ਵਿਕਟੋਰੀਆ ਪੁਲਸ ਮੁਤਾਬਕ ਇਹ ਦੁਰਘਟਨਾ 28 ਅਕਤੂਬਰ ਬੁੱਧਵਾਰ ਨੂੰ ਦੁਪਹਿਰ ਕਰੀਬ 3:50 ਉੱਤੇ ਹੋਈ।
ਦੁਰਘਟਨਾ ਵੇਲ਼ੇ ਬੌਬੀ ਜੋ ਕਿੱਤੇ ਵਜੋਂ ਇੱਕ ਟਰੱਕ ਡਰਾਈਵਰ ਸੀ ਆਪਣੇ ਮੋਟਰਸਾਈਕਲ ਉੱਤੇ ਕੰਮ ਤੋਂ ਘਰ ਪਰਤ ਰਿਹਾ ਸੀ।
ਨਿਊਜ਼ੀਲੈਂਡ ਦੇ ਵਸਨੀਕ ਉਸਦੇ ਵੱਡੇ ਭਰਾ ਹਰਮੋਹਿਤ ਸਿੰਘ ਨੇ ਐੱਸ ਬੀ ਐੱਸ ਪੰਜਾਬੀ ਨੂੰ ਦੱਸਿਆ ਕਿ ਉਸ ਦਾ ਭਰਾ ਮੋਟਰਸਾਈਕਲਾਂ ਦਾ ਕਾਫ਼ੀ ਸ਼ੌਕੀਨ ਸੀ।
ਪਰਿਵਾਰ ਦੇ ਦੱਸਣ ਮੁਤਾਬਿਕ ਉਹ ਇੱਕ ਬਹੁਤ ਮਿਹਨਤੀ ਅਤੇ ਉੱਚੇ ਆਸ਼ੇ ਰੱਖਣ ਵਾਲਾ ਨੌਜਵਾਨ ਸੀ।
ਸ੍ਰੀ ਸਿੰਘ ਨੇ ਦੱਸਿਆ ਕਿ ਉਸਨੇ ਭਰਾ ਨੇ ਛੋਟੀ ਉਮਰੇ ਹੀ ਆਪਣਾ ਘਰ ਬਣਾ ਲਿਆ ਸੀ ਤੇ ਉਹ ਆਪਣੇ ਹੋਰ ਸੁਪਨੇ ਸਾਕਾਰ ਕਰਨ ਲਈ ਅੱਗੇ ਵੱਧ ਰਿਹਾ ਸੀ।

ਪੰਜਾਬ ਦੇ ਨਵਾਂਸ਼ਹਿਰ ਦੇ ਪਿਛੋਕੜ ਵਾਲਾ ਇਹ ਨੌਜਵਾਨ 18-ਸਾਲ ਦੀ ਛੋਟੀ ਉਮਰ ਵਿੱਚ ਇੱਕ ਵਿਦਿਆਰਥੀ ਵਜੋਂ ਆਸਟ੍ਰੇਲੀਆ ਆ ਗਿਆ ਸੀ।
ਤਕਰੀਬਨ 8 ਸਾਲ ਦੀ ਮਿਹਨਤ ਬਾਅਦ ਉਸ ਨੂੰ ਇਸ ਸਾਲ ਜਨਵਰੀ ਵਿੱਚ ਪਰਮਾਨੈਂਟ ਰੈਜ਼ੀਡੈਂਸੀ (ਪੀ ਆਰ) ਮਿਲੀ ਸੀ।
ਮੈਲਬੌਰਨ ਦੇ ਪੱਛਮੀ ਇਲਾਕੇ ਟਾਰਨੀਟ ਦਾ ਵਸਨੀਕ ਇਹ ਨੌਜਵਾਨ ਤਿੰਨ ਸਾਲ ਦੀ ਇੱਕ ਛੋਟੀ ਬੱਚੀ ਦਾ ਬਾਪ ਸੀ।
ਸਥਾਨਕ ਭਾਈਚਾਰੇ ਵੱਲੋਂ ਉਸ ਦੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।

ਮੈਲਬੌਰਨ ਦੇ ਵਸਨੀਕ ਗੈਰੀ ਗੁਰਾਇਆ ਨੇ ਉਸ ਨੂੰ ਇਕ ਮੇਹਨਤੀ ਨੌਜਵਾਨ ਵਜੋਂ ਯਾਦ ਕਰਦਿਆਂ ਪਰਿਵਾਰ ਨਾਲ਼ ਦੁੱਖ ਵੰਡਾਇਆ ਹੈ।
"ਉਹ ਸਾਡੇ ਰੇਸਟੌਰੈਂਟ ਵਿੱਚ 2016 ਵਿੱਚ ਇੱਕ ਸ਼ੈੱਫ ਵਜੋਂ ਕੰਮ ਕਰਦਾ ਇੱਕ ਮੇਹਨਤੀ ਨੌਜਵਾਨ ਸੀ ਜੋ ਆਸਟ੍ਰੇਲੀਆ ਇੱਕ ਸੁਨਹਿਰੀ ਭਵਿੱਖ ਦੀ ਆਸ ਵਿੱਚ ਆਇਆ ਸੀ। ਅਸੀਂ ਸਮੁੱਚੇ ਭਾਈਚਾਰੇ ਵੱਲੋਂ ਪਰਿਵਾਰ ਨਾਲ ਦੁੱਖ ਵੰਡਾਉਂਦੇ ਹਾਂ ਅਤੇ ਉਨ੍ਹਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕਰਦੇ ਹਾਂ।"
ਇਸ ਦੌਰਾਨ ਭਾਈਚਾਰੇ ਨੇ ਦੁਖੀ ਪਰਿਵਾਰ ਦੀ ਸਹਾਇਤਾ ਲਈ ਇਕ ਫੰਡਰੇਜ਼ਰ ਜ਼ਰੀਏ ਸਹਾਇਤਾ ਰਾਸ਼ੀ ਇਕੱਠੀ ਕਰਨੀ ਸ਼ੁਰੂ ਕੀਤੀ ਹੈ।

ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ, ਘਟਨਾ ਦੇ ਗਵਾਹ ਜਾਂ ਜਿਸ ਕੋਲ ਡੈਸ਼ ਕੈਮ ਫੁਟੇਜ ਹੋਵੇ ਕ੍ਰਾਈਮ ਸਟਾਪਰਸ ਨੂੰ 1800 333 000 ਉੱਤੇ ਸੰਪਰਕ ਕਰ ਸਕਦੇ ਹਨ ਜਾਂ www.crimestoppersvic.com.au ਉੱਤੇ ਗੁਪਤ ਰੂਪ ਵਿੱਚ ਰਿਪੋਰਟ ਵੀ ਜਮ੍ਹਾ ਕਰਵਾਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।




