ਵੂਲਵਰਥਸ ਨੇ ਆਪਣੇ ਸਟੋਰਾਂ ਵਿੱਚ ਆਉਣ ਵਾਲੇ ਗਾਹਕਾਂ ਅਤੇ ਕਰਮਚਾਰੀਆਂ ਦੀ ਸਿਹਤ-ਸੁਰੱਖਿਆ ਦੇ ਮੱਦੇਨਜ਼ਰ ਕਈ ਨਵੇਂ ਬਦਲਾਵਾਂ ਦਾ ਐਲਾਨ ਕੀਤਾ ਹੈ ਜਿਹਨਾਂ ਵਿੱਚ ਪ੍ਰਮੁੱਖ ਤੌਰ ਤੇ ਬਜ਼ੁਰਗਾਂ ਅਤੇ ਅਪੰਗ ਲੋਕਾਂ ਵਾਸਤੇ ਨਿਰਧਾਰਤ ਸਵੇਰ ਦੇ 7 ਤੋਂ 8 ਵਜੇ ਵਾਲੇ ਸਮੇਂ ਨੂੰ ਹਰ ਸੋਮਵਾਰ, ਬੁੱਧਵਾਰ ਅਤੇ ਸ਼ੁਕਰਵਾਰ ਵਾਲੇ ਦਿਨਾਂ ਤੱਕ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ।
ਹਰ ਮੰਗਲਵਾਰ ਅਤੇ ਵੀਰਵਾਰ ਸਵੇਰ 7 ਤੋਂ 8 ਵਜੇ ਤੱਕ ਦੇ ਸਮੇਂ ਨੂੰ ਹੁਣ ਸਿਹਤ ਵਿਭਾਗ ਦੇ ਕਾਮਿਆਂ ਅਤੇ ਹੰਗਾਮੀ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਲਈ ਰਾਖਵਾਂ ਰੱਖਿਆ ਗਿਆ ਹੈ। ਅਜਿਹੇ ਗਾਹਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਹਨਾਂ ਨਿਯਤ ਸਮਿਆਂ ਦੌਰਾਨ ਖਰੀਦਦਾਰੀ ਕਰਨ ਲਈ ਲਈ ਆਪਣੇ ਨਾਲ ਉਚਿਤ ਪਹਿਚਾਣ-ਪੱਤਰ ਜਰੂਰ ਲੈਕੇ ਜਾਣ।
ਵੂਲਵਰਥਸ ਨੇ ਕਿਹਾ ਹੈ ਕਿ ਚੈਕ-ਆਊਟਸ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਹਰ ਦੋ ਘੰਟੇ ਬਾਅਦ ਬਦਲਿਆ ਜਾਵੇਗਾ।
ਇਸ ਦੇ ਨਾਲ ਹੀ ਗਾਹਕਾਂ ਨੂੰ ਆਪਣੇ ਖਰੀਦਦਾਰੀ ਵਾਲੇ ਬੈਗਾਂ ਨੂੰ ਆਪ ਭਰਨ ਲਈ ਕਿਹਾ ਜਾਵੇਗਾ ਤਾਂ ਕਿ ਕਰਮਚਾਰੀਆਂ ਅਤੇ ਗਾਹਕਾਂ ਵਿਚਾਲੇ ਹੋਣ ਵਾਲੇ ਸੰਪਰਕ ਨੂੰ ਹੋਰ ਵੀ ਘੱਟ ਕੀਤਾ ਜਾ ਸਕੇ।
ਅਗਰ ਕਿਸੇ ਗਾਹਕ ਦੇ ਸ਼ਾਪਿੰਗ-ਬੈਗ ਸਾਫ ਨਹੀਂ ਹਨ ਤਾਂ ਉਹਨਾਂ ਨੂੰ ਮੁਫਤ ਵਿੱਚ ਨਵੇਂ ਬੈਗਾਂ ਨਾਲ ਬਦਲੇ ਜਾਣ ਸਬੰਧੀ ਵੀ ਐਲਾਨ ਕੀਤਾ ਗਿਆ ਹੈ।
ਵੂਲਵਰਥਸ ਨੇ ਪਿਛਲੇ ਹਫਤੇ ਵੀ ਕਈ ਤਬਦੀਲੀਆਂ ਦਾ ਐਲਾਨ ਕੀਤਾ ਸੀ ਜਿਸ ਵਿੱਚ ਹੇਠ-ਲਿਖਤ ਪ੍ਰਬੰਧ ਯਕੀਨ ਬਣਾਉਣ ਦੀ ਗੱਲ ਕੀਤੀ ਗਈ ਹੈ -
- ਗਾਹਕਾਂ ਅਤੇ ਕਰਮਚਾਰੀਆਂ ਵਿੱਚ ਇੱਕ ‘ਪਲੈਕਸੀਗਲਾਸ ਸਕਰੀਨ’ ਲਗਾਈ ਜਾਵੇਗੀ ਤਾਂ ਕਿ ਗਾਹਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਹੋਰ ਵੀ ਕਾਰਗਰ ਬਣਾਈ ਜਾ ਸਕੇ।
- ਹਰ ਸਟੋਰ ਦੇ ਗੇਟ 'ਤੇ, ਗਾਹਕਾਂ ਵਲੋਂ ਵਰਤੀਆਂ ਜਾਣ ਵਾਲੀਆਂ ਟਰਾਲੀਆਂ ਅਤੇ ਟੋਕਰੀਆਂ ਦੇ ਹੈਂਡਲ ਸਾਫ ਕੀਤੇ ਜਾਣਗੇ।
- ਇੱਕ ਹੋਰ ਕਰਮਚਾਰੀ ਇਹ ਯਕੀਨੀ ਬਣਾਏਗਾ ਕਿ ਗਾਹਕਾਂ ਨੂੰ 1.5 ਮੀਟਰ ਦੀ ਲਾਜ਼ਮੀ ਦੂਰੀ ਬਾਰੇ ਦੱਸਿਆ ਜਾਵੇ ਅਤੇ ਨਾਲ ਇਹ ਵੀ ਜਾਣਕਾਰੀ ਦਿੱਤੀ ਜਾਵੇਗੀ ਕਿ ਇੱਕ ਗਾਹਕ ਇੱਕ ਸਮੇਂ 'ਤੇ ਕਿੰਨੀਆਂ ਵਸਤੂਆਂ ਖਰੀਦ ਸਕਦਾ ਹੈ।
- ਕਈ ਸਟੋਰਾਂ ਵਿਚਲੇ ‘ਸੈਲਫ-ਸਰਵਿਸ’ ਚੈੱਕ-ਆਊਟਸ ਨੂੰ ਬੰਦ ਕੀਤਾ ਜਾਵੇਗਾ ਤਾਂ ਕਿ ਗਾਹਕਾਂ ਵਿਚਲੀ ਲਾਜ਼ਮੀ 1.5 ਮੀਟਰ ਵਾਲੀ ਦੂਰੀ ਯਕੀਨੀ ਬਣਾਈ ਜਾ ਸਕੇ।
- ਜਿੱਥੇ ਹੋ ਸਕੇ ਗਾਹਕਾਂ ਨੂੰ ‘ਟੈਪ ਐਂਡ ਪੇਅ’ ਸੇਵਾ ਵਰਤਣ ਲਈ ਉਤਸ਼ਾਹਤ ਕੀਤਾ ਜਾਵੇਗਾ।
ਹਰ ਸਟੋਰ ਵਿੱਚ ਸੁਰੱਖਿਆ ਕਰਮਚਾਰੀਆਂ ਦੇ ਨਾਲ ਨਾਲ ਸਟੋਰ ਵਿਚਲੀ ਸਾਫ-ਸਫਾਈ 'ਤੇ ਜ਼ੋਰ ਦੇਣ ਸਬੰਧੀ ਵੀ ਐਲਾਨ ਕੀਤਾ ਗਿਆ ਹੈ।
ਵੂਲਵਰਥਸ ਸੁਪਰਮਾਰਕਿਟ ਦੇ ਮੈਨੇਜਿੰਗ ਡਾਇਰੈਕਟਰ ਕਲੇਅਰ ਪੀਟਰਸ ਨੇ ਕਿਹਾ - "ਆਸਟ੍ਰੇਲੀਅਨ ਭਾਈਚਾਰੇ ਨੂੰ ਗਰੋਸਰੀ ਅਤੇ ਖਾਣੇ ਦੀਆਂ ਹੋਰ ਵਸਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਸਾਡਾ ਟੀਚਾ ਹੈ ਕਿ ਅਸੀਂ ਆਪਣੇ ਕਰਮਚਾਰੀਆਂ ਅਤੇ ਗਾਹਕਾਂ ਦੀ ਸਿਹਤ ਵੀ ਯਕੀਨੀ ਬਣਾਈਏ। ਇੱਕ ਦੂਜੇ ਤੋਂ ਦੂਰੀ ਰੱਖਣ ਵਾਲੇ ਸਾਡੇ ਨਿਯਮਾਂ ਦਾ ਗਾਹਕਾਂ ਵਲੋਂ ਸਵਾਗਤ ਕੀਤਾ ਗਿਆ ਹੈ। ਇਸ ਵਾਸਤੇ ਅਸੀਂ ਭਾਈਚਾਰੇ ਦਾ ਧੰਨਵਾਦ ਕਰਦੇ ਹਾਂ।"
"ਅਸੀਂ ਗਾਹਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਖਰੀਦਦਾਰੀ ਲਈ ਜਾਣ ਤੋਂ ਪਹਿਲਾਂ ਆਨ-ਲਾਈਨ ਜਾਕੇ ਖਾਸ ਸੇਵਾਵਾਂ ਅਤੇ ਉਹਨਾਂ ਦੇ ਸਮੇਂ ਬਾਰੇ ਜਾਣ ਲਿਆ ਕਰਨ।"
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦੀ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।