Key Points:
- ਆਸਟ੍ਰੇਲੀਅਨ ਟੈਕਸ ਆਫਿਸ ਦੇ ਨਵੇਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਵਿੱਤੀ ਸਾਲ ਵਿੱਚ ਗੁੰਮ ਹੋਏ ਅਤੇ ਲਾਵਾਰਿਸ ਸੁਪਰ ਵਿੱਚ $2.1 ਬਿਲੀਅਨ ਦਾ ਵਾਧਾ ਹੋਇਆ ਹੈ।
- ਲਗਭਗ ਚਾਰਾਂ ਵਿੱਚੋਂ ਇੱਕ ਆਸਟ੍ਰੇਲੀਅਨ ਵਿਅਕਤੀ ਕੋਲ ਦੋ ਜਾਂ ਦੋ ਤੋਂ ਵੱਧ ਸੁਪਰ ਖਾਤੇ ਹਨ, ਜਿਸ ਨਾਲ ਸੁਪਰ ਨੂੰ ਭੁੱਲਿਆ ਜਾਂ ਗੁਆਇਆ ਜਾ ਸਕਦਾ ਹੈ।
ਆਸਟ੍ਰੇਲੀਆ ਵਾਸੀਆਂ ਨੂੰ ਇਹ ਜਾਂਚ ਕਰਨ ਦੀ ਤਾਕੀਦ ਕੀਤੀ ਗਈ ਹੈ ਕਿ ਕੀ ਉਨ੍ਹਾਂ ਦਾ ਪੈਸਾ $16 ਬਿਲੀਅਨ ਡਾਲਰ ਦੇ ਗੁੰਮ ਹੋਏ ਅਤੇ ਲਾਵਾਰਿਸ ਪਏ ਸੁਪਰ ਫ਼ੰਡ ਦੇ ਪੂਲ ਦਾ ਹਿੱਸਾ ਹੈ ਜਾਂ ਨਹੀਂ।
ਸੋਮਵਾਰ ਨੂੰ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ (ਏ.ਟੀ.ਓ.) ਦੇ ਨਵੇਂ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਗੁੰਮ ਹੋਏ ਅਤੇ ਲਾਵਾਰਿਸ ਸੁਪਰ ਫੰਡਾਂ ਵਿੱਚ ਪਿਛਲੇ ਵਿੱਤੀ ਸਾਲ ਵਿੱਚ $2.1 ਬਿਲੀਅਨ ਦਾ ਵਾਧਾ ਹੋਇਆ ਹੈ, ਜਿਸ ਨਾਲ ਹੁਣ ਇਹ ਰਕਮ ਕੁੱਲ $16 ਬਿਲੀਅਨ ਹੋ ਗਈ ਹੈ।
ਪਰ ਸੁਪਰ ਸਿਰਫ ਲਾਵਾਰਿਸ ਪੈਸੇ ਦੀ ਕਿਸਮ ਨਹੀਂ ਹੈ।
ਵਿੱਤੀ ਰੈਗੂਲੇਟਰ, ਆਸਟ੍ਰੇਲੀਅਨ ਸਕਿਓਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ (ਏਐਸਆਈਸੀ) ਦੇ ਅਨੁਸਾਰ, ਬੈਂਕ ਖਾਤਿਆਂ, ਸ਼ੇਅਰਾਂ, ਨਿਵੇਸ਼ਾਂ ਅਤੇ ਜੀਵਨ ਬੀਮਾ ਪਾਲਿਸੀਆਂ ਤੋਂ ਲਗਭਗ $1.5 ਬਿਲੀਅਨ ਦਾਅਵਾ ਕਰਨ ਵਾਲਿਆਂ ਦੀ ਉਡੀਕ ਰਹੇ ਹਨ, ਜਦੋਂ ਕਿ ਰਾਜ ਸਰਕਾਰਾਂ ਕੋਲ ਵੀ ਅਜਿਹਾ ਪੈਸਾ ਹੈ ਜੋ ਦਾਅਵਾ ਕੀਤੇ ਜਾਣ ਦੀ ਉਡੀਕ ਕਰ ਰਿਹਾ ਹੈ।
ਗੁੰਮ ਹੋਏ ਬੈਂਕ ਖਾਤੇ, ਜੀਵਨ ਬੀਮਾ, ਸ਼ੇਅਰ ਅਤੇ ਨਿਵੇਸ਼
ਏ ਐਸ ਆਈ ਸੀ (ASIC) ਬੈਂਕ ਖਾਤਿਆਂ ਅਤੇ ਜੀਵਨ ਬੀਮਾ ਪਾਲਿਸੀਆਂ ਵਿੱਚ ਪੈਸੇ ਦਾ ਪ੍ਰਬੰਧਨ ਕਰਦਾ ਹੈ ਜਿਨ੍ਹਾਂ ਨੂੰ ਕਿਸੇ ਖਾਸ ਮਿਆਦ ਲਈ ਛੂਹਿਆ ਜਾਂ ਦਾਅਵਾ ਨਹੀਂ ਕੀਤਾ ਗਿਆ ਹੈ। ਜੇਕਰ ਖਾਤਾ ਸਰਗਰਮ ਨਹੀਂ ਹੁੰਦਾ ਹੈ ਤਾਂ ਬੈਂਕ ਖਾਤੇ ਸੱਤ ਸਾਲਾਂ ਬਾਅਦ ਲਾਵਾਰਿਸ ਹੋ ਜਾਂਦੇ ਹਨ।
ਏ ਐਸ ਆਈ ਸੀ ਦੁਆਰਾ ਪ੍ਰਾਪਤ ਕੀਤਾ ਕੋਈ ਵੀ ਲਾਵਾਰਿਸ ਪੈਸਾ ਕਾਮਨਵੈਲਥ ਆਫ਼ ਆਸਟ੍ਰੇਲੀਆ ਕੰਸੋਲੀਡੇਟਿਡ ਰੈਵੇਨਿਊ ਫੰਡ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਹੈ, ਅਤੇ ਕਿਸੇ ਵੀ ਸਮੇਂ ਦਾਅਵਾ ਕਰਨ ਲਈ ਉਪਲਬਧ ਹੁੰਦਾ ਹੈ।
ਲਾਵਾਰਿਸ ਪੈਸੇ ਲੱਭਣ ਲਈ, ਤੁਸੀਂ ਏ ਐਸ ਆਈ ਸੀ ਦੇ ਰਿਕਾਰਡ ਡੇਟਾਬੇਸ ਦੀ ਖੋਜ ਕਰ ਸਕਦੇ ਹੋ।
ਬੈਂਕ ਖਾਤੇ ਤੋਂ ਪੈਸੇ ਲਈ ਦਾਅਵਾ ਕਰਨ ਲਈ, ਤੁਹਾਨੂੰ ਸਬੰਧਿਤ ਵਿੱਤੀ ਸੰਸਥਾ ਨਾਲ ਸੰਪਰਕ ਕਰਨ ਦੀ ਲੋੜ ਹੋਵੇਗੀ। ਜੇਕਰ ਤੁਹਾਡਾ ਦਾਅਵਾ ਸਫਲ ਹੁੰਦਾ ਹੈ, ਤਾਂ ਬੈਂਕ ਏ ਐਸ ਆਈ ਸੀ ਨੂੰ ਸੂਚਿਤ ਕਰੇਗਾ, ਜੋ ਕਿ ਬੈਂਕ ਨੂੰ ਫੰਡ ਜਾਰੀ ਕਰੇਗਾ।
ਜੀਵਨ ਬੀਮਾ ਪਾਲਿਸੀਆਂ ਤੋਂ ਗੁੰਮ ਹੋਏ ਪੈਸੇ ਦਾ ਦਾਅਵਾ ਕਰਨ ਲਈ ਵੀ ਸੰਬੰਧਿਤ ਸੰਸਥਾ ਨਾਲ ਸੰਪਰਕ ਕਰਨ ਦੀ ਲੋੜ ਹੁੰਦੀ ਹੈ, ਜਦੋਂ ਕਿ ਏ ਐਸ ਆਈ ਸੀ ਦੁਆਰਾ ਰੱਖੇ ਗਏ ਸ਼ੇਅਰਾਂ ਅਤੇ ਨਿਵੇਸ਼ਾਂ ਦੇ ਪੈਸਿਆਂ ਬਾਰੇ ਇਥੇ ਪਤਾ ਲਗਾਇਆ ਜਾ ਸਕਦਾ ਹੈ।
ਗੁੰਮਿਆ ਹੋਇਆ ਸੁਪਰਐਨੂਏਸ਼ਨ
ਸੁਪਰਐਨੂਏਸ਼ਨ ਫੰਡਾਂ ਵਿੱਚ ਵਰਤਮਾਨ ਵਿੱਚ ਗੁੰਮ ਹੋਏ ਸੁਪਰ ਵਿੱਚ $10.4 ਬਿਲੀਅਨ ਸ਼ਾਮਿਲ ਹਨ ਜਦੋਂ ਕਿ ਏ ਟੀ ਓ (ATO) ਕੋਲ $5.6 ਬਿਲੀਅਨ ਮੌਜੂਦ ਹਨ, ਜੋ ਕਿ 2019 ਤੋਂ ਲੈਕੇ ਹੁਣ ਤੱਕ 40 ਪ੍ਰਤੀਸ਼ਤ ਵਾਧਾ ਹੈ।
ਗੁੰਮਿਆ ਹੋਇਆ ਇਹ ਪੈਸਾ ਸੁਪਰ ਫੰਡਾਂ ਦੁਆਰਾ ਰੱਖਿਆ ਗਿਆ ਉਹ ਪੈਸਾ ਹੁੰਦਾ ਜਦੋਂ ਕੋਈ ਮੈਂਬਰ ਸੰਪਰਕ ਤੋਂ ਬਾਹਰ ਜਾਂ ਅਕਿਰਿਆਸ਼ੀਲ ਹੋ ਜਾਂਦਾ ਹੈ।
ਲਾਵਾਰਿਸ ਸੁਪਰ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ, ਜਾਂ ਅਸਥਾਈ ਨਿਵਾਸੀ ਜਿਨ੍ਹਾਂ ਨੂੰ ਆਸਟ੍ਰੇਲੀਆ ਛੱਡ ਕੇ ਗਇਆ ਛੇ ਮਹੀਨੇ ਜਾਂ ਇਸ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਉਹਨਾਂ ਦੇ ਵੀਜ਼ੇ ਦੀ ਮਿਆਦ ਪੁੱਗ ਗਈ ਹੈ ਜਾਂ ਰੱਦ ਕਰ ਦਿੱਤੀ ਗਈ ਹੈ, ਦੇ ਅਕਿਰਿਆਸ਼ੀਲ ਖਾਤਿਆਂ ਤੋਂ ਏਟੀਓ ਨੂੰ ਭੇਜਿਆ ਗਿਆ ਪੈਸਾ ਹੈ।
ਨਵੇਂ ਡੇਟਾ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਚਾਰ ਵਿੱਚੋਂ ਇੱਕ ਆਸਟ੍ਰੇਲੀਅਨ ਕੋਲ ਦੋ ਜਾਂ ਵੱਧ ਸੁਪਰ ਖਾਤੇ ਹਨ, ਜੋ ਸੁਪਰ ਨੂੰ ਭੁੱਲਣ ਜਾਂ ਗੁਆਉਣ ਵਿੱਚ ਯੋਗਦਾਨ ਪਾ ਸਕਦੇ ਹਨ।
ਲੋਕ ਆਪਣੇ myGov ਖਾਤਿਆਂ ਦੀ ਜਾਂਚ ਕਰਕੇ ਕੁਝ ਹੀ ਮਿੰਟਾਂ ਵਿੱਚ ਗੁੰਮ ਹੋਏ ਜਾਂ ਲਾਵਾਰਿਸ ਸੁਪਰ ਲੱਭ ਸਕਦੇ ਹਨ।

ਜਾਇਦਾਦ, ਲਾਭਅੰਸ਼, ਅਤੇ ਹੋਰ ਬਹੁਤ ਕੁਝ
ਏ ਐਸ ਆਈ ਸੀ ਕਹਿੰਦਾ ਹੈ ਕਿ ਰਾਜ ਅਤੇ ਖੇਤਰੀ ਸਰਕਾਰਾਂ ਵੀ ਲਾਵਾਰਸ ਪੈਸਾ ਰੱਖਦੀਆਂ ਹਨ, ਜਿਸ ਵਿੱਚ ਮ੍ਰਿਤਕ ਜਾਇਦਾਦਾਂ ਤੋਂ ਲੈਕੇ ਗੁਆਚੇ ਹੋਏ ਸ਼ੇਅਰ ਲਾਭਅੰਸ਼, ਤਨਖਾਹਾਂ ਅਤੇ ਉਜਰਤਾਂ, ਚੈਕ ਅਤੇ ਵੱਧ-ਭੁਗਤਾਨ ਸ਼ਾਮਲ ਹਨ।
ਉਦਾਹਰਨ ਲਈ, ਨਿਊ ਸਾਊਥ ਵੇਲਜ਼ ਵਿੱਚ, ਰੈਵੇਨਿਊ ਐਨ ਐਸ ਡਬਲਯੂ ਵੈੱਬਸਾਈਟ ਦੇ ਅਨੁਸਾਰ, ਲਗਭਗ $152 ਮਿਲੀਅਨ ਦੀ ਕੀਮਤ ਦੇ ਲਗਭਗ 430,000 ਲਾਵਾਰਿਸ ਪਾਰਸਲ ਹਨ।
ਹਰੇਕ ਰਾਜ ਅਤੇ ਪ੍ਰਦੇਸ਼ ਦੀ ਆਪਣੀ ਜਨਤਕ ਟਰੱਸਟੀ ਜਾਂ ਸੰਬੰਧਿਤ ਸਰਕਾਰੀ ਏਜੰਸੀ ਹੁੰਦੀ ਹੈ।
ਤੁਸੀਂ ਰੈਵੇਨਿਊ ਐਨ ਐਸ ਡਬਲਯੂ ਦੇ ਔਨਲਾਈਨ ਪੋਰਟਲ 'ਤੇ ਜਾ ਕੇ ਨਿਊ ਸਾਊਥ ਵੇਲਜ਼ ਵਿੱਚ ਲਾਭਅੰਸ਼ ਅਤੇ ਹੋਰ ਲਾਵਾਰਿਸ ਪੈਸੇ ਦੀ ਖੋਜ ਕਰ ਸਕਦੇ ਹੋ। ਮ੍ਰਿਤਕ ਜਾਇਦਾਦਾਂ ਦੀ ਖੋਜ ਕਰਨ ਲਈ ਐਨ ਐਸ ਡਬਲਯੂ ਟਰੱਸਟੀ ਅਤੇ ਗਾਰਡੀਅਨ ਨਾਲ ਸੰਪਰਕ ਕਰਨ ਦੀ ਲੋੜ ਹੁੰਦੀ ਹੈ।
ਆਮ ਤੌਰ 'ਤੇ, ਔਨਲਾਈਨ ਦਾਅਵਾ ਕਰਨ ਲਈ ਪਛਾਣ ਅਤੇ ਮਾਲਕੀ ਦੀ ਜਾਣਕਾਰੀ ਦੇ ਸਬੂਤ ਦੇਣ ਦੀ ਲੋੜ ਹੁੰਦੀ ਹੈ, ਜਾਂ ਇੱਕ ਫਾਰਮ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਲੋੜੀਂਦੇ ਦਸਤਾਵੇਜ਼ਾਂ ਨਾਲ ਈਮੇਲ ਕੀਤਾ ਜਾ ਸਕਦਾ ਹੈ।
ਇਸੇ ਤਰ੍ਹਾਂ ਦੀ ਪ੍ਰਕਿਰਿਆ ਵਿਕਟੋਰੀਆ ਵਿੱਚ ਸਟੇਟ ਰੈਵੇਨਿਊ ਆਫਿਸ ਵਿਕਟੋਰੀਆ ਦੇ ਰਜਿਸਟਰ (ਲਾਭਅੰਸ਼ ਅਤੇ ਹੋਰ ਪੈਸਿਆਂ ਲਈ) ਅਤੇ ਸਟੇਟ ਟਰੱਸਟੀ ਵਿਕਟੋਰੀਆ (ਮ੍ਰਿਤਕ ਜਾਇਦਾਦਾਂ ਲਈ) ਰਾਹੀਂ ਕੀਤੀ ਜਾਂਦੀ ਹੈ। ਹੋਰ ਰਾਜ ਏਜੰਸੀਆਂ ਵਿੱਚ: ਆਸਟ੍ਰੇਲੀਅਨ ਰਾਜਧਾਨੀ ਪ੍ਰਦੇਸ਼, ਨੋਰਦਰਨ ਟੈਰੀਟੋਰੀ, ਕੁਈਨਜ਼ਲੈਂਡ, ਦੱਖਣੀ ਆਸਟ੍ਰੇਲੀਆ, ਤਸਮਾਨੀਆ ਅਤੇ ਪੱਛਮੀ ਆਸਟ੍ਰੇਲੀਆ ਸ਼ਾਮਲ ਹਨ।
ਵਧੇਰੇ ਜਾਣਕਾਰੀ ਫੈਡਰਲ ਸਰਕਾਰ ਦੀ Moneysmart ਵੈੱਬਸਾਈਟ 'ਤੇ ਉਪਲਬਧ ਹੈ।
ਏ ਐਸ ਆਈ ਸੀ ਇਹ ਵੀ ਸਿਫ਼ਾਰਸ਼ ਕਰਦਾ ਹੈ ਕਿ ਤੁਹਾਡੇ ਬੈਂਕ ਵੇਰਵੇ ਸਰਵਿਸਿਜ਼ ਆਸਟ੍ਰੇਲੀਆ ਨਾਲ ਅੱਪ-ਟੂ-ਡੇਟ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਆਪਣੇ ਮੈਡੀਕੇਅਰ ਲਾਭ ਪ੍ਰਾਪਤ ਕਰ ਰਹੇ ਹੋ।
