ਚਿਤਾਵਨੀ: ਇਸ ਰਿਪੋਰਟ ਵਿੱਚ ਘਰੇਲੂ ਹਿੰਸਾ ਅਤੇ ਖੁਦਕੁਸ਼ੀਆਂ ਦਾ ਚਿਤਰਣ ਕੀਤਾ ਹੋਇਆ ਹੈ।
ਮੈਲਬਰਨ ਦੇ ਵਿੱਟ੍ਹਲਸੀਅ ਇਲਾਕੇ ਦੇ ਆਸ ਪਾਸ ਭਾਰਤੀ ਮੂਲ ਦੀਆਂ ਸੱਤ ਔਰਤਾਂ ਵਲੋਂ ਲਗਭੱਗ ਇਕੋ ਜਿਹੇ ਤਰੀਕੇ ਅਤੇ ਕੁੱਝ ਹੀ ਸਮੇਂ ਦੌਰਾਨ ਸੰਭਵ ਖੁਦਕੁਸ਼ੀਆਂ ਕੀਤੇ ਜਾਣ ਤੋਂ ਬਾਅਦ ਪੁਲਿਸ ਅਤੇ ਕਾਨੂੰਨੀ ਮਾਹਰ ਇਹਨਾਂ ਦੇ ਕਾਰਨ ਜਾਨਣ ਅਤੇ ਭਾਈਚਾਰੇ ਲਈ ਉਚਿਤ ਮਦਦ ਪ੍ਰਦਾਨ ਕਰਨ ਦੇ ਯਤਨ ਕਰ ਰਹੇ ਹਨ।
ਇਹਨਾਂ ਵਿੱਚੋਂ ਪੰਜ ਮੌਤਾਂ ਸਾਲ 2018 ਦੌਰਾਨ ਹੋਈਆਂ ਸਨ, ਅਤੇ ਦੋ ਸਾਲ 2019 ਵਿੱਚ। ਕਈ ਔਰਤਾਂ ਵਿੱਚ ਖੁਦਕੁਸ਼ੀ ਤੋਂ ਪਹਿਲਾਂ ਘਰੇਲੂ ਹਿੰਸਾ ਦੇ ਸੰਕੇਤ ਮਿਲਣ ਤੋਂ ਬਾਅਦ ਹੁਣ ਭਾਈਚਾਰੇ ਦੇ ਇੱਕ ਵਕੀਲ ਨੇ ਇਸ ਮਾਮਲੇ ਦੀ ਤਹਿ ਤੱਕ ਜਾਣ ਦਾ ਪ੍ਰਣ ਕੀਤਾ ਹੈ।
ਵਿਟ੍ਹਲਸੀਅ ਕਮਿਊਨਿਟੀ ਕੂਨੈਕਸ਼ਨਸ ਲੀਗਲ ਸਰਵਿਸ ਦੇ ਕਰਿਸ ਹੋਜ਼ ਨੇ ਇਹਨਾਂ ਮਾਮਲਿਆਂ ਨੂੰ ਸਭ ਤੋਂ ਪਹਿਲਾਂ ਵਿਕਟੋਰੀਆ ਦੀ ਕੋਰੋਨਰਸ ਅਦਾਲਤ ਵਿੱਚ ਚੁੱਕਿਆ ਸੀ, ਤਾਂ ਕਿ ਇਸ ਮਾਮਲੇ ਵਿੱਚ ਕੋਈ ਅਰਥਪੂਰਣ ਤਬਦੀਲੀ ਲਿਆਉਂਦੀ ਜਾ ਸਕੇ।
ਸ਼੍ਰੀ ਹੋਜ਼ ਪਿਛਲੇ ਸੱਤ ਸਾਲਾਂ ਤੋਂ ਘਰੇਲੂ ਹਿੰਸਾ ਦੇ ਪੀੜਤਾਂ ਲਈ ਮਦਦ ਪ੍ਰਦਾਨ ਕਰਦੇ ਆ ਰਹੇ ਹਨ ਅਤੇ ਕਹਿੰਦੇ ਹਨ ਕਿ ਇਹਨਾਂ ਸੱਤੋਂ ਮੌਤਾਂ ਦੇ ਤਰੀਕੇ ਅਸਾਧਾਰਣ ਸਨ।
‘ਇਹ ਸਾਰੀਆਂ ਔਰਤਾਂ ਮਾਵਾਂ ਸਨ, ਇਹ ਸਾਰੀਆਂ ਹੀ ਇੱਕੋ ਇਲਾਕੇ ਵਿੱਚ ਰਹਿੰਦੀਆਂ ਸਨ, ਇਹਨਾਂ ਸਾਰੀਆਂ ਨੇ ਹੀ ਸ਼ੱਕੀ ਖੁਦਕੁਸ਼ੀ ਕੀਤੀ ਸੀ, ਅਤੇ ਖੁਦਕੁਸ਼ੀ ਕਰਨ ਦੇ ਤਰੀਕੇ ਵੀ ਪੁਲਿਸ ਨੂੰ ਪਰੇਸ਼ਾਨ ਕਰਨ ਵਾਲੇ ਸਨ’, ਇਹਨਾਂ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ।
‘ਆਮ ਹਾਲਾਤਾਂ ਵਿੱਚ ਔਰਤਾਂ ਅਜਿਹਾ ਨਹੀਂ ਕਰਦੀਆਂ’।
ਵਿਕਟੋਰੀਆ ਪੁਲਿਸ ਦੇ ਸਾਰਜੈਂਟ ਡੇਮੀਅਨ ਲੈਹਮਨ ਕਹਿੰਦੇ ਹਨ ਕਿ ਉਹਨਾਂ ਨੇ ਸ਼ੁਰੂ ਸ਼ੁਰੂ ਵਿੱਚ ਹੋਈਆਂ ਇਹਨਾਂ ਘਟਨਾਵਾਂ ਦੀ ਜਾਂਚ ਕੀਤੀ ਸੀ ਅਤੇ ਇਹਨਾਂ ਵਿਚਲੀ ਸਮਾਨਤਾ ਨੇ ਇਹਨਾਂ ਨੂੰ ਇਤਨਾ ਜਿਆਦਾ ਪ੍ਰੇਸ਼ਾਨ ਕਰ ਦਿੱਤਾ ਸੀ ਕਿ ਉਹਨਾਂ ਨੇ ਇਹਨਾਂ ਮਾਮਲਿਆਂ ਨੂੰ ਉੱਚ-ਪੁਲਿਸ ਅਧਿਕਾਰੀਆਂ ਅਤੇ ਲੋਕਲ ਕਾਂਊਂਸਲ ਦੇ ਮੈਂਬਰਾਂ ਤੱਕ ਪਹੁੰਚਾਉਣ ਦਾ ਫੈਸਲਾ ਲਿਆ ਸੀ।

‘ਮੈਂ ਆਪਣੀ 23 ਸਾਲਾਂ ਦੀ ਪੁਲਿਸ ਨੌਕਰੀ ਦੌਰਾਨ ਅਜਿਹਾ ਕੁੱਝ ਨਹੀਂ ਦੇਖਿਆ ਸੀ ਜੋ ਕਿ ਮੈਂ ਇਹਨਾਂ ਖੁਦਕੁਸ਼ੀਆਂ ਵਿੱਚ ਦੇਖਿਆ’।
ਸਾਰਜੈਂਟ ਲੈਹਮਨ ਨੇ ਕਿਹਾ ਕਿ ਮੁੱਢਲੀਆਂ ਜਾਂਚਾਂ ਵਿੱਚ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਸੀ ਕਿ ਇਹ ਖੁਦਕੁਸ਼ੀਆਂ ਘਰੇਲੂ ਹਿੰਸਾ ਨਾਲ ਜੁੜੀਆਂ ਹੋਈਆਂ ਹਨ, ਪਰ ਕਈ ਕੇਸਾਂ ਵਿੱਚ ਇਹ ਜਰੂਰ ਕਿਹਾ ਗਿਆ ਸੀ ਕਿ ਪਿਛੋਕੜ ਵਿੱਚ ਹਿੰਸਾ, ਨਿਯੰਰਤਣ ਕਰਨਾ ਅਤੇ ਇਕੱਲਿਆਂ ਜਰੂਰ ਕੀਤਾ ਗਿਆ ਸੀ।
ਜਨਤਕ ਜਾਣਕਾਰੀ ਲਈ ਅਪੀਲ
ਵਿਕਟੋਰੀਆ ਪੁਲਿਸ ਇਲਾਕੇ ਦੇ ਕਈ ਸਿਹਤ, ਕਾਨੂੰਨੀ ਅਤੇ ਭਾਈਚਾਰਕ ਸਮੂਹਾਂ ਨਾਲ ਮਿਲ ਕੇ ਖੁਦਕੁਸ਼ੀਆਂ ਰੋਕਣ ਲਈ ਯਤਨਸ਼ੀਲ ਹੈ ਜੋ ਕਿ ਆਪਣਾ ਧਿਆਨ ਨਵੇਂ ਆਏ ਪ੍ਰਵਾਸੀਆਂ ਉੱਤੇ ਕੇਂਦਰਤ ਕਰ ਰਹੇ ਹਨ ਜੋ ਕਿ ਭਾਸ਼ਾਈ, ਸਭਿਆਚਾਰਕ ਵਿਖਰੇਵਿਆਂ ਦਾ ਸ਼ਿਕਾਰ ਹੋਣ ਕਾਰਨ ਉਚਿਤ ਮਦਦ ਪ੍ਰਾਪਤ ਕਰਨ ਵਿੱਚ ਅਸਮਰਥ ਹੁੰਦੇ ਹਨ।
ਸਾਰਜੈਂਟ ਲੇਹਮਨ ਅਨੁਸਾਰ, ‘ਸਾਡੀ ਸੋਚ ਅਨੁਸਾਰ ਇਹਨਾਂ ਘਟਨਾਵਾਂ ਪਿੱਛੇ ਸਮਾਜਕ ਇਕੱਲਤਾ ਪ੍ਰਮੁੱਖ ਕਾਰਨ ਹੋ ਸਕਦਾ ਹੈ।‘
‘ਇਹਨਾਂ ਔਰਤਾਂ ਵਿੱਚ ਭਾਰੀ ਨਿਰਾਸ਼ਾ ਦੇਖੀ ਗਈ ਸੀ ਅਤੇ ਅਸੀਂ ਭਾਈਚਾਰੇ ਨੂੰ ਇਸ ਦਾ ਹੱਲ ਲੱਭਣ ਦੀ ਅਪੀਲ ਕਰਦੇ ਹਾਂ। ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨਾ ਹੀ ਇਸ ਦਾ ਇੱਕ ਹੱਲ ਹੋ ਸਕਦਾ ਹੈ’।
ਸ਼੍ਰੀ ਹੋਜ਼ ਨੇ ਹੁਣ ਵਿਕਟੋਰੀਆ ਦੀ ਕੋਰੋਨਰਸ ਕੋਰਟ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਰਸਮੀ ਤੌਰ ਤੇ ਬੇਨਤੀ ਕੀਤੀ ਹੈ। ਇਸ ਅਦਾਲਤ ਨੇ ਐਸ ਬੀ ਐਸ ਨਿਊਜ਼ ਨਾਲ ਪੁਸ਼ਟੀ ਕੀਤੀ ਹੈ ਕਿ ਸੱਤਾਂ ਵਿੱਚੋਂ ਦੋ ਮਾਮਲਿਆਂ ਉੱਤੇ ਜਾਂਚ ਕੀਤੀ ਜਾ ਰਹੀ ਹੈ।
‘ਅਦਾਲਤ ਵਿੱਚ ਪੇਸ਼ ਕੀਤੇ ਇਹਨਾਂ ਸਾਰੇ ਕੇਸਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਭਵਿੱਖ ਵਿੱਚ ਰੋਕਿਆ ਜਾ ਸਕੇ’, ਅਦਾਲਤ ਨੇ ਇੱਕ ਬਿਆਨ ਵਿੱਚ ਕਿਹਾ ਹੈ।
‘ਇਹਨਾਂ ਕੇਸਾਂ ਉੱਤੇ ਇਸ ਸਮੇਂ ਜਾਂਚ ਚੱਲ ਰਹੀ ਹੈ ਇਸ ਕਰਕੇ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾ ਸਕਦੀ’।
ਸ਼ਾਲ 2019 ਵਿਚਲੀਆਂ ਮੌਤਾਂ ਲਈ ਕੀਤੀ ਬੇਨਤੀ ਅਜੇ ਵਿਚਾਰ ਅਧੀਨ ਹੈ, ਪਰ ਸ਼੍ਰੀ ਹੋਜ਼ ਅਨੁਸਾਰ ਉਹ ਇਹਨਾਂ ਉੱਤੇ ਕਾਰਵਾਈ ਕਰਨ ਲਈ ਵੀ ਦਬਾਅ ਪਾਉਣਗੇ।
‘ਅਸੀਂ ਇਹਨਾਂ ਮਾਮਲਿਆਂ ਦੀ ਜਾਂਚ ਜਨਤਕ ਤੌਰ ਤੇ ਚਾਹੁੰਦੇ ਹਾਂ ਤਾਂ ਕਿ ਭਾਈਚਾਰੇ ਵਲੋਂ ਵੀ ਇਹਨਾਂ ਵਿੱਚ ਢੁੱਕਵਾਂ ਯੋਗਦਾਨ ਪਾਇਆ ਜਾ ਸਕੇ’।

ਵਿੱਟ੍ਹਲਸੀਅ ਮਿਊਂਨਸੀਪੈਲਿਟੀ ਵਿੱਚ ਐਪਿੰਗ, ਮਿਲ-ਪਾਰਕ ਦੇ ਕਈ ਸ਼ਹਿਰ ਆਉਂਦੇ ਹਨ। ਸਾਲ 2018 ਦੀ ਵਿਕਟੋਰੀਆ ਪੁਲਿਸ ਦੀ ਇੱਕ ਰਿਪੋਰਟ, ਜਿਸ ਵਿੱਚ 3100 ਕੇਸ ਵਿਚਾਰੇ ਗਏ ਸਨ, ਤੋਂ ਪਤਾ ਚੱਲਿਆ ਸੀ ਕਿ ਇਹਨਾਂ ਇਲਾਕਿਆਂ ਵਿੱਚ ਘਰੇਲੂ ਹਿੰਸਾ ਦੂਜੇ ਨੰਬਰ ਤੇ ਰਹੀ ਸੀ।
ਇਹ ਵਿਕਟੋਰੀਆ ਦਾ ਇੱਕ ਬਹੁ-ਸਭਿਆਚਾਰ ਇਲਾਕਾ ਹੈ ਜਿਸ ਦੇ ਅੱਧੇ ਤੋਂ ਜਿਆਦਾ ਵਸਨੀਕ ਅੰਗਰੇਜੀ ਤੋਂ ਅਲਾਵਾ ਕੋਈ ਹੋਰ ਭਾਸ਼ਾ ਘਰਾਂ ਵਿੱਚ ਬੋਲਦੇ ਹਨ।
ਬਹੁ-ਪੱਖੀ ਮੁੱਦੇ
ਮੈਲਬਰਨ ਦੀ ਇੱਕ ਮਾਨਸਿਕ ਰੋਗ ਵਿਗਿਆਨੀ ਅਤੇ ਦਾਜ-ਵਿਰੋਧੀ ਮੁਹਿੰਮ ਚਲਾਉਣ ਵਾਲੀ ਡਾ ਮੰਜੂਲਾ ਓ’ਕੋਨਰ, ਜਿਸ ਨਾਲ ਵਿਕਟੋਰੀਆ ਪੁਲਿਸ ਨੇ ਇਹਨਾਂ ਖੁਦਕੁਸ਼ੀਆਂ ਦੇ ਸਬੰਧ ਵਿੱਚ ਸੰਪਰਕ ਕੀਤਾ ਸੀ, ਨੇ ਕਿਹਾ ਕਿ ਕੁੱਝ ਨਵੀਆਂ ਆਉਣ ਵਾਲੀਆਂ ਔਰਤਾਂ ਨੂੰ ਵਿਆਪਕ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
‘ਕਈ ਨਵੀਆਂ ਪ੍ਰਵਾਸ ਕਰਕੇ ਆਉਣ ਵਾਲੀਆਂ ਔਰਤਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਮਦਦ ਕਿੱਥੋਂ ਮਿਲ ਸਕਦੀ ਹੈ। ਇਹ ਅਜਿਹੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਲਈ ਆਉਂਦੀਆਂ ਹਨ ਜਿੱਥੋਂ ਪਬਲਿਕ ਟਰਾਂਸਪੋਰਟ ਬਹੁਤ ਦੂਰ ਹੁੰਦੀ ਹੈ ਅਤੇ ਇਹਨਾਂ ਕੋਲ ਡਰਾਈਵਿੰਗ ਲਾਈਸੈਂਸ ਵੀ ਨਹੀਂ ਹੁੰਦਾ, ਜਿਸ ਕਾਰਨ ਇਹ ਬਹੁਤ ਇਕੱਲਤਾ ਵਿੱਚ ਰਹਿਣ ਲਈ ਮਜ਼ਬੂਰ ਹੁੰਦੀਆਂ ਹਨ’।
‘ਅਤੇ ਜਦੋਂ ਇਹਨਾਂ ਔਰਤਾਂ ਨੂੰ ਫੋਨ ਕਰਨ ਜਾਂ ਦੂਜਿਆਂ ਨਾਲ ਮਿਲਣ ਜੁਲਣ ਦੀ ਇਜਾਜਤ ਵੀ ਨਹੀਂ ਹੁੰਦੀ ਤਾਂ ਸਥਿਤੀ ਹੋਰ ਵੀ ਗੰਭੀਰ ਬਣ ਜਾਂਦੀ ਹੈ’।

ਸਮਾਜ ਸੇਵਾ ਕਰਨ ਵਾਲੀ ਜਤਿੰਦਰ ਕੌਰ ਇਸ ਸਮੇਂ ਮੈਲਬਰਨ ਦੀ ਯੂਨਿਵਰਸਿਟੀ ਵਿੱਚ ਪ੍ਰਵਾਸੀਆਂ ਵਿੱਚ ਘਰੇਲੂ ਹਿੰਸਾ ਦੇ ਮੁੱਦੇ ਉੱਤੇ ਖੋਜ ਕਰ ਰਹੀ ਹੈ।
ਜਤਿਮੰਦਰ ਕਹਿੰਦੀ ਹੈ ਕਿ, ‘ਇਹ ਇੱਕ ਬਹੁ-ਪੱਖੀ ਮੁੱਦਾ ਹੈ। ਅਜਿਹਾ ਸਮਾਜ ਜਿਸ ਵਿੱਚ ਔਰਤ ਨੂੰ ਜਨਮ ਤੋਂ ਹੀ ਬੋਝ ਸਮਝਿਆ ਜਾਂਦਾ ਹੋਵੇ, ਅਤੇ ਵਿਆਹ ਤੋਂ ਬਾਅਦ ਉਸ ਨੂੰ ਇੱਕ ਅਜਿਹੇ ਪਰਿਵਾਰ ਵਿੱਚ ਭੇਜ ਦਿੱਤਾ ਜਾਂਦਾ ਹੈ ਜਿੱਥੇ ਉਸ ਦੀ ਆਪਣੀ ਕੋਈ ਪਹਿਚਾਣ ਨਹੀਂ ਹੁੰਦੀ, ਕਾਰਨ ਅਜਿਹੇ ਮਸਲੇ ਪੈਦਾ ਹੁੰਦੇ ਹਨ’।
‘ਆਰਜ਼ੀ ਵੀਜ਼ੇ ਤੇ ਆਉਣ ਵਾਲੀਆਂ ਔਰਤਾਂ ਨੂੰ ਸਿਹਤ ਅਤੇ ਹੋਰ ਕਈ ਸੇਵਾਵਾਂ ਉਪਲਬਧ ਨਹੀਂ ਹੁੰਦੀਆਂ। ਇਸ ਲਈ ਉਹ ਹਿੰਸਕ ਰਿਸ਼ਤਿਆਂ ਵਿੱਚ ਰਹਿਣ ਤੇ ਮਜ਼ਬੂਰ ਹੁੰਦੀਆਂ ਹਨ’।
ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ 2017 ਦੀ ਇੱਕ ਰਿਪੋਰਟ ਅਨੁਸਾਰ ਆਸਟ੍ਰੇਲੀਆ ਦੀਆਂ ਚਾਰਾਂ ਵਿੱਚੋਂ ਇੱਕ ਔਰਤ ਨਾਲ ਉਸ ਦੇ ਨੇੜਲੇ ਰਿਸ਼ਤੇਦਾਰ ਵਲੋਂ ਹਿੰਸਾ ਕੀਤੀ ਜਾਂਦੀ ਹੈ।

ਮੈਲਬਰਨ ਦੇ ਪਰਿਵਾਰਕ ਮਸਲਿਆਂ ਦੇ ਮਾਹਰ ਮੁਕੇਸ਼ ਛਿੱਬੜ ਕਹਿੰਦੇ ਹਨ ਕਿ ਅਧਿਕਾਰੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਬਹੁਤ ਕੁੱਝ ਕਰਨਾ ਚਾਹੀਦਾ ਹੈ।
‘ਕਈ ਵਿਆਹਾਂ ਵਿੱਚ ਲਾੜਾ ਲਾੜੀ ਇੱਕ ਦੂਜੇ ਨੂੰ ਚੰਗੀ ਤਰਾਂ ਨਹੀਂ ਜਾਣਦੇ ਹੁੰਦੇ। ਮੈਂ ਮੰਨਦਾ ਹਾਂ ਕਿ ਇੱਕ ਦੂਜੇ ਨੂੰ ਜਾਨਣਾ ਬਹੁਤ ਜਰੂਰੀ ਹੁੰਦਾ ਹੈ’।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵਲੋਂ ਸਾਲ 2013 ਵਿੱਚ ਜਾਰੀ ਕੀਤੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਉੱਤਰ ਪੂਰਬੀ ਏਸ਼ੀਅਨ ਦੇਸ਼ਾਂ ਵਿੱਚ ਸ਼ਰੀਰਕ ਅਤੇ ਜਿਣਸੀ ਹਿੰਸਾ ਸਭ ਤੋਂ ਜਿਆਦਾ (37.7%) ਹੁੰਦੀ ਹੈ। ਇਸ ਤੋਂ ਬਾਅਦ ਪੂਰਬੀ ਮੈਡੀਟੀਰੇਰੀਅਨ ਅਤੇ ਅਫਰੀਕੀ ਖੇਤਰ ਆਉਂਦੇ ਹਨ ਜਿਹਨਾਂ ਵਿੱਚ ਇਹ 37 ਅਤੇ 36.6% ਤੱਕ ਦਰਜ ਕੀਤੀ ਗਈ ਸੀ।
‘ਦਾ ਲੈਂਸਲੇਟ’ ਵਲੋਂ ਸਾਲ 2018 ਵਿੱਚ ਜਾਰੀ ਕੀਤੀ ਇੱਕ ਰਿਪੋਰਟ ਦਰਸਾਉਂਦੀ ਹੈ ਕਿ ਸੰਸਾਰ ਦੀ ਕੁੱਲ ਵਸੋਂ ਦਾ 18% ਸਿਰਫ ਭਾਰਤ ਵਿੱਚ ਹੀ ਰਹਿੰਦਾ ਹੈ ਅਤੇ ਇਸ ਵਿੱਚ ਸੰਸਾਰ ਭਰ ਵਿੱਚ ਹੋਣ ਵਾਲੀਆਂ ਖੁਦਕੁਸ਼ੀਆਂ ਵਿੱਚੋਂ 37% (ਔਰਤਾਂ ਵਿੱਚ) ਅਤੇ 24.3% (ਮਰਦਾਂ ਵਿੱਚ) ਵੀ ਇਸੇ ਦੇਸ਼ ਵਿੱਚ ਹੀ ਹੁੰਦੀਆਂ ਹਨ।

ਆਸਟ੍ਰੇਲੀਆ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਾਲ 2018 ਵਿੱਚ ਤਕਰੀਬਨ 3,046 ਖੁੱਦਕੁਸ਼ੀਆਂ ਹੋਈਆਂ ਸਨ, ਜਿਹਨਾਂ ਵਿੱਚੋਂ 593 ਸਿਰਫ ਵਿਕਟੋਰੀਆ ਵਿੱਚ ਹੀ ਹੋਈਆਂ ਸਨ। ਅਤੇ ਇਹਨਾਂ ਦੀ ਦਰ ਮਰਦਾਂ ਵਿੱਚ ਔਰਤਾਂ ਦੇ ਮੁਕਾਬਲੇ 3% ਜਿਆਦਾ ਸੀ।
ਮੋਨਿਕਾ* (ਬਦਲਵਾਂ ਨਾਮ) ਵੀ ਕਿਸੇ ਸਮੇਂ ਖੁਦਕੁਸ਼ੀ ਕਰਨ ਦੇ ਬਿਲਕੁਲ ਕਰੀਬ ਸੀ।
ਇਹ ਭਾਰਤ ਤੋਂ ਆਸਟ੍ਰੇਲੀਆ ਵਿਆਹ ਕਰਵਾ ਕੇ ਆਈ ਸੀ ਅਤੇ ਇਸ ਨੂੰ ਇੱਥੇ ਹੋਰ ਕੋਈ ਨਹੀਂ ਜਾਣਦਾ ਸੀ।
‘ਨੌਕਰੀ ਮਿਲਣ ਤੋਂ ਪਹਿਲਾਂ ਮੈਨੂੰ ਬਾਹਰ ਜਾਣ ਦੀ ਜਾਂ ਗੁਆਂਢੀਆਂ ਨਾਲ ਗੱਲ ਕਰਨ ਦੀ ਵੀ ਇਜਾਜਤ ਨਹੀਂ ਸੀ। ਮੇਰਾ ਪਤੀ ਲਗਾਤਾਰ ਸ਼ਰਾਬ ਪੀਂਦਾ ਸੀ ਅਤੇ ਬਹਾਨੇ ਬਣਾ ਕੇ ਮੈਨੂੰ ਮਾਰਦਾ ਕੁੱਟਦਾ ਸੀ’।
ਉਸ ਮੁਸ਼ਕਲ ਦੇ ਸਮੇਂ ਇਸ ਨੇ ਵੀ ਖੁਦਕੁਸ਼ੀ ਕਰਨ ਦੀ ਸੋਚੀ ਸੀ।
ਇੱਕ ਵਾਰ ਉਸ ਨੂੰ ਸੱਟ ਫੇਟ ਲੱਗਣ ਕਾਰਨ ਡਾਕਟਰ ਕੋਲ ਜਾਣਾ ਪਿਆ ਅਤੇ ਇਸੀ ਸਮੇਂ ਉਸ ਨੂੰ ਮੌਕਾ ਮਿਲਿਆ ਹਿੰਸਕ ਪਤੀ ਅਤੇ ਪਰਿਵਾਰ ਤੋਂ ਛੁੱਟਕਾਰਾ ਪਾਣ ਦਾ ਵੀ।
ਡਾ ਓ’ਕੋਨੋਰ ਉਮੀਦ ਕਰਦੇ ਹਨ ਕਿ ਕੋਰੋਨੋਲੀਅਲ ਜਾਂਚ ਦੇ ਨਤੀਜਿਆਂ ਨੂੰ ਜਨਤਕ ਕੀਤਾ ਜਾਵੇਗਾ ਤਾਂ ਕਿ ਭਾਈਚਾਰੇ ਵਿੱਚ ਇਸ ਦੇ ਹੱਲ ਲੱਭੇ ਜਾ ਸਕਣ।

ਸ਼੍ਰੀ ਹੋਜ਼ ਵੀ ਇਸ ਨਾਲ ਸਹਿਮਤ ਹਨ ਅਤੇ ਕਹਿੰਦੇ ਹਨ ਕਿ ਉਹਨਾਂ ਸੱਤਾਂ ਔਰਤਾਂ ਨੂੰ ਤਾਂ ਕੋਈ ਮਦਦ ਨਹੀਂ ਮਿਲ ਸਕੀ ਪਰ, ਬਾਕੀ ਦੀਆਂ ਹੋਰ ਔਰਤਾਂ ਜੋ ਕਿ ਅਜਿਹੇ ਹਾਲਾਤਾਂ ਵਿੱਚ ਰਹ ਰਹੀਆਂ ਹਨ, ਵਾਸਤੇ ਕੁੱਝ ਨਾ ਕੁੱਝ ਜਰੂਰ ਕੀਤਾ ਜਾ ਸਕੇਗਾ।
ਕੋਵਿਡ-19 ਦੀਆਂ ਬੰਦਸ਼ਾਂ ਤੋਂ ਬਾਅਦ ਉਮੀਦ ਹੈ ਕਿ ਭਾਈਚਾਰਾ ਇੱਕ ਦੂਜੇ ਨਾਲ ਮੇਲ ਮਿਲਾਪ ਵਧਾਏਗਾ ਅਤੇ ਇਸ ਨਾਲ ਕਈ ਦਬਾਅ ਵੀ ਘੱਟ ਹੋ ਸਕਣਗੇ।

‘ਇਸ ਸਮੇਂ ਸਮਾਜ ਵਿੱਚ ਬਹੁਤ ਕੁੱਝ ਗਲਤ ਹੋ ਰਿਹਾ ਹੈ ਅਤੇ ਇਸ ਨੂੰ ਇਸੀ ਤਰਾਂ ਛੱਡਿਆ ਨਹੀਂ ਜਾ ਸਕਦਾ’।
ਕੀ ਤੁਹਾਨੂੰ ਇਹਨਾਂ ਕੇਸਾਂ ਬਾਰੇ ਕੋਈ ਜਾਣਕਾਰੀ ਹੈ ਤਾਂ ਤੁਸੀਂ linevlin@protonmail.com ਈਮੇਲ ਦੁਆਰਾ ਸੰਪਕਰ ਕਰ ਸਕਦੇ ਹੋ।
ਘਰੇਲੂ ਹਿੰਸਾ ਲਈ ਮਦਦ ਵਾਸਤੇ 1800 737 732 ਉੱਤੇ ਫੋਨ ਕੀਤਾ ਜਾ ਸਕਦਾ ਹੈ।
ਇਨ-ਟੱਚ – 1800 755 988 ਜਾਂ ਇਨਟੱਚ.ਔਰਗ.ਏਯੂ
ਬਿਓਂਡਬਲੂ – 1800 512 348
ਲਾਈਫਲਾਈਨ – 13 11 14
ਔਰਤਾਂ ਦੀ ਸਿਹਤ ਲਈ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਸੇਵਾ ਲਈ – 1800 656 421
ਆਪਣੀ ਭਾਸ਼ਾ ਵਿੱਚ ਮਦਦ ਲੈਣ ਲਈ 13 14 50 ਤੇ ਦੁਭਾਸ਼ੀਏ ਦੀ ਸੇਵਾ ਲਈ ਫੋਨ ਕੀਤਾ ਜਾ ਸਕਦਾ ਹੈ।
ਤੁਰੰਤ ਮਦਦ ਲਈ 000 ਤੇ ਫੋਨ ਕਰੋ।
