ਹਾਲ ਵਿੱਚ ਹੀ ਜਾਰੀ ਹੋਏ ‘ਪਾਸਪੋਰਟ ਇੰਡੈਕਸ’ ਅਨੁਸਾਰ ਪਿਛਲੇ ਸਾਲ ਦੇ ਮੋਢੀ ਸਿੰਗਾਪੁਰ ਦੇ ਪਾਸਪੋਰਟ ਨੂੰ ਹੁਣ ਇੱਕ ਹੋਰ ਏਸ਼ੀਆਈ ਮੁਲਕ ਜਪਾਨ ਦੇ ਪਾਸਪੋਰਟ ਨੇ ਦੂਜੇ ਸਥਾਨ ਦੇ ਧੱਕ ਦਿੱਤਾ ਹੈ – ਹੁਣ ਇਸ ਮੁਲਕ ਦੇ ਪਾਸਪੋਰਟ ਨਾਲ ਸੰਸਾਰ ਭਰ ਦੇ 190 ਮੁਲਕਾਂ ਦੀ ਸੈਰ ਬਿਨਾਂ ਵੀਜ਼ਾ ਪ੍ਰਾਪਤ ਕੀਤਿਆਂ ਕੀਤੀ ਜਾ ਸਕਦੀ ਹੈ।
ਸਿੰਗਾਪੁਰ ਦੇ ਪਾਸਪੋਰਟ ਨੂੰ ਦੂਜੇ ਸਥਾਨ ਤੇ ਹੀ ਰਹਿਣ ਨਾਲ ਸਬਰ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਦੇ ਪਾਸਪੋਰਟ ਨਾਲ 189 ਦੇਸ਼ਾਂ ਵਿੱਚ ਦਾਖਲਾ ਬਿਨਾਂ ਵੀਜ਼ੇ ਤੋਂ ਮਿਲ ਸਕਦਾ ਹੈ। ਅਤੇ ਇਹਨਾਂ ਦੋਹਾਂ ਤੋਂ ਮਗਰੋਂ ਆਉਂਦੇ ਹਨ ਫਰਾਂਸ, ਜਰਮਨੀ ਅਤੇ ਸਾਊਥ ਕੋਰੀਆ ਮੁਲਕਾਂ ਦੇ ਪਾਸਪੋਰਟ ਜਿਨਾਂ ਨਾਲ 188 ਮੁਲਕਾਂ ਦਾ ਦਾਖਲਾ ਮਿਲਦਾ ਹੈ।
ਆਸਟ੍ਰੇਲੀਆ ਦੇ ਪਾਸਪੋਰਟ ਨੂੰ ਸੱਤਵਾਂ ਸਥਾਨ ਮਿਲਿਆ ਹੈ, ਅਤੇ ਇਸ ਦੇ ਨਾਲ ਇਸੇ ਸਥਾਨ ਨੂੰ ਸਾਂਝਾ ਕਰ ਰਹੇ ਹਨ ਗਰੀਸ ਅਤੇ ਮਾਲਟਾ। ਇਸ ਸਾਲ ਦੇ ‘ਹੈਨਲੀ ਪਾਸਪੋਰਟ ਇੰਡੈਕਸ ਮੁਤਾਬਕ’, ਆਸਟ੍ਰੇਲੀਅਨ ਨਾਗਰਿਕਾਂ ਨੂੰ ਉਹਨਾਂ ਦਾ ਪਾਸਪੋਰਟ ਸੰਸਾਰ ਦੇ 183 ਮੁਲਕਾਂ ਦੀ ਸੈਰ ਬਿਨਾਂ ਵੀਜ਼ੇ ਤੋਂ ਕਰਵਾਉਂਦਾ ਹੈ।

ਬੇਸ਼ਕ ਆਸਟ੍ਰੇਲੀਆ ਦੇ ਪਾਸਪੋਰਟ ਦੇ ਸਥਾਨ ਵਿੱਚ ਪਿਛਲੇ ਸਾਲ ਨਾਲੋਂ ਕੋਈ ਫਰਕ ਨਹੀਂ ਪਿਆ ਹੈ, ਪਰ ਇਸ ਨੂੰ ਇਸ ਸਾਲ 13 ਅੰਕ ਜਿਆਦਾ ਜਰੂਰ ਪ੍ਰਾਪਤ ਹੋਏ ਹਨ। ਪਿਛਲੇ ਸਾਲ ਤੱਕ ਆਸਟ੍ਰੇਲੀਆਈ ਪਾਸਪੋਰਟ ਰਖਣ ਵਾਲਿਆਂ ਨੂੰ 170 ਮੁਲਕਾਂ ਵਿੱਚ ਦਾਖਲਾ ਮਿਲ ਸਕਦਾ ਸੀ।
ਸੰਸਾਰ ਦੇ ਤਕਰੀਬਨ 43 ਮੁਲਕ ਅਜੇ ਵੀ ਆਸਟ੍ਰੇਲੀਆਈ ਪਾਸਪੋਰਟ ਧਾਰਕਾਂ ਨੂੰ ਦੇਸ਼ ਵਿੱਚ ਦਾਖਲਾ ਦੇਣ ਸਮੇਂ ਵੀਜ਼ੇ ਦੀ ਮੰਗ ਕਰਦੇ ਹਨ ਅਤੇ ਇਹਨਾਂ ਵਿੱਚ ਗੁਆਂਢੀ ਮੁਲਕ ਓਸ਼ੀਆਨਾ-ਨਾਉਰੂ ਦੇ ਨਾਲ ਨਾਲ ਭਾਰਤ, ਚੀਨ, ਪਾਕਿਸਤਾਨ, ਨਾਰਥ ਕੋਰੀਆ, ਰੂਸ, ਸਾਊਦੀ ਅਰਬ ਅਤੇ ਈਰਾਕ ਆਦਿ ਸ਼ਾਮਲ ਹਨ।
ਇਸ ਸੂਚੀ ਵਿੱਚ ਸਭ ਤੋਂ ਉਪਰ ਖੜੇ ਮੁਲਕ ਜਪਾਨ ਦੇ ਪਾਸਪੋਰਟ ਧਾਰਕਾਂ ਨੂੰ ਸੰਸਾਰ ਦੇ 36 ਮੁਲਕਾਂ ਵਿੱਚ ਜਾਣ ਤੋਂ ਪਹਿਲਾਂ ਵੀਜ਼ੇ ਲਵਾਉਣਾ ਹਾਲੇ ਵੀ ਲਾਜ਼ਮੀ ਹੁੰਦਾ ਹੈ।

ਇਸ ਸੂਚੀ ਵਿੱਚ ਭਾਰਤ ਦੇ ਪਾਸਪੋਰਟ ਨੂੰ 81ਵਾਂ ਸਥਾਨ ਪ੍ਰਾਪਤ ਹੋਇਆ ਹੈ ਜਿਸ ਨਾਲ 60 ਦੇਸ਼ਾਂ ਵਿੱਚ ਦਾਖਲਾ ਮਿਲਦਾ ਹੈ – ਜਿਨਾਂ ਵਿੱਚੋਂ 10 ਮੁਲਕ ਏਸ਼ੀਆਈ ਖਿੱਤੇ ਤੋਂ ਹਨ, 9 ਓਸ਼ੀਆਨਾਂ, 10 ਕੈਰੀਬੀਅਨ, 5 ਮਿਡਲ ਈਸਟ, 4 ਅਮਰੀਕੀ ਅਤੇ ਦੋ ਦੇਸ਼ ਯੂਰਪ ਖਿੱਤੇ ਵਿਚਲੇ ਹਨ।
ਸੂਚੀ ਵਿੱਚ ਸਭ ਤੋਂ ਹੇਠ ਆਉਣ ਵਾਲੇ ਮੁਲਕਾਂ ਵਿੱਚ ਯਮਨ, ਪਾਕਿਸਤਾਨ, ਸੀਰੀਆ, ਸੋਮਾਲੀਆ, ਅਫਗਾਨਿਸਤਾਨ ਅਤੇ ਇਰਾਕ ਦੇ ਪਾਸਪੋਰਟ ਆਉਂਦੇ ਹਨ।
ਪਿਛਲੇ ਸਾਲ ਦੇ ਮੁਕਾਬਲੇ ਉੱਨਤੀ ਕਰਨ ਵਾਲੇ ਪਾਸਪੋਰਟਾਂ ਵਿੱਚ ਜਾਰਜੀਆ, ਯੂਕਰੇਨ, ਯੂਏਈ ਅਤੇ ਚੀਨ ਆਉਂਦੇ ਹਨ ਜੋ ਕਿ ਇਸ ਸਾਲ 14 ਤੋਂ 18 ਅੰਕ ਅੱਗੇ ਵਧੇ ਹਨ।
ਇਸ ਸਾਲ ਦੇ ਪਾਸਪੋਰਟਾਂ ਦੀ ਪੂਰੀ ਲਿਸਟ ‘ਇੱਥੇ’ ਦੇਖੀ ਜਾ ਸਕਦੀ ਹੈ।
You can check the ranking of your passport here.



