ਇਸ ਸਾਲ 2023 ਵਿੱਚ, ਲੂਨਰ ਜਾਂ ਚੰਦਰ ਨਵੇਂ ਸਾਲ ਦਾ ਦਿਨ 22 ਜਨਵਰੀ ਨੂੰ ਹੋਵੇਗਾ। ਚੰਦਰਮਾ ਦੇ ਚੱਕਰਾਂ 'ਤੇ ਅਧਾਰਿਤ ਚੰਦਰ ਨਵਾਂ ਸਾਲ ਚੀਨੀ ਨਵੇਂ ਸਾਲ ਵਜੋਂ ਮਨਾਇਆ ਜਾਂਦਾ ਹੈ।
ਨਵੇਂ ਸਾਲ ਦੇ ਇਸ ਤਿਉਹਾਰ ਦੇ ਚਾਰ ਤੱਤ ਹਨ। ਇੱਕ ਹਫਤੇ ਦੇ ਇਹਨਾਂ ਜਸ਼ਨਾਂ ਦੀ ਸ਼ੁਰੂਆਤ ਛੋਟੇ ਸਾਲ ਦੇ ਨਾਲ ਹੁੰਦੀ ਹੈ ,ਫਿਰ ਇੱਕ ਯਾਦਗਾਰ ਅਤੇ ਪ੍ਰਾਰਥਨਾ ਦਾ ਦਿਨ ਹੁੰਦਾ ਹੈ , ਉਸ ਤੋਂ ਬਾਅਦ ਨਵੇਂ ਸਾਲ ਦੀ ਸ਼ਾਮ ਅਤੇ ਅਖੀਰ ਵਿੱਚ ਮੁੜ ਇਕੱਠੇ ਹੋਣ ਅਤੇ ਤੋਹਫ਼ੇ ਦੇਣ ਦਾ ਦਿਨ ਹੁੰਦਾ ਹੈ।
ਡਾ: ਪੈਨ ਵੈਂਗ ਜੋ ਕਿ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿੱਚ ਚੀਨੀ ਅਤੇ ਏਸ਼ੀਅਨ ਸਟੱਡੀਜ਼ ਵਿੱਚ ਇੱਕ ਸੀਨੀਅਰ ਲੈਕਚਰਾਰ ਹਨ, ਉਹ ਦੱਸਦੇ ਹਨ ਕਿ ਬਸੰਤ ਤਿਉਹਾਰ 'ਲੈਂਟਰਨ ਫੈਸਟੀਵਲ' ਤੱਕ ਪੰਦਰਾਂ ਦਿਨਾਂ ਤੱਕ ਚੱਲਦਾ ਹੈ।
ਉਹਨਾਂ ਐਸ ਬੀ ਐਸ ਨੂੰ ਦੱਸਿਆ ਕਿ,"ਲੂਨਰ ਨਵਾਂ ਸਾਲ ਇੱਕ ਚੰਦਰ ਕੈਲੰਡਰ ਸਾਲ ਦੀ ਸ਼ੁਰੂਆਤ ਹੈ। ਚੰਦਰਮਾ ਦੇ ਚੱਕਰਾਂ ਦੇ ਆਧਾਰ 'ਤੇ, ਇਸ ਨੂੰ ਚੀਨੀ ਨਵਾਂ ਸਾਲ ਜਾਂ ਬਸੰਤ ਤਿਉਹਾਰ ਵੀ ਕਿਹਾ ਜਾ ਸਕਦਾ ਹੈ।"
ਡਾਕਟਰ ਵੈਂਗ ਨੇ ਅੱਗੇ ਦੱਸਿਆ ਕਿ "ਇਹ ਚੀਨ, ਕੋਰੀਆ, ਵੀਅਤਨਾਮ, ਜਾਪਾਨ ਵਰਗੇ ਹੋਰ ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ।"
ਇਹ ਮਲੇਸ਼ੀਆ ਅਤੇ ਮੰਗੋਲੀਆ ਦੇ ਨਾਲ-ਨਾਲ ਦੁਨੀਆ ਭਰ ਦੇ ਬਹੁਤ ਸਾਰੇ ਡਾਇਸਪੋਰਾ ਵਿੱਚ ਵੀ ਮਨਾਇਆ ਜਾਂਦਾ ਹੈ।
ਡਾ ਵੈਂਗ ਨੇ ਅੱਗੇ ਕਿਹਾ ਕਿ ਚੰਦਰ ਨਵੇਂ ਸਾਲ ਦਾ 4,000 ਸਾਲਾਂ ਤੱਕ ਦਾ ਇਤਿਹਾਸ ਹੈ, ਜੋ ਕਿ ਜ਼ਿਆ ਜਾਂ ਸ਼ਾਂਗ ਰਾਜਵੰਸ਼ ਤੋਂ ਸ਼ੁਰੂ ਹੁੰਦਾ ਹੈ।

"ਦੱਖਣੀ-ਪੂਰਬੀ ਅਤੇ ਪੂਰਬੀ ਏਸ਼ੀਆਈ ਸਭਿਆਚਾਰਾਂ ਬਾਰੇ ਸਿੱਖਣ ਦਾ ਮੌਕਾ"
ਡਾ ਕਾਈ ਜ਼ਾਂਗ ਕੈਨਬਰਾ ਵਿੱਚ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਵਿਖੇ ਸਕੂਲ ਆਫ਼ ਕਲਚਰ, ਹਿਸਟਰੀ ਐਂਡ ਲੈਂਗੂਏਜ ਵਿੱਚ ਆਧੁਨਿਕ ਚੀਨੀ ਭਾਸ਼ਾ ਪ੍ਰੋਗਰਾਮ ਨਾਲ ਕੰਮ ਕਰਦੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਚੰਦਰ ਨਵੇਂ ਸਾਲ ਦੇ ਜਸ਼ਨਾਂ ਰਾਹੀਂ ਦੁਨੀਆ ਭਰ ਦੇ ਲੋਕਾਂ ਲਈ ਚੀਨੀ ਅਤੇ ਦੱਖਣ-ਪੂਰਬੀ ਅਤੇ ਪੂਰਬੀ ਏਸ਼ੀਆਈ ਸਭਿਆਚਾਰਾਂ ਬਾਰੇ ਜਾਣਨ ਦਾ ਇੱਕ ਵਧੀਆ ਮੌਕਾ ਹੈ।
ਡਾ ਕਾਈ ਕਹਿੰਦੀ ਹੈ ਕਿ "ਇਹ ਤਿਉਹਾਰ ਪੁਰਾਣੇ ਇਤਿਹਾਸ ਨੂੰ ਦਰਸਾਉਂਦਾ ਹੈ ਅਤੇ ਇਸ ਨੂੰ ਮਨਾਉਣ ਦੇ ਪ੍ਰਤੀਕਾਤਮਕ, ਸੱਭਿਆਚਾਰਕ ਅਤੇ ਡੂੰਘੇ ਭਾਵ ਹਨ।"
ਚੰਦਰ ਨਵਾਂ ਸਾਲ ਮਨਾਉਣ ਦੇ ਤਰੀਕੇ
ਚੰਦਰ ਨਵੇਂ ਸਾਲ ਦੀਆਂ ਗਤੀਵਿਧੀਆਂ ਵਿੱਚ ਸਜਾਵਟ ਕਰਨਾ, ਨਵੇਂ ਸਾਲ ਦੀ ਸ਼ਾਮ ਨੂੰ ਪਰਿਵਾਰ ਨਾਲ ਰਾਤ ਦਾ ਖਾਣਾ ਖਾਣਾ, ਲਾਲ ਲਿਫ਼ਾਫ਼ੇ ਅਤੇ ਹੋਰ ਤੋਹਫ਼ੇ ਵੰਡਣੇ, ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣਾ, ਅਤੇ ਸ਼ੇਰ ਅਤੇ ਅਜਗਰ ਦੇ ਨਾਚ ਦੇਖਣਾ ਸ਼ਾਮਲ ਹਨ।
ਡਾ ਵੈਂਗ ਦੱਸਦੀ ਹੈ ਕਿ "ਲੂਨਰ ਨਵਾਂ ਸਾਲ ਤਰ੍ਹਾਂ ਤਰ੍ਹਾਂ ਦੇ ਭੋਜਨ ਜਿਵੇਂ ਕਿ ਮੱਛੀ ਖਾਣ, ਡੰਪਲਿੰਗ ਖਾਣ, ਪਰਿਵਾਰਾਂ ਨਾਲ ਇਕੱਠੇ ਹੋਣ ਅਤੇ ਦੋਸਤਾਂ ਨਾਲ ਮਨਾਇਆ ਜਾਂਦਾ ਹੈ।"
"ਲਾਲ ਰੰਗ ਨੂੰ ਬਹੁਤ ਖੁਸ਼ਕਿਸਮਤ ਰੰਗ ਮੰਨਿਆ ਜਾਂਦਾ ਹੈ। ਇਸ ਲਈ ਜਦੋਂ ਤੁਸੀਂ ਬਹੁਤ ਸਾਰੇ ਲਾਲ ਰੰਗ ਦੀ ਸਜਾਵਟ ਦੇਖਦੇ ਹੋ, ਤਾਂ ਚੀਨੀਆਂ ਲਈ ਇਹ ਵੀ ਇੱਕ ਪਰੰਪਰਾ ਹੈ ਕਿ ਬੱਚਿਆਂ ਨੂੰ ਨਵੇਂ ਸਾਲ ਦਾ ਜਸ਼ਨ ਮਨਾਉਣ ਅਤੇ ਉਨ੍ਹਾਂ ਦੇ ਵਿਕਾਸ ਦਾ ਜਸ਼ਨ ਮਨਾਉਣ ਲਈ ਇੱਕ ਲਾਲ ਲਿਫ਼ਾਫ਼ਾ ਦਿੱਤਾ ਜਾਂਦਾ ਹੈ।"

ਆਈਰਿਸ ਟੈਂਗ ਚੀਨ ਵਿੱਚ ਵੱਡੀ ਹੋਈ ਅਤੇ 20 ਸਾਲ ਪਹਿਲਾਂ ਆਸਟਰੇਲੀਆ ਆਈ ਸੀ ।
ਉਹ ਕਹਿੰਦੀ ਹੈ ਕਿ ਆਸਟ੍ਰੇਲੀਆ ਅਤੇ ਮੇਨਲੈਂਡ ਚੀਨ ਵਿੱਚ ਜਸ਼ਨਾਂ ਵਿੱਚ ਮੁੱਖ ਅੰਤਰ ਇਹ ਹੈ ਕਿ ਉਸਦੇ ਵਤਨ ਵਿੱਚ ਚੰਦਰ ਨਵੇਂ ਸਾਲ ਦੇ ਜਸ਼ਨਾਂ ਲਈ ਇੱਕ ਲੰਬੀ ਜਨਤਕ ਛੁੱਟੀ ਹੁੰਦੀ ਹੈ - ਇਹ ਉਹ ਸਮਾਂ ਹੁੰਦਾ ਹੈ ਜਦੋਂ ਲੱਖਾਂ ਲੋਕ ਪਰਿਵਾਰਕ ਪੁਨਰ-ਮਿਲਨ ਲਈ ਚੀਨ ਵਿੱਚ ਆਪਣੇ ਜੱਦੀ ਸ਼ਹਿਰਾਂ ਵਿੱਚ ਜਾਂਦੇ ਹਨ।
ਟੈਂਗ ਦੇ ਅਨੁਸਾਰ, ਚੀਨ ਵਾਂਗ ਆਸਟ੍ਰੇਲੀਆ ਵਿੱਚ ਵੀ ਭੋਜਨ ਚੰਦਰ ਨਵੇਂ ਸਾਲ ਦੇ ਜਸ਼ਨਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
"ਵਿਅਕਤੀਗਤ ਤੌਰ 'ਤੇ, ਮੈਂ ਇਸਨੂੰ ਕੈਨਬਰਾ ਵਿੱਚ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਵੱਖੋ-ਵੱਖ ਤਰ੍ਹਾਂ ਦਾ ਭੋਜਨ ਤਿਆਰ ਕਰਕੇ ਮਨਾਉਂਦੀ ਹਾਂ। ਅਸੀਂ ਮੇਜ਼ ਦੇ ਦੁਆਲੇ ਬੈਠਦੇ ਹਾਂ ਅਤੇ ਨਵੇਂ ਸਾਲ ਦੀ ਸ਼ਾਮ ਤੋਂ ਸੈਂਕੜੇ ਡੰਪਲਿੰਗ ਬਣਾਉਂਦੇ ਹਾਂ," ਟੈਂਗ ਨੇ ਕਿਹਾ।
ਚੀਨੀ ਪਰੰਪਰਾਗਤ ਕੈਲੰਡਰ
ਹਾਲਾਂਕਿ ਆਧੁਨਿਕ ਚੀਨ ਗ੍ਰੈਗੋਰੀਅਨ ਕੈਲੰਡਰ ਦੀ ਵਰਤੋਂ ਕਰਦਾ ਹੈ, ਪਰ ਰਵਾਇਤੀ ਚੀਨੀ ਕੈਲੰਡਰ ਚੀਨ ਅਤੇ ਵਿਦੇਸ਼ਾਂ 'ਚ ਵਸੇ ਚੀਨੀਆਂ ਵਿੱਚ ਵੀ ਵਿਆਪਕ ਤੌਰ 'ਤੇ ਵਰਤਿਆ ਜਾਂਦਾ ਹੈ ਕਿਉਂਕਿ ਇਹ ਰਵਾਇਤੀ ਛੁੱਟੀਆਂ ਨੂੰ ਦਰਸਾਉਂਦਾ ਹੈ, ਜਿਵੇਂ ਕਿ ਚੰਦਰ ਚੀਨੀ ਨਵਾਂ ਸਾਲ, ਲੈਂਟਰਨ ਫੈਸਟੀਵਲ ਅਤੇ ਕਿੰਗਮਿੰਗ ਤਿਉਹਾਰ।
ਡਾ ਪੈਨ ਵੈਂਗ ਦੱਸਦੀ ਹੈ ਕਿ ਇਹ ਇੱਕ ਸਾਲ ਦੇ ਅੰਦਰ ਤਾਰੀਖਾਂ ਦਾ ਰਵਾਇਤੀ ਚੀਨੀ ਨਾਮਕਰਨ ਵੀ ਦਿੰਦਾ ਹੈ ਜਿਸਦੀ ਵਰਤੋਂ ਲੋਕ ਵਿਆਹਾਂ, ਅੰਤਮ ਸੰਸਕਾਰ, ਘੁੰਮਣ ਜਾਂ ਕਾਰੋਬਾਰ ਸ਼ੁਰੂ ਕਰਨ ਲਈ ਸ਼ੁਭ ਦਿਨ ਚੁਣਨ ਲਈ ਕਰਦੇ ਹਨ।
ਚੀਨੀ ਰਵਾਇਤੀ ਕੈਲੰਡਰ ਚੰਦਰ ਸੂਰਜੀ ਹੈ। ਇਹ ਚੰਦਰਮਾ ਅਤੇ ਸੂਰਜ ਦੀ ਗਤੀ 'ਤੇ ਅਧਾਰਿਤ ਹੈ। ਇਸ ਲਈ ਇਹ ਧਰਤੀ ਦੇ ਦੁਆਲੇ ਚੰਦਰਮਾ ਦੇ ਚੱਕਰ ਅਤੇ ਸੂਰਜ ਦੇ ਦੁਆਲੇ ਧਰਤੀ ਦੇ ਚੱਕਰ ਨੂੰ ਧਿਆਨ ਵਿੱਚ ਰੱਖਦਾ ਹੈ।
ਡਾ. ਵੈਂਗ ਅਨੁਸਾਰ "ਇਸ ਕੈਲੰਡਰ ਵਿੱਚ, ਮਹੀਨੇ ਦੀ ਸ਼ੁਰੂਆਤ ਚੰਦਰਮਾ ਦੇ ਪੜਾਅ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਇਸ ਲਈ ਜ਼ਿਆਦਾਤਰ ਚੰਦਰ ਕੈਲੰਡਰਾਂ ਵਿੱਚ, ਮਹੀਨੇ ਜਾਂ ਤਾਂ 29 ਜਾਂ 30 ਦਿਨ ਲੰਬੇ ਹੁੰਦੇ ਹਨ, ਅਤੇ ਸਾਲ ਦੀ ਸ਼ੁਰੂਆਤ ਸੂਰਜੀ ਸਾਲ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ।"
ਰਵਾਇਤੀ ਚੀਨੀ ਕੈਲੰਡਰ ਦੀਆਂ ਭਿੰਨਤਾਵਾਂ ਸਾਰੇ ਪੂਰਬੀ ਏਸ਼ੀਆ ਵਿੱਚ ਵਰਤੀਆਂ ਜਾਂਦੀਆਂ ਹਨ।
ਹਰ ਸਾਲ, ਚੰਦਰ ਨਵੇਂ ਸਾਲ ਦਾ ਦਿਨ ਜਨਵਰੀ ਜਾਂ ਫਰਵਰੀ ਵਿੱਚ ਆ ਸਕਦਾ ਹੈ।
ਲਾਲਟੈਨ ਫੈਸਟੀਵਲ
ਕਾਈ ਝਾਂਗ ਦੱਸਦੇ ਹਨ ਕਿ ਚੰਦਰ ਨਵੇਂ ਸਾਲ ਦੇ ਜਸ਼ਨ ਰਵਾਇਤੀ ਤੌਰ 'ਤੇ ਚੰਦਰ ਸਾਲ ਦੇ ਪੰਦਰਵੇਂ ਦਿਨ ਆਯੋਜਿਤ ਕੀਤੀ ਗਈ ਨਵੇਂ ਸਾਲ ਦੀ ਸ਼ਾਮ ਤੋਂ ਲੈ ਕੇ ਲੈਂਟਰਨ ਫੈਸਟੀਵਲ ਤੱਕ, ਕੁਲ ਮਿਲਾ ਕੇ ਲਗਭਗ ਦੋ ਹਫ਼ਤੇ ਚੱਲਦੇ ਹਨ।
ਲਾਲਟੈਨ ਫੈਸਟੀਵਲ ਚੀਨੀ ਕੈਲੰਡਰ ਦੇ ਅਨੁਸਾਰ, ਪਹਿਲੇ ਮਹੀਨੇ ਦੇ ਪੰਦਰਵੇਂ ਦਿਨ ਨਾਲ ਮੇਲ ਖਾਂਦਾ ਹੈ।
ਕਾਈ ਝਾਂਗ ਅੱਗੇ ਕਹਿੰਦੀ ਹੈ ਕਿ "ਇਸ ਨੂੰ ਲਾਲਟੈਨ ਫੈਸਟੀਵਲ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਇਹ ਪਰੰਪਰਾ ਹੈ ਕਿ ਪਰਿਵਾਰ ਆਪਣੇ ਬੱਚਿਆਂ ਲਈ ਛੋਟੀਆਂ ਲਾਲਟੀਆਂ ਬਣਾਉਂਦੇ ਹਨ, ਅਤੇ ਉਹ ਸ਼ਾਬਦਿਕ ਤੌਰ 'ਤੇ ਆਪਣੇ ਦਰਵਾਜ਼ੇ ਦੇ ਬਾਹਰ ਲਾਲਟੈਣਾਂ ਨੂੰ ਜਗਾਉਂਦੇ ਹਨ।"
"ਪੂਰਵਜਾਂ ਦਾ ਸਤਿਕਾਰ ਕਰਨ ਦਾ ਸਮਾਂ"
ਡਾ ਕ੍ਰੇਗ ਸਮਿਥ ਮੈਲਬੌਰਨ ਯੂਨੀਵਰਸਿਟੀ ਦੇ ਏਸ਼ੀਆ ਇੰਸਟੀਚਿਊਟ ਵਿੱਚ ਚੀਨੀ ਅਨੁਵਾਦ ਅਧਿਐਨ ਵਿੱਚ ਇੱਕ ਸੀਨੀਅਰ ਲੈਕਚਰਾਰ ਹਨ।
ਉਹ ਕੁਝ ਸਾਲ ਤਾਈਵਾਨ ਅਤੇ ਦੱਖਣੀ ਕੋਰੀਆ ਵਿੱਚ ਰਹੇ ਹਨ ਅਤੇ ਉਨ੍ਹਾਂ ਕੋਲ ਦੋਵਾਂ ਥਾਵਾਂ 'ਤੇ ਚੰਦਰ ਨਵੇਂ ਸਾਲ ਦੇ ਜਸ਼ਨਾਂ ਦੀਆਂ ਕੁਝ ਅਭੁੱਲ ਯਾਦਾਂ ਹਨ।
ਡਾ: ਸਮਿਥ ਦਾ ਕਹਿਣਾ ਹੈ ਕਿ ਦੱਖਣੀ ਕੋਰੀਆ ਵਿੱਚ ਚੰਦਰ ਨਵੇਂ ਸਾਲ ਦਾ ਦਿਨ ਆਪਣੇ ਪੂਰਵਜਾਂ ਦਾ ਸਨਮਾਨ ਕਰਨ ਦਾ ਸਮਾਂ ਹੈ। ਇਹ ਇੱਕ ਪਰੰਪਰਾ ਹੈ ਜੋ ਹੋਰ ਸਭਿਆਚਾਰ ਵੀ ਸਾਂਝਾ ਕਰਦੇ ਹਨ।
ਡਾ ਸਮਿਥ ਦੱਸਦੇ ਹਨ ਕਿ "ਨਵੇਂ ਸਾਲ ਦੇ ਦਿਨ, ਹਰ ਕੋਈ ਆਪਣੇ ਮ੍ਰਿਤਕ ਪੁਰਖਿਆਂ ਲਈ ਭੋਜਨ ਤਿਆਰ ਕਰਦਾ ਹੈ, ਉਹਨਾਂ ਨੂੰ ਸ਼ਰਧਾਂਜਲੀ ਦਿੰਦਾ ਹੈ ਅਤੇ ਉਹਨਾਂ ਨੂੰ ਪੀਣ ਦੀ ਪੇਸ਼ਕਸ਼ ਕਰਦਾ ਹੈ।"

"ਹਜ਼ਾਰਾਂ ਸਾਲ ਪੁਰਾਣਾ ਇਤਿਹਾਸ"
ਸਮਿਥ ਦਾ ਕਹਿਣਾ ਹੈ ਕਿ ਚੰਦਰ ਨਵੇਂ ਸਾਲ ਦੇ ਰਵਾਇਤੀ ਜਸ਼ਨਾਂ ਵਿੱਚ ਬਹੁਤ ਸਾਰੇ ਤੱਤ ਹਨ ਜੋ ਚੀਨ ਤੋਂ ਇਲਾਵਾ ਹੋਰ ਦੇਸ਼ਾਂ ਤੋਂ ਆਉਂਦੇ ਹਨ।
ਉਦਾਹਰਨ ਲਈ, ਸ਼ੇਰ ਨਾਚ ਦੀ ਪ੍ਰੰਪਰਾ ਜੋ ਕਿ ਰਵਾਇਤੀ ਤੌਰ 'ਤੇ ਚੰਦਰ ਨਵੇਂ ਸਾਲ ਦੀਆਂ ਪਰੇਡਾਂ ਦੌਰਾਨ ਪ੍ਰਦਰਸ਼ਿਤ ਹੁੰਦਾ ਹੈ।
ਡਾ ਸਮਿਥ ਦੱਸਦੇ ਹਨ ਕਿ "ਜਦੋਂ ਵਿੱਦਿਅਕ ਇਸ ਸ਼ੇਰ ਨਾਚ ਦੀ ਪਰੰਪਰਾ ਨੂੰ ਦੇਖਦੇ ਹਨ, ਤਾਂ ਉਹ ਅਸਲ ਵਿੱਚ ਹਜ਼ਾਰਾਂ ਸਾਲ ਪਹਿਲਾਂ ਵੱਲ ਦੇਖਦੇ ਹਨ। ਅਤੇ ਅਸੀਂ ਲੰਬੇ ਸਮੇਂ ਤੋਂ ਜਾਣਦੇ ਹਾਂ ਕਿ ਬਹੁਤ ਸਾਰੀਆਂ ਪਰੰਪਰਾਵਾਂ, ਧਰਮ, ਸੰਗੀਤ, ਕਲਾ ਚੀਨ ਵਿੱਚੋਂ ਆਈਆਂ ਹਨ ਜਿਨ੍ਹਾਂ ਨੂੰ ਅਸੀਂ ਹੁਣ ਮਸ਼ਹੂਰ ਰੇਸ਼ਮ ਮਾਰਗ ਦੇ ਰਾਹੀਂ ਪੱਛਮੀ ਜਾਂ ਕੇਂਦਰੀ ਏਸ਼ੀਆਈ ਦੇਸ਼ਾਂ 'ਚ ਵੇਖਦੇ ਹਾਂ।"
ਇਹ ਬਹੁਤ ਸੰਭਾਵਨਾ ਹੈ ਕਿ ਇਸ ਪਰੰਪਰਾ ਦੀਆਂ ਜੜ੍ਹਾਂ ਚੀਨ ਤੋਂ ਬਾਹਰ ਹਨ। ਭਾਸ਼ਾਈ ਅਤੇ ਇਤਿਹਾਸਕ ਵਿਸ਼ਲੇਸ਼ਣ ਦੇ ਆਧਾਰ 'ਤੇ ਬਹੁਤ ਸਾਰੇ ਲੋਕਾਂ ਨੇ ਇਸਨੂੰ ਫ਼ਾਰਸੀ ਪਰੰਪਰਾਵਾਂ ਨਾਲ ਜੋੜਿਆ ਹੈ।

2023 ਖਰਗੋਸ਼ ਦਾ ਸਾਲ ਹੈ, ਇਹ ਚੀਨੀ ਚੰਦਰ ਨਵੇਂ ਸਾਲ ਦੇ ਦਿਨ ਤੋਂ ਸ਼ੁਰੂ ਹੁੰਦਾ ਹੈ ਅਤੇ 10 ਫਰਵਰੀ, 2024 ਤੱਕ ਚੱਲਦਾ ਹੈ।
ਹਾਲਾਂਕਿ, ਵੀਅਤਨਾਮ ਵਿੱਚ, ਇਹ ਖਰਗੋਸ਼ ਦੀ ਬਜਾਏ ਬਿੱਲੀ ਦਾ ਚੰਦਰ ਨਵਾਂ ਸਾਲ ਹੈ।
ਚੀਨੀ ਰਾਸ਼ੀ ਦਾ ਸਾਲ ਚੰਦਰ ਨਵੇਂ ਸਾਲ 'ਤੇ ਸ਼ੁਰੂ ਹੁੰਦਾ ਹੈ ਅਤੇ ਖਤਮ ਹੁੰਦਾ ਹੈ।
12 ਸਾਲਾਂ ਦੇ ਦੁਹਰਾਉਣ ਵਾਲੇ ਰਾਸ਼ੀ ਚੱਕਰ ਵਿੱਚ ਹਰ ਸਾਲ ਇੱਕ ਰਾਸ਼ੀ ਜਾਨਵਰ ਦੁਆਰਾ ਪ੍ਰਸਤੁਤ ਕੀਤਾ ਜਾਂਦਾ ਹੈ ਅਤੇ ਹਰ ਇੱਕ ਜਾਨਵਰ ਆਪਣੇ ਨਾਮਵਰ ਗੁਣਾਂ ਨਾਲ ਮਸ਼ਹੂਰ ਹੈ।
ਖਰਗੋਸ਼ ਰਾਸ਼ੀ ਦਾ ਚੌਥਾ ਸਥਾਨ ਹੈ - ਕ੍ਰਮ ਵਿੱਚ ਇਹ ਹਨ ਚੂਹਾ, ਬਲਦ, ਟਾਈਗਰ, ਖਰਗੋਸ਼, ਅਜਗਰ, ਸੱਪ, ਘੋੜਾ, ਬੱਕਰੀ, ਬਾਂਦਰ, ਕੁੱਕੜ, ਕੁੱਤਾ ਅਤੇ ਸੂਰ।
