਮ ਲਾਇਲਪੁਰ ਵਿੱਚ ਇੱਕ ਅਮੀਰ ਪਰਿਵਾਰ ਵਿੱਚ ਹੋਇਆ ਸੀ, ਜੋ ਕਿ ਅੱਜ ਪਾਕਿਸਤਾਨ ਦੇ ਫੈਸਲਾਬਾਦ ਵਜੋਂ ਜਾਣਿਆ ਜਾਂਦਾ ਹੈ। ਪਰ 1947 ਤੱਕ, ਉਹ ਆਧੁਨਿਕ ਭਾਰਤ ਦੇ ਅੰਮ੍ਰਿਤਸਰ ਵਿੱਚ ਰਹਿ ਰਹੇ ਸੀ।
ਉਹਨਾਂ ਦੇ ਪਿਤਾ ਕੋਲ ਪੰਜਾਬ ਭਰ ਵਿੱਚ ਇੱਕ ਸਟੀਲ ਮਿੱਲ ਅਤੇ ਕਈ ਆਟਾ ਮਿੱਲਾਂ ਸਨ, ਇਹ ਖੇਤਰ ਵੰਡ ਤੋਂ ਬਾਅਦ ਦੋ ਭਾਗਾਂ ਵਿੱਚ ਵੰਡਿਆ ਜਾਣਾ ਸੀ।
ਜਿਥੇ ਸ਼੍ਰੀ ਸ਼ੇਖ ਅਤੇ ਉਹਨਾਂ ਦਾ ਪਰਿਵਾਰ ਪਾਕਿਸਤਾਨ ਦੇ ਫੈਸਲਾਬਾਦ ਵਿੱਚ ਜਾਣ ਦਾ ਫੈਸਲਾ ਕਰ ਚੁੱਕਾ ਸੀ, ਉਥੇ ਹੀ ਦੂਜੇ ਪਾਸੇ ਉਹਨਾਂ ਦੀ ਇੱਕ ਆਟਾ ਮਿੱਲ ਦਾ ਹਿੰਦੂ ਮੈਨੇਜਰ ਭਾਰਤ ਵਿੱਚ ਪਰਵਾਸ ਕਰਨ ਦੀ ਤਿਆਰੀ ਕਰ ਰਿਹਾ ਸੀ।
ਸ਼੍ਰੀ ਸ਼ੇਖ ਨੇ ਉਸ ਸਮੇਂ ਦੀ ਯਾਦ ਸਾਂਝੀ ਕਰਦਿਆਂ ਦੱਸਿਆ ਕਿ ਛੱਡਣ ਤੋਂ ਪਹਿਲਾਂ ਉਸ ਹਿੰਦੂ ਮੈਨੇਜਰ ਨੇ ਉਹਨਾਂ ਦੇ ਪਿਤਾ ਨੂੰ ਪੁੱਛਿਆ ਸੀ ਕਿ ਕੀ ਉਹਨਾਂ ਨੂੰ ਭਾਰਤ ਵਿੱਚ ਕਿਸੇ ਮਦਦ ਦੀ ਲੋੜ ਹੈ।
ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਨੇ ਮੈਨੇਜਰ ਨੂੰ ਅੰਮ੍ਰਿਤਸਰ ਵਿੱਚ ਪਿੱਛੇ ਰਹਿ ਗਏ ਕੁੱਝ ਪੈਸਿਆ ਬਾਰੇ ਦੱਸਦਿਆਂ ਉਹਨਾਂ ਨੂੰ ਉਹ ਪੈਸੇ ਸੰਭਾਲਣ ਲਈ ਕਿਹਾ ਸੀ।
ਸ਼੍ਰੀ ਸ਼ੇਖ ਨੇ ਦੱਸਿਆ ਕਿ ਵੰਡ ਤੋਂ ਛੇ ਮਹੀਨੇ ਬਾਅਦ ਉਹ ਚੰਗਾ ਮੈਨੇਜਰ ਪਾਕਿਸਤਾਨ ਸਿਰਫ ਉਹਨਾਂ ਦੇ ਪੈਸੇ ਵਾਪਸ ਕਰਨ ਆਇਆ ਸੀ।
ਉਸ ਸਮੇਂ ਦੀ ਵੱਡੀ ਰਕਮ ਮੰਨੀ ਜਾਂਦੀ 75000 ਰੁਪਏ ਨਾਲ ਉਹਨਾਂ ਦੇ ਪਰਿਵਾਰ ਨੇ ਫੈਸਲਾਬਾਦ ਵਿੱਚ ਇੱਕ ਹੋਰ ਆਟੇ ਦੀ ਮਿੱਲ ਖਰੀਦ ਲਈ ਸੀ।

ਏਕਤਾ ਦੀ ਮਿਸਾਲ
1941 ਵਿੱਚ ਪਾਸਿਕਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਵਿੱਚ ਜਨਮੇ ਸਰਵਰ ਖ਼ਾਨ ਨੇ ਵੰਡ ਸਮੇਂ ਅਜੇ ਸਕੂਲ ਜਾਣਾ ਸ਼ੁਰੂ ਹੀ ਕੀਤਾ ਸੀ।
ਸ਼੍ਰੀ ਖ਼ਾਨ ਨੂੰ ਅੱਜ ਵੀ ਯਾਦ ਹੈ ਕਿ ਕਿਵੇਂ ਉਹਨਾਂ ਦੇ ਅਧਿਆਪਕ ਨੇ ਸ਼ਹਿਰ ਵਿੱਚ ਹਿੰਸਾ ਫੈਲਣ ‘ਤੇ ਉਹਨਾਂ ਨੂੰ ਕਲਾਸਰੂਮ ਵਿੱਚ ਲੁੱਕ ਜਾਣ ਲਈ ਕਿਹਾ ਸੀ।
ਮੈਲਬੌਰਨ ਵਿੱਚ ਰਹਿੰਦੇ ਸ਼੍ਰੀ ਖ਼ਾਨ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਇੱਕ ਇੱਟਾਂ ਦਾ ਭੱਠਾ ਸੀ ਜਿਥੇ ਸੁੱਖਾ ਸਿੰਘ ਨਾਂ ਦਾ ਇੱਕ ਸਿੱਖ ਵਿਅਕਤੀ ਕੰਮ ਕਰਦਾ ਸੀ।
ਉਹਨਾਂ ਦੱਸਿਆ ਕਿ ਜਦੋਂ ਉਹਨਾਂ ਦੇ ਪਿੰਡਾਂ ਵਿੱਚ ਗੈਰ-ਮੁਸਲਿਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਣ ਲਗਾ ਤਾਂ ਉਹਨਾਂ ਦੇ ਪਿੰਡ ਵਾਲਿਆਂ ਨੇ ਸੁੱਖਾ ਸਿੰਘ ਨੂੰ ਇੱਕ ਸਥਾਨਕ ਮਸਜਿਦ ਵਿੱਚ ਲੁਕਾ ਦਿੱਤਾ।
ਸਰਵਰ ਖ਼ਾਨ ਨੂੰ ਅੱਜ ਵੀ ਸੁੱਖਾ ਸਿੰਘ ਦਾ ਚੇਹਰਾ ਯਾਦ ਹੈ।
ਐਸ.ਬੀ.ਐਸ. ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਦੇ ਚਾਚਾ, ਸੁੱਖਾ ਸਿੰਘ ਨੂੰ ਬਚਾਉਣ ਵੱਲਿਆਂ ਵਿੱਚੋਂ ਇੱਕ ਸਨ ਅਤੇ ਬਾਅਦ ਵਿੱਚ ਉਹਨਾਂ ਨੇ ਸੁੱਖਾ ਸਿੰਘ ਨੂੰ ਸਰਹੱਦ ਪਾਰ ਕਰ ਕੇ ਭਾਰਤ ਪਹੁੰਚਣ ਵਿੱਚ ਵੀ ਮਦਦ ਕੀਤੀ ਸੀ।
ਮੈਲਬੌਰਨ ਦੀ ਰਹਿਣ ਵਾਲੀ ਤਹਿਸੀਨ ਰਈਸ ਵੀ ਏਕਤਾ ਅਤੇ ਭਾਈਚਾਰਕ ਸਾਂਝ ਵਾਲੀਆਂ ਯਾਦਾਂ ਦਾ ਜ਼ਿਕਰ ਕਰਦੇ ਹਨ।
ਉਹਨਾਂ ਦਾ ਜਨਮ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਕਾਨਪੁਰ ਵਿੱਚ ਹੋਇਆ ਸੀ।
ਉਹਨਾਂ ਦੱਸਿਆ ਕਿ ਉਹਨਾਂ ਦੇ ਗੁਆਂਢ ਵਿੱਚ ਕਈ ਧਰਮਾਂ ਦੇ ਲੋਕ ਰਹਿੰਦੇ ਸਨ ਅਤੇ ਇੱਕ ਦਿਨ ਜਦੋਂ ਬਦਮਾਸ਼ਾਂ ਨਾਲ ਭਰਿਆ ਟਰੱਕ ਉਹਨਾਂ ਦੇ ਇਲਾਕੇ ਵਿੱਚ ਆਇਆ ਤਾਂ ਪਿੰਡ ਦੇ ਲੋਕਾਂ ਨੇ ਬਿਨਾਂ ਕਿਸੇ ਧਰਮ ਦੀ ਪਰਵਾਹ ਕਰਦਿਆਂ ਇੱਕਜੁੱਟ ਹੋ ਕੇ ਉਹਨਾਂ ਨੂੰ ਖਦੇੜ੍ਹ ਦਿੱਤਾ।

ਵੋਟ ਦੀ ਅਹਿਮੀਅਤ
40 ਸਾਲਾਂ ਤੋਂ ਸਿਡਨੀ ਵਿੱਚ ਰਹਿ ਰਹੇ ਕਨੀਜ਼ ਫਾਤਿਮਾ ਮੁਤਾਬਕ ਵੰਡ ਤੋਂ ਬਾਅਦ ਉਹਨਾਂ ਨੂੰ ਲੋਕਤੰਤਰੀ ਪ੍ਰਕਿਰਿਆ ਦੀ ਮਹੱਤਤਾ ਦਾ ਅਹਿਸਾਸ ਹੋਇਆ।
ਉਹਨਾਂ ਐਸ.ਬੀ.ਐਸ. ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਜਾਣਦੇ ਸਨ ਕਿ ਜੇਕਰ ਉਹਨਾਂ ਨੂੰ ਜ਼ਿਆਦਾ ਵੋਟਾਂ ਮਿਲਣਗੀਆਂ ਤਾਂ ਉਹਨਾਂ ਨੂੰ ਵੱਡਾ ਦੇਸ਼ ਮਿਲੇਗਾ।
ਭਾਰਤ ਵਿੱਚ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲੇ ਵਿੱਚ ਰਹਿਣ ਵਾਲੀ ਇੱਕ ਨੌਂ ਸਾਲਾਂ ਦੀ ਬੱਚੀ ਹੋਣ ਦੇ ਨਾਤੇ, ਉਨ੍ਹਾਂ ਨੂੰ 1945-46 ਦੀਆਂ ਸੂਬਾਈ ਚੋਣਾਂ ਯਾਦ ਹਨ ਜਿਸ ਵਿੱਚ ਮੁਸਲਿਮ ਲੀਗ ਨੇ ਪਾਕਿਸਤਾਨ ਦੇ ਸਮਰਥਨ ਲਈ ਵੋਟਰਾਂ ਨੂੰ ਅਪੀਲ ਕੀਤੀ ਸੀ।
ਸ਼੍ਰੀਮਤੀ ਫਾਤਿਮਾ ਨੇ ਦੱਸਿਆ ਕਿ ਉਹਨਾਂ ਦੀ ਮਾਂ ਉਹਨਾਂ ਦੇ ਛੋਟੇ ਭਰਾ ਦੀ ਦੇਖਭਾਲ ਕਰਨ ਕਰ ਕੇ ਵੋਟ ਪਾਉਣ ਨਹੀਂ ਜਾ ਰਹੀ ਸੀ ਪਰ ਉਹਨਾਂ ਕਿਹਾ ਕਿ ਉਹਨਾਂ ਆਪਣੈ ਮਾਂ ‘ਤੇ ਵੋਟ ਪਾ ਕੇ ਆਉਣ ਦਾ ਜ਼ੋਰ ਪਾਉਂਦਿਆਂ ਕਿਹਾ ਕਿ ਉਹ ਆਪਣੇ ਛੋਟੇ ਭਰਾ ਦਾ ਧਿਆਨ ਰੱਖਣਗੇ।
ਸ਼੍ਰੀਮਤੀ ਫਾਤਿਮਾ ਬਾਅਦ ਵਿੱਚ ਆਸਟ੍ਰੇਲੀਆ ਵਿੱਚ ਇੱਕ ਨਵਾਂ ਜੀਵਨ ਸ਼ੁਰੂ ਕਰਨ ਤੋਂ ਪਹਿਲਾਂ, ਆਪਣਾ ਘਰ ਛੱਡ ਕੇ ਪਾਕਿਸਤਾਨ ਵਿੱਚ ਕਰਾਚੀ ਚਲੀ ਗਈ ਸੀ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।