ਇਸ ਸਾਲ ਦਾ ਦੀਵਾਲੀ ਦਾ ਤਿਉਹਾਰ 24 ਅਕਤੂਬਰ ਨੂੰ ਮਨਾਇਆ ਜਾਵੇਗਾ।
ਇਸ ਤਿਉਹਾਰ ਦਾ ਜਸ਼ਨ ਆਮ ਤੌਰ ਉੱਤੇ ਪੰਜ ਦਿਨਾਂ ਤੱਕ ਚੱਲਦਾ ਹੈ।
ਆਸਟ੍ਰੇਲੀਆ ਵਿੱਚ 10 ਲੱਖ ਤੋਂ ਵੱਧ ਹਿੰਦੂ, ਜੈਨ, ਬੋਧੀ ਅਤੇ ਸਿੱਖ ਇਸ ਤਿਉਹਾਰ ਨਾਲ ਜੁੜੇ ਕਈ ਸੰਸਕਰਣ ਵੀ ਮਨਾਉਂਦੇ ਹਨ ਜਿੰਨ੍ਹਾਂ ਵਿੱਚ ਤਿਹਾਰ ਅਤੇ ਬੰਦੀ ਛੋੜ ਦਿਵਸ ਵੀ ਸ਼ਾਮਲ ਹਨ।
ਇਹ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਡਾਕਟਰ ਜੈਅੰਤ ਬਾਪਤ ਇੱਕ ਹਿੰਦੂ ਪੁਜਾਰੀ ਹਨ ਅਤੇ ਮੈਲਬੌਰਨ ਦੀ ਮੋਨਾਸ਼ ਯੂਨੀਵਰਸਿਟੀ ਵਿੱਚ ਸਮਾਜਿਕ ਸ਼ਾਸਤਰ ਵਿੱਚ ਖੋਜਕਾਰ ਵੀ ਹਨ।
ਉਹਨਾਂ ਦਾ ਕਹਿਣਾ ਹੈ ਕਿ ‘ਦੀਵਾਲੀ’ ਸ਼ਬਦ ਸੰਸਕ੍ਰਿਤ ਭਾਸ਼ਾ ਦੇ ‘ਦੀਪਾਵਲੀ’ ਤੋਂ ਲਿਆ ਗਿਆ ਹੈ।
ਦੀਪ ਦਾ ਅਰਥ ਹੈ ‘ਦੀਵਾ’ ਅਤੇ ਆਵਲੀ ਦਾ ਮਤਲਬ ਹੈ ‘ਕਤਾਰ’। ਇਸ ਪ੍ਰਕਾਰ ਦੀਪਾਵਲੀ ਦਾ ਸਭ ਤੋਂ ਆਮ ਅਰਥ ਬਣਦਾ ਹੈ ‘ਦੀਵਿਆਂ ਦੀ ਕਤਾਰ’।
ਭਾਰਤੀ ਉਪ-ਮਹਾਂਦੀਪ ਦੇ ਹਰ ਖੇਤਰ ਦੀਆਂ ਪਰੰਪਰਾਵਾਂ ਦੇ ਹਿਸਾਬ ਨਾਲ ਜਸ਼ਨ ਵੀ ਵੱਖੋ-ਵੱਖ ਢੰਗ ਨਾਲ ਮਨਾਏ ਜਾਂਦੇ ਹਨ।
ਹਰ ਸਾਲ ਦੀਵਾਲੀ ਹਿੰਦੂ ਕੈਲੰਡਰ ਦੇ ਸੱਤਵੇਂ ਮਹੀਨੇ ‘ਅਸ਼ਵਿਨ/ਕਾਰਤਿਕ’ ਵਿੱਚ ਮਨਾਈ ਜਾਂਦੀ ਹੈ, ਜੋ ਕਿ ਆਮ ਤੌਰ ਉੱਤੇ ਅਕਤੂਬਰ ਜਾਂ ਨਵੰਬਰ ਦੇ ਕਰੀਬ ਹੁੰਦਾ ਹੈ।

ਰਵਾਇਤੀ ਤੌਰ ਉੱਤੇ ਇਸ ਤਿਉਹਾਰ ਦੇ ਮੌਕੇ ਮਿੱਟੀ ਦੇ ਬਣੇ ਦੀਵੇ ਬਾਲੇ ਜਾਂਦੇ ਹਨ ਅਤੇ ਨਾਲ ਹੀ ਬੱਚੇ ਤੇ ਬਾਲਗ਼ ਇਸ ਮੌਕੇ ਆਤਿਸ਼ਬਾਜ਼ੀ ਵੀ ਕਰਦੇ ਹਨ।
ਕੁੱਝ ਲੋਕਾਂ ਲਈ ਤਾਂ ਰੰਗੋਲੀ ਤੋਂ ਬਿਨ੍ਹਾਂ ਜਸ਼ਨ ਦੀ ਤਿਆਰੀ ਮੁਕੰਮਲ ਹੀ ਨਹੀਂ ਹੁੰਦੀ, ਜਿਵੇਂ ਕਿ ਦੱਖਣੀ ਭਾਰਤ ਦੇ ਭਾਈਚਾਰਿਆਂ ਵਿੱਚ ‘ਕੋਲਮ’ ਦੇ ਨਾਂ ਤੋਂ ਜਾਣੇ ਜਾਂਦੇ ਰੰਗੀਨ ਨਮੂਨਿਆਂ ਦੀ ਬਹੁਤ ਅਹਿਮੀਅਤ ਹੁੰਦੀ ਹੈ।
ਇਹ ਰੰਗੀਨ ਨਮੂਨੇ ਦੀਵਾਲੀ ਦੇ ਤਿਉਹਾਰ ਦੌਰਾਨ ਹਰ ਰੋਜ਼ ਸਵੇਰੇ ਹਿੰਦੂ ਦੇਵੀ ਲਕਸ਼ਮੀ ਦੇ ਸਵਾਗਤ ਅਤੇ ਚੰਗੀ ਕਿਸਮਤ ਲਿਆਉਣ ਦੀ ਇੱਛਾ ਨਾਲ ਬਣਾਏ ਜਾਂਦੇ ਹਨ।
ਇਸ ਦੌਰਾਨ ਪਰਿਵਾਰ ਅਤੇ ਦੋਸਤ ਸਭ ਇੱਕਠੇ ਹੋ ਕੇ ਨੱਚਦੇ, ਗਾਉਂਦੇ ਹਨ ਤੇ ਮਿਠਾਈਆਂ ਅਤੇ ਤੋਹਫ਼ੇ ਵੰਡਦੇ ਹਨ।
ਪੈਸਾ ਅਤੇ ਖੁਸ਼ਹਾਲੀ ਲਿਆਉਣ ਦੀ ਉਮੀਦ ਵਿੱਚ ਦੀਵਿਆਂ ਦੀ ਰੌਸ਼ਨੀ ਕੀਤੇ ਜਾਣ ਤੋਂ ਪਹਿਲਾਂ ਘਰਾਂ ਦੀ ਸਫ਼ਾਈ ਕੀਤੀ ਜਾਂਦੀ ਹੈ। ਕੁੱਝ ਪਰਿਵਾਰ ਤਾਂ ਆਪਣੇ ਘਰ ਨੂੰ ਰੰਗ ਵੀ ਕਰਵਾਉਂਦੇ ਹਨ।

ਆਸਟ੍ਰੇਲੀਆ ਦੀ ਦੀਵਾਲੀ
ਆਸਟ੍ਰੇਲੀਆ ਵਿੱਚ ਭਾਰਤੀ ਉਪ ਮਹਾਂਦੀਪ ਦੀ ਵਿਰਾਸਤ ਵਾਲੇ ਨਾਗਰਿਕਾਂ ਅਤੇ ਵਸਨੀਕਾਂ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ, ਭਾਵ ਦੀਵਾਲੀ ਦੇ ਜਸ਼ਨ ਰਾਜਧਾਨੀ ਸ਼ਹਿਰਾਂ ਅਤੇ ਬਹੁਤ ਸਾਰੇ ਖੇਤਰੀ ਕੇਂਦਰਾਂ ਵਿੱਚ ਮਨ੍ਹਾਏ ਜਾਣ ਲੱਗ ਪਏ ਹਨ।
ਮੈਲਬੌਰਨ ਅਧਾਰਿਤ ਤਾਰਾ ਰਾਜਕੁਮਾਰ ਓ.ਏ.ਐਮ ਇੱਕ ਪ੍ਰਸਿੱਧ ਡਾਂਸਰ ਅਤੇ ਕੋਰੀਓਗ੍ਰਾਫਰ ਹਨ। ਉਹਨਾਂ ਦਾ ਕਹਿਣਾ ਹੈ ਹਾਲ ਹੀ ਦੇ ਦਹਾਕਿਆਂ ਵਿੱਚ ਤਿੳਹਾਰ ਦੀ ਪ੍ਰੋਫਾਈਲ ਕਾਫ਼ੀ ਵਧੀ ਹੈ।
ਉਹਨਾਂ ਦੱਸਿਆ ਕਿ ਜਦੋਂ 1983 ਵਿੱਚ ਉਹ ਆਸਟ੍ਰੇਲੀਆ ਆਏ ਸਨ ਤਾਂ ਉਸ ਸਮੇਂ ਦੀਵਾਲੀ ਘਰ ਵਿੱਚ ਜਾਂ ਛੋਟੇ ਸਮੂਹਾਂ ਵਿੱਚ ਮਨਾਈ ਜਾਂਦੀ ਸੀ ਪਰ ਹੁਣ ਇਹ ਵਧੇਰੇ ਵਿਆਪਕ ਤੌਰ ਉੱਤੇ ਮਨਾਈ ਜਾਣ ਲੱਗ ਪਈ ਹੈ।
ਉਪ ਮਹਾਂਦੀਪ ਤੋਂ ਪਰਵਾਸ ਵਿੱਚ ਵਾਧਾ ਹੋਣ ਦੇ ਨਾਲ ਬਹੁਤ ਫ਼ਰਕ ਪਿਆ ਹੈ ਅਤੇ ਦੀਵਾਲੀ ਨੂੰ ਹਿੰਦੂ ਕੈਲੰਡਰ ਦੇ ਸਭ ਤੋਂ ਮਹੱਤਵਪੂਰਨ ਤਿਉਹਾਰ ਵਜੋਂ ਮਾਨਤਾ ਦਿੱਤੀ ਜਾਂਦੀ ਹੈ।
ਹੁਣ ਪੂਰੇ ਆਸਟ੍ਰੇਲੀਆ ਵਿੱਚ ਦੀਵਾਲੀ ਦੀਆਂ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ। ਮੈਲਬੌਰਨ ਦੇ ਫੈਡਰੇਸ਼ਨ ਸਕੇਅਰ ਤੋਂ ਹਵਾਈ ਅੱਡਿਆਂ ਤੱਕ, ਜਸ਼ਨ ਦੇ ਨਮੂਨੇ ਦੇਖੇ ਜਾ ਸਕਦੇ ਹਨ।ਤਾਰਾ ਰਾਜਕੁਮਾਰ
ਜਸ਼ਨਾਂ ਦੇ ਪਿੱਛੇ ਦੀਆਂ ਕਹਾਣੀਆਂ
ਹਿੰਦੂ ਭਾਈਚਾਰੇ ਦੇ ਮੈਂਬਰ ਆਮ ਤੌਰ ਉੱਤੇ ਪੰਜ ਦਿਨ ਦੀਵਾਲੀ ਮਨਾਉਂਦੇ ਹਨ।
ਇਹ ਜਸ਼ਨ ਧਨਤਰਯੋਦਸ਼ੀ ਜਾਂ ਧਨਤੇਰਸ ਨਾਲ ਸ਼ੁਰੂ ਹੁੰਦਾ ਹੈ, ਜਿਸ ਦਿਨ ਸੋਨਾ ਜਾਂ ਚਾਂਦੀ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ।
ਡਾਕਟਰ ਬਾਪਤ ਕਹਿੰਦੇ ਹਨ ਕਿ ਇਸ ਦਿਨ ਲੋਕ ਬੱਚਿਆਂ ਲਈ ਤੋਹਫ਼ੇ ਖਰੀਦਦੇ ਹਨ। ਹਰ ਕੋਈ ਨਵੇਂ ਕੱਪੜੇ ਪਾਉਂਦਾ ਹੈ, ਘਰਾਂ ਨੂੰ ਸਾਫ਼ ਕੀਤਾ ਜਾਂਦਾ ਹੈ ਅਤੇ ਨਾਲ ਹੀ ਲੋਕ ਸੋਨਾ ਤੇ ਚਾਂਦੀ ਖਰੀਦਦੇ ਹਨ। ਇਸ ਦਿਨ ਲਕਸ਼ਮੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ।

ਦੂਜਾ ਦਿਨ ਚਤੁਰਦਸ਼ੀ ਕਿਹਾ ਜਾਂਦਾ ਹੈ ਜੋ ਕਿ ਭਾਰਤੀ ਉਪਮਹਾਂਦੀਪ ਦੇ ਵੱਖ-ਵੱਖ ਮਿੱਥਾਂ ਨਾਲ ਜੁੜਿਆ ਹੋਇਆ ਹੈ।
ਇੱਕ ਮਿਥਿਆ ਇਹ ਹੈ ਕਿ ਨਰਕਾਸੁਰ ਨਾਂ ਦਾ ਇੱਕ ਦੈਂਤ ਰਾਜਾ ਸੀ ਜਿਸਨੂੰ ਭਗਵਾਨ ਕ੍ਰਿਸ਼ਨ ਨੇ ਹਰਾ ਕੇ ਮਾਰਿਆ ਸੀ। ਇਸ ਬਾਰੇ ਹੋਰ ਗੱਲ ਕਰਦਿਆਂ ਡਾਕਟਰ ਬਾਪਤ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਲਕਸ਼ਮੀ ਦੇਵੀ ਦੇ ਸਵਾਗਤ ਵਿੱਚ ਆਪਣੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਰੱਖਦੇ ਹਨ ਅਤੇ ਆਪਣੇ ਘਰਾਂ ਦੇ ਅੱਗੇ ਤੇ ਨਦੀ ਦੇ ਕਿਨਾਰਿਆਂ ਦੇ ਨਾਲ ਦੀਵਿਆਂ ਦੀਆਂ ਕਤਾਰਾਂ ਲਗਾਉਂਦੇ ਹਨ।
ਤੀਸਰੇ ਦਿਨ ਨੂੰ ਲਕਸ਼ਮੀ ਪੂਜਾ ਵਜੋਂ ਜਾਣਿਆ ਜਾਂਦਾ ਹੈ। ਧਨ ਦੀ ਦੇਵੀ ਦੀ ਪੂਜਾ ਕਰਨ ਲਈ ਇਹ ਦਿਨ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ।
ਡਾਕਟਰ ਬਾਪਤ ਦੱਸਦੇ ਹਨ ਕਿ ਕਾਰੋਬਾਰੀ ਲੋਕ ਇਸ ਦਿਨ ਆਪਣੇ ਖਾਤੇ ਦੀਆਂ ਕਿਤਾਬਾਂ ਅਤੇ ਪੈਸਿਆਂ ਦੀ ਪੂਜਾ ਕਰਦੇ ਹਨ।
ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਇਹ ਦਿਨ 14 ਸਾਲਾਂ ਦੇ ਬਨਵਾਸ ਤੋਂ ਬਾਅਦ ਭਗਵਾਨ ਰਾਮ, ਉਹਨਾਂ ਦੀ ਪਤਨੀ ਸੀਤਾ ਅਤੇ ਭਰਾ ਲਕਸ਼ਮਣ ਦੀ ਆਯੋਧਿਆ ਵਾਪਸੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
ਚੌਥਾ ਦਿਨ ਉੱਤਰੀ ਭਾਰਤ ਵਿੱਚ ਗੋਵਰਧਨ ਪੂਜਾ ਦਾ ਹੁੰਦਾ ਹੈ।
ਮਿਥਿਹਾਸ ਦੇ ਅਨੁਸਾਰ ਭਗਵਾਨ ਕ੍ਰਿਸ਼ਨ ਨੇ ਗੋਵਰਧਨ ਪਹਾੜ ਨੂੰ ਇੱਕ ਉਂਗਲੀ ਉੱਤੇ ਫੜ੍ਹ ਕੇ ਕੁਦਰਤ ਦੇ ਕ੍ਰੋਧ ਤੋਂ ਆਪਣੇ ਲੋਕਾਂ ਦੀ ਰੱਖਿਆ ਕੀਤੀ ਸੀ। ਇਹ ਦਿਨ ਭਗਵਾਨ ਕ੍ਰਿਸ਼ਨ ਦੀ ਇੰਦਰ ਦੇਵਤਾ ਉੱਤੇ ਜਿੱਤ ਵਜੋਂ ਮਨਾਇਆ ਜਾਂਦਾ ਹੈ।
ਅੰਤਿਮ ਦਿਨ ਭਾਈ ਦੂਜ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ ਉੱਤੇ ਲਾਲ ਟਿੱਕਾ ਲਗਾਉਂਦੀਆਂ ਹਨ।
ਇੱਕ ਭਿੰਨਤਾ ਵਾਲਾ ਦੇਸ਼ ਹੋਣ ਕਰ ਕੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਦੀਵਾਲੀ ਦਾ ਜਸ਼ਨ ਵੀ ਵੱਖੋ-ਵੱਖ ਢੰਗ ਨਾਲ ਮਨਾਇਆ ਜਾਂਦਾ ਹੈ।
ਡਾਕਟਰ ਬਾਪਤ ਨੇ ਦੱਸਿਆ ਕਿ ਉਦਾਹਰਣ ਦੇ ਤੌਰ ਉੱਤੇ ਲਕਸ਼ਮੀ ਨੂੰ ਧਨ ਦੀ ਦੇਵੀ ਮੰਨਿਆ ਜਾਂਦਾ ਹੈ ਪਰ ਬੰਗਾਲ ਵਿੱਚ ਲਕਸ਼ਮੀ ਦੀ ਨਹੀਂ ਬਲਕਿ ਕਾਲੀ ਮਾਤਾ ਦੀ ਪੂਜੀ ਕੀਤੀ ਜਾਂਦੀ ਹੈ। ਗੁਜਰਾਤ ਵਿੱਚ ਵਿਸ਼ਨੂੰ ਦੇ ਨਾਲ-ਨਾਲ ਹਨੂੰਮਾਨ ਦੀ ਵੀ ਪੂਜਾ ਕੀਤੀ ਜਾਂਦੀ ਹੈ। ਕਰਨਾਟਕ ਵਿੱਚ ਕੁਸ਼ਤੀ ਦੇ ਮੁਕਾਬਲੇ ਜਾਂ ਜਿਮਨਾਸਿਟਕ ਦੇ ਪ੍ਰਦਰਸ਼ਨ ਆਮ ਹਨ ਅਤੇ ਬੱਚੇ ਮਿੱਟੀ ਦੇ ਕਿਲ੍ਹੇ ਬਣਾਉਂਦੇ ਹਨ।

ਬੰਦੀ ਛੋੜ ਦਿਵਸ
ਆਸਟ੍ਰੇਲੀਆ ਦੇ ਸਿੱਖ ਭਾਈਚਾਰੇ ਦੀ ਇੱਕ ਤਜੁਰਬੇਕਾਰ ਤਿਉਹਾਰ ਪ੍ਰਬੰਧਕ ਗੁਰਿੰਦਰ ਕੌਰ ਦੱਸਦੇ ਹਨ ਕਿ ਬੰਦੀ ਛੋੜ ਦਿਵਸ ਨੂੰ ‘ਸਿੱਖ ਦੀਵਾਲੀ’ ਵੀ ਕਿਹਾ ਜਾਂਦਾ ਹੈ।
17 ਵੀਂ ਸਦੀ ਵਿੱਚ ਛੇਵੇਂ ਗੁਰੂ ਹਰਗੋਬਿੰਦ ਜੀ ਦੀ ਗਵਾਲੀਅਰ ਦੀ ਜੇਲ੍ਹ ਤੋਂ ਰਿਹਾਈ ਦੀ ਯਾਦ ਵਿੱਚ ਇਸ ਨੂੰ ਆਜ਼ਾਦੀ ਦੇ ਜਸ਼ਨ ਵਜੋਂ ਵੀ ਮਨਾਇਆ ਜਾਂਦਾ ਹੈ।
ਜਦੋਂ ਗੁਰੂ ਜੀ ਦੀ ਰਿਹਾਈ ਹੋਣ ਵਾਲੀ ਸੀ ਤਾਂ ਉਹਨਾਂ ਨੇ ਮੁਗਲ ਬਾਦਸ਼ਾਹ ਜਹਾਂਗੀਰ ਨੂੰ 52 ਹੋਰ ਕੈਦ ਰਾਜਿਆਂ ਦੀ ਰਿਹਾਈ ਲਈ ਵੀ ਬੇਨਤੀ ਕੀਤੀ ਸੀ।
ਸਮਰਾਟ ਨੇ ਸਾਰੇ ਰਾਜਿਆਂ ਨੂੰ ਰਿਹਾਅ ਕਰਨ ਉੱਤੇ ਇੱਕ ਸ਼ਰਤ ਰੱਖੀ ਸੀ । ਉਹ ਇਹ ਸੀ ਕਿ ਉਤਨੇ ਰਾਜਿਆਂ ਨੂੰ ਹੀ ਰਿਹਾਅ ਕੀਤਾ ਜਾਵੇਗਾ ਜਿਤਨੇ ਗੁਰੂ ਜੀ ਦੀ ਚਾਦਰ ਫੜ ਕੇ ਉਹਨਾਂ ਦੇ ਨਾਲ ਜਾ ਸਕਣਗੇ, ਤਾਂ ਇਸ ਹਿਸਾਬ ਨਾਲ ਗੁਰੂ ਜੀ ਨੇ 52 ਕੱਪੜਿਆਂ ਦੀਆਂ ਪੂਛਾਂ ਵਾਲੀ ਚਾਦਰ ਬਣਵਾਈ।
ਬੰਦੀ ਦਾ ਅਰਥ ਹੈ ਕੈਦੀ ਅਤੇ ਛੋੜ ਦਾ ਅਰਥ ਹੈ ਆਜ਼ਾਦੀ। ਇਸ ਦਾ ਮੁੱਖ ਸੁਣੇਹਾ ਇਹੀ ਹੈ ਕਿ ਗੁਰੂ ਜੀ ਨੇ ਨਾ ਸਿਰਫ ਆਪਣੇ ਲਈ ਬਲਕਿ ਹੋਰ 52 ਰਾਜਿਆਂ ਦੇ ਮਨੁੱਖੀ ਅਧਿਕਾਰਾਂ ਲਈ ਵੀ ਪੂਰੀ ਅਣਖ਼ ਕਾਇਮ ਰੱਖੀ ਸੀ।
ਆਸਟ੍ਰੇਲੀਆ ਵਿੱਚ ਸਿੱਖ ਬੰਦੀ ਛੋੜ ਦਿਵਸ ਜਾਂ ਤਾਂ ਆਪਣੇ ਨੇੜਲੇ ਗੁਰਦੁਆਰਾ ਸਾਹਿਬ ਵਿੱਚ ਅਤੇ ਜਾਂ ਫਿਰ ਆਪਣੇ ਘਰਾਂ ਵਿੱਚ ਮਨਾਉਂਦੇ ਹਨ।
ਇਸ ਦਿਨ ਸਿੱਖ ਆਪਣੇ ਗੁਰੂ ਦਾ ਆਸ਼ੀਰਵਾਦ ਲੈਂਦੇ ਹਨ ਅਤੇ ਗੁਰਦੁਆਰੇ ਵਿੱਚ ਮੋਮਬੱਤੀਆਂ ਜਗਾਉਂਦੇ ਹਨ ਅਤੇ ਮਿਠਾਈਆਂ ਵੰਡਦੇ ਹਨ।
ਨੇਪਾਲ ਵਿੱਚ ਤਿਹਾਰ ਦਾ ਜਸ਼ਨ
ਨੇਪਾਲੀ ਭਾਈਚਾਰੇ ਵਿੱਚ ਦੀਵਾਲੀ ਨੂੰ ਤਿਹਾਰ ਵਜੋਂ ਜਾਣਿਆ ਜਾਂਦਾ ਹੈ।
ਪੰਜ ਦਿਨਾਂ ਤੱਕ ਆਯੋਜਿਤ ਇਸ ਤਿਉਹਾਰ ਵਿੱਚ ਕਾਂ, ਕੁੱਤਿਆਂ ਅਤੇ ਗਾਵਾਂ ਵਰਗੇ ਜਾਨਵਰਾਂ ਨੂੰ ਸਮਰਪਿਤ ਜਸ਼ਨ ਸ਼ਾਮਲ ਹੁੰਦੇ ਹਨ।
ਪਹਿਲੇ ਦਿਨ ਨੂੰ ਯਮਪੰਚਕ ਜਾਂ ਕਾਗ ਤਿਹਾਰ ਵੀ ਕਿਹਾ ਜਾਂਦਾ ਹੈ। ਇਹ ਕਾਂ ਨੂੰ ਸਮਰਪਿਤ ਹੁੰਦਾ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਇੰਨ੍ਹਾਂ ਦਾ ਧਿਆਨ ਅਤੇ ਸਫਾਈ ਰੱਖਣਾ ਆਪਣੇ ਘਰ ਅਤੇ ਆਲੇ-ਦੁਆਲੇ ਨੂੰ ਸਾਫ ਰੱਖਣ ਦੇ ਬਰਾਬਰ ਹੈ।
ਦੂਜਾ ਦਿਨ ਕੁਕੁਰ ਤਿਹਾਰ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਕੁੱਤਿਆਂ ਦੀ ਵਫ਼ਾਦਾਰੀ ਨੂੰ ਸਮਰਪਿਤ ਹੁੰਦਾ ਹੈ।
ਕੁੱਤਿਆਂ ਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ, ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਸੁਆਦੀ ਭੋਜਨ ਨਾਲ ਪਿਆਰ ਭਰੋਸਿਆ ਜਾਂਦਾ ਹੈ।
ਗਈ ਤਿਹਾਰ ਤੀਸਰੇ ਦਿਨ ਮਨਾਇਆ ਜਾਂਦਾ ਹੈ। ਇਹ ਦਿਵਸ ਗਾਵਾਂ ਨੂੰ ਸਮਰਪਿਤ ਹੁੰਦਾ ਹੈ ਜਿੰਨ੍ਹਾਂ ਨੂੰ ਪਵਿੱਤਰਤਤਾ ਦਾ ਪ੍ਰਤੀਕ ਅਤੇ ਮਾਂ ਦਾ ਰੂਪ ਮੰਨਿਆ ਜਾਂਦਾ ਹੈ।

ਚੌਥਾ ਦਿਨ ਗੋਰੂ ਤਿਹਾਰ ਹੁੰਦਾ ਹੈ। ਇਸ ਦਿਨ ਨੇਪਾਲੀ ਭਾਈਚਾਰੇ ਦੇ ਲੋਕ ਕਿਸਾਨਾਂ ਦੀ ਖੇਤੀਬਾੜੀ ਵਿੱਚ ਮਦਦ ਕਰਨ ਵਾਲੇ ਬਲਦਾਂ ਦਾ ਸਨਮਾਨ ਕਰਦੇ ਹਨ।
ਉਸੇ ਦਿਨ ਕਾਠਮੰਡੂ ਘਾਟੀ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਨੇਵਾਰ ਲੋਕ ਮਹਾਂ ਪੂਜਾ ਕਰਦੇ ਹਨ ਜਿਸਨੂੰ ‘ਖ਼ੁਦ ਦੀ ਪੂਜਾ’ ਵੀ ਕਿਹਾ ਜਾਂਦਾ ਹੈ।
ਅੰਤਿਮ ਦਿਨ ਨੂੰ ਭਾਈ ਟਿਕਾ ਕਿਹਾ ਜਾਂਦਾ ਹੈ ਅਤੇ ਇਹ ਭੈਣ-ਭਰਾ ਦੇ ਰਿਸ਼ਤੇ ਨੂੰ ਸਮਰਪਿਤ ਹੁੰਦਾ ਹੈ। ਇਸ ਦੌਰਾਨ ਬੈਠੇ ਹੋਏ ਭਰਾ ਦੇ ਆਲੇ-ਦੁਆਲੇ ਉਸਦੀਆਂ ਭੇਣਾਂ ਪਾਣੀ ਅਤੇ ਤੇਲ ਲੈ ਕੇ ਗੇੜ੍ਹੇ ਕੱਢਦੀਆਂ ਹਨ। ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਉਹ ਆਪਣੇ ਭਰਾਵਾਂ ਨੂੰ ਯਮ ਦੇਵਤਾ ਤੋਂ ਬਚਾਉਂਦੀਆਂ ਹਨ ਜਿਸਨੂੰ ਕਿ ਮੌਤ ਦਾ ਦੇਵਤਾ ਕਿਹਾ ਜਾਂਦਾ ਹੈ।

ਜੇਕਰ ਤੁਸੀਂ ਦੀਵਾਲੀ, ਦੀਪਾਵਲੀ, ਬੰਦੀ ਛੋੜ ਦਿਵਸ ਅਤੇ ਤਿਹਾਰ ਦੇ ਜਸ਼ਨਾਂ ਨੂੰ ਲੈ ਕੇ ਐਸ.ਬੀ.ਐਸ ਦੀ ਹੋਰ ਕਵਰੇਜ ਤੱਕ ਪਹੁੰਚ ਕਰਨਾ ਚਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ
