550ਵੇਂ ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼: ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ

guru

An artist's impression of Guru Nanak and Bhai Mardana Source: Swarn Savi

ਗੁਰੂ ਨਾਨਕ ਦੇਵ ਜੀ ਦੇ ਕਾਲ ਦੌਰਾਨ ਭਾਰਤੀ ਸਮਾਜਿਕ ਢਾਂਚਾ ਮੁੱਢਲੇ ਰੂਪ ਵਿਚ ਦੋ ਧਰਮਾਂ ਹਿੰਦੂ ਤੇ ਮੁਸਲਿਮ 'ਤੇ ਅਧਾਰਿਤ ਸੀ। ਦੋਵੇਂ ਧਰਮਾਂ ਦੇ ਪੈਰੋਕਾਰ ਧਾਰਮਿਕ ਵਿਖਾਵੇ, ਛੂਆ-ਛਾਤ, ਜਾਤੀ ਪ੍ਰਥਾ, ਅੰਧ-ਵਿਸ਼ਵਾਸ, ਰੂੜੀਵਾਦ ਆਦਿ ਅਨੇਕਾਂ ਸਮਾਜਿਕ ਕੁਰੀਤੀਆਂ ਵਿਚ ਉਲਝੇ ਹੋਏ ਸਨ। ਗੁਰੂ ਨਾਨਕ ਦੇਵ ਜੀ ਦਾ ਮੰਤਵ ਹਿੰਦੂ-ਮੁਸਲਮਾਨ ਦੀਆਂ ਧਾਰਮਿਕ ਵੰਡਾਂ ਤੋਂ ਵੀ ਉੱਪਰ ਮਨੁੱਖਤਾ ਨੂੰ ਸਰਬ-ਸਾਂਝੀਵਾਲਤਾ ਦਾ ਉਪਦੇਸ਼ ਦੇਣਾ ਸੀ - ਪੇਸ਼ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲ਼ੇ ਡਾ: ਮੁਹੰਮਦ ਇਦਰੀਸ ਨਾਲ਼ ਇੱਕ ਵਿਸ਼ੇਸ਼ ਗੱਲਬਾਤ।


ਵਿਸ਼ਵ ਦੇ ਇਤਿਹਾਸ ’ਤੇ ਅਤਿ ਮਹੱਤਵਪੂਰਨ ਅਤੇ ਚਿਰ ਸਥਾਈ ਪ੍ਰਭਾਵ ਪਾਉਣ ਵਾਲੇ ਗੁਰੂ ਨਾਨਕ ਦੇਵ ਜੀ ਵੱਲੋਂ ਮਨੁੱਖੀ ਜੀਵਨ ਸ਼ੈਲੀ ਦੇ ਹਰ ਖੇਤਰ ਨੂੰ ਸੁਚਾਰੂ ਤੇ ਸੁਚੱਜਾ ਬਣਾਉਣ ਲਈ, ਆਦਰਸ਼ਵਾਦੀ ਜੀਵਨ ਜੀਊਣ ’ਤੇ ਜ਼ੋਰ ਦਿੰਦੇ ਹੋਏ ਉਪਰੋਕਤ ਸਿੱਖਿਆਵਾਂ ਤੋਂ ਇਲਾਵਾ ਔਰਤ ਦੀ ਸਮਾਜਿਕ ਸਥਿਤੀ, ਸਿੱਖਿਆ, ਮਾਨਵੀ ਅਧਿਕਾਰ, ਸਮਾਜਿਕ ਸੁਧਾਰ, ਅਧਿਆਤਮਕਤਾ, ਸਮਾਜ ਭਲਾਈ ਰਾਜ, ਸੰਸਾਰ ਦੀ ਉਤਪੱਤੀ, ਨਰੋਏ ਸਮਾਜ ਦੀ ਸਿਰਜਣਾ, ਸੰਗਤ ਅਤੇ ਲੰਗਰ ਆਦਿ ਮਹੱਤਵਪੂਰਨ ਸਿੱਖਿਆਵਾਂ ਅਤੇ ਸਿਧਾਂਤ ਦਿੱਤੇ ਗਏ।
Muhammed Idris
ਡਾ. ਮੁਹੰਮਦ ਇਦਰੀਸ, ਆਪਣੇ ਆਸਟ੍ਰੇਲੀਅਨ ਦੌਰੇ ਦੌਰਾਨ ਐਸ ਬੀ ਐਸ ਮੈਲਬੌਰਨ ਸਟੂਡੀਓ ਵਿਖੇ। Source: Supplied

ਮੁਸਲਿਮ ਇਤਿਹਾਸਕਾਰਾਂ ਦੀਆਂ ਲਿਖਤਾਂ ਵਿਚ ਗੁਰੂ ਨਾਨਕ ਦੇਵ ਜੀ

ਡਾ. ਮੁਹੰਮਦ ਇਦਰੀਸ*, ਐਸੋਸੀਏਟ ਪ੍ਰੋਫੈਸਰ ਤੇ ਮੁਖੀ ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਅਤੇ ਮੁਗ਼ਲ ਵੰਸ਼ ਦੇ ਸੰਸਥਾਪਕ ਬਾਦਸ਼ਾਹ ਜ਼ਹੀਰਊਦਦੀਨ ਮੁਹੰਮਦ ਬਾਬਰ ਸਮਕਾਲੀ ਸਨ। ਬਾਬਰ ਦੁਆਰਾ ਭਾਰਤ ਨੂੰ ਜਿੱਤਣ ਤੋਂ ਪਹਿਲਾਂ ਪੰਜਾਬ ਦੇ ਲੋਧੀ ਅਫ਼ਗਾਨਾਂ 'ਤੇ ਹਮਲੇ ਕੀਤੇ ਗਏ। ਲੋਧੀ ਅਤੇ ਮੁਗ਼ਲ ਦੋਵੇਂ ਹੀ ਇਸਲਾਮ ਧਰਮ ਦੇ ਪੈਰੋਕਾਰ ਸਨ। ਜਿਸ ਸਮੇਂ ਬਾਬਰ ਪੰਜਾਬ 'ਤੇ ਹਮਲੇ ਕਰ ਰਿਹਾ ਸੀ, ਗੁਰੂ ਨਾਨਕ ਦੇਵ ਉਸ ਸਮੇਂ ਆਪਣੀਆਂ ਯਾਤਰਾਵਾਂ ਦੌਰਾਨ ਝੂਠੇ ਸਮਾਜਿਕ ਰੀਤੀ-ਰਿਵਾਜਾਂ, ਮੂਰਤੀ ਪੂਜਾ, ਅਤੇ ਗ਼ੈਰ-ਧਾਰਮਿਕ ਪ੍ਰਥਾਵਾਂ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਸਨ। 1524 ਈਸਵੀ ਵਿਚ ਜਦੋਂ ਬਾਬਰ ਦੀਆਂ ਫ਼ੌਜਾਂ ਦੁਆਰਾ ਐਮਨਾਬਾਦ (ਸੱਯਦਪੁਰ) 'ਤੇ ਹਮਲਾ ਕਰਕੇ ਅਣ-ਗਿਣਤ ਬੇਦੋਸ਼ਿਆਂ ਨੂੰ ਮਾਰਿਆ ਗਿਆ ਤਾਂ ਸੱਯਦਪੁਰ ਨੂੰ ਤਹਿਸ-ਨਿਹਸ ਕਰਨ ਸਮੇਂ ਗੁਰੂ ਨਾਨਕ ਦੇਵ ਨੇ ਅੱਤਿਆਚਾਰ ਅਤੇ ਜ਼ੁਲਮਾਂ ਦੀ ਆਲੋਚਨਾ ਕੀਤੀ। ਬਾਬਰ ਬਾਣੀ ਅਨੁਸਾਰ:

ਏਤੀ ਮਾਰ ਪਈ ਕਰਲਾਣੈ
ਤੈਂ ਕੀ ਦਰਦੁ ਨ ਆਇਆ॥

ਗੁਰੂ ਨਾਨਕ ਦੇਵ ਜੀ ਦੇ ਕਾਲ ਦੌਰਾਨ ਭਾਰਤੀ ਸਮਾਜਿਕ ਢਾਂਚਾ ਮੁੱਢਲੇ ਰੂਪ ਵਿਚ ਦੋ ਧਰਮਾਂ ਹਿੰਦੂ ਤੇ ਮੁਸਲਿਮ 'ਤੇ ਅਧਾਰਿਤ ਸੀ। ਦੋਵੇਂ ਧਰਮਾਂ ਦੇ ਪੈਰੋਕਾਰ ਧਾਰਮਿਕ ਵਿਖਾਵੇ, ਛੂਆ-ਛਾਤ, ਜਾਤੀ ਪ੍ਰਥਾ, ਅੰਧ-ਵਿਸ਼ਵਾਸ, ਰੂੜੀਵਾਦ ਆਦਿ ਅਨੇਕਾਂ ਸਮਾਜਿਕ ਕੁਰੀਤੀਆਂ ਵਿਚ ਉਲਝੇ ਹੋਏ ਸਨ। ਗੁਰੂ ਨਾਨਕ ਦੇਵ ਦੁਆਰਾ ਸੁਲਤਾਨਪੁਰ ਲੋਧੀ ਵਿਖੇ ਵੇਈਂ ਨਦੀ ਵਿਚ ਰੱਬੀ ਗਿਆਨ ਪ੍ਰਾਪਤੀ ਉਪਰੰਤ 'ਨਾ ਕੋ ਹਿੰਦੂ ਨਾ ਕੋ ਮੁਸਲਮਾਨ' ਦੀ ਆਵਾਜ਼ ਬੁਲੰਦ ਕੀਤੀ ਗਈ।

ਗੁਰੂ ਨਾਨਕ ਦੀ ਇਸ ਅਧਿਆਤਮਿਕ ਆਵਾਜ਼ ਦਾ ਮਤਲਬ ਦੋਵੇਂ ਧਰਮਾਂ ਦੇ ਪੈਰੋਕਾਰ ਸ਼ੁੱਧ ਧਾਰਮਿਕ ਕੰਮਾਂ ਤੋਂ ਦੂਰ ਹੋ ਚੁੱਕੇ ਸਨ। ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਦਾ ਮੰਤਵ ਹਿੰਦੂ-ਮੁਸਲਮਾਨ ਦੀਆਂ ਧਾਰਮਿਕ ਵੰਡਾਂ ਤੋਂ ਵੀ ਉੱਪਰ ਮਨੁੱਖਤਾ ਨੂੰ ਸਰਬ-ਸਾਂਝੀਵਾਲਤਾ ਦਾ ਉਪਦੇਸ਼ ਦੇਣਾ ਸੀ। ਗੁਰੂ ਨਾਨਕ ਦੇਵ ਦੇ ਇਸ ਸੁਨੇਹੇ ਉਪੰਰਤ ਮੁਗ਼ਲ-ਸਿੱਖ ਸਬੰਧਾਂ ਵਿਚ ਭਾਵੇਂ ਕਈ ਤਰ੍ਹਾਂ ਦੇ ਪਰਿਵਰਤਨ ਆਏ, ਪਰੰਤੂ ਮੁਸਲਿਮ-ਸਿੱਖ ਸਬੰਧ ਵਧੇਰੇ ਸਮਾਂ ਸਾਰਥਿਕ, ਅਤੇ ਸਕਾਰਾਤਮਕ ਰਹੇ। ਸਿੱਖ ਗੁਰੂ ਸਾਹਿਬਾਨ ਦੀਆਂ ਫ਼ੌਜਾਂ ਵਿਚ ਅਨੇਕਾਂ ਮੁਸਲਿਮ ਨੌਕਰਾਂ, ਫ਼ੌਜੀਆਂ ਅਤੇ ਅਫ਼ਸਰਾਂ ਦੀਆਂ ਸੇਵਾਵਾਂ ਦਾ ਜ਼ਿਕਰ ਆਉਂਦਾ ਹੈ। ਕਈ ਮਹੱਤਵਪੂਰਨ ਇਤਿਹਾਸਕ ਸੂਫ਼ੀਆਂ, ਸੰਤਾਂ ਅਤੇ ਭਗਤਾਂ ਦੀ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਦਾ ਵੀ ਇਤਿਹਾਸ ਗਵਾਹ ਹੈ।

ਰਾਏ ਬੁਲਾਰ ਖ਼ਾਨ, ਭਾਈ ਮਰਦਾਨਾ, ਰਾਏ ਕੱਲ੍ਹਾ, ਨਬੀ ਖ਼ਾਨ, ਗ਼ਨੀ ਖ਼ਾਨ, ਬੁੱਢਣ ਸ਼ਾਹ, ਬੁੱਧੂ ਸ਼ਾਹ ਸਾਢੌਰਾ, ਭੀਖਣ ਸ਼ਾਹ ਆਦਿ ਮਹੱਤਵਪੂਰਨ ਸੂਫ਼ੀਆਂ ਅਤੇ ਗੁਰੂ ਸਾਹਿਬਾਨ ਦੇ ਸਾਥੀਆਂ ਦੇ ਨਾਮ ਜ਼ਿਕਰਯੋਗ ਹਨ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਿਰੁੱਧ ਮਾਲੇਰ-ਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਵਲੋਂ 'ਹਾਅ ਦਾ ਨਾਅਰਾ' ਮਾਰਿਆ ਗਿਆ ਸੀ।

ਭਾਰਤ ਵਿਚ ਮੁਸਲਿਮ ਰਾਜ ਦੀ ਸਥਾਪਨਾ ਨਾਲ ਇਤਿਹਾਸ ਲੇਖਣ ਕਲਾ ਨੂੰ ਵੀ ਨਵੀਂ ਸੇਧ ਪ੍ਰਾਪਤ ਹੋਈ। ਅਬੂ-ਰਿਹਾਨ ਮੁਹੰਮਦ ਬਿਨ ਅਹਿਮਦ ਅਲਬੈਰੂਨੀ ਦੀ ਕਿਤਾਬ ਉੱਲ-ਹਿੰਦ ਤੋਂ ਸ਼ੁੁਰੂ ਹੋ ਕੇ ਵਧੇਰੇ ਮੁਸਲਿਮ ਇਤਿਹਾਸਕਾਰਾਂ ਦੁਆਰਾ ਇਤਿਹਾਸਕ ਤੱਥਾਂ ਦੀ ਪੜਚੋਲ ਉਪਰੰਤ ਸਹੀ ਅਤੇ ਸੱਚਾਈ ਦੇ ਨੇੜੇ-ਤੇੜੇ ਲਿਖਣ ਦਾ ਯਤਨ ਕੀਤਾ ਗਿਆ ਸੀ। ਇਤਿਹਾਸਕ ਉਣਤਾਈਆਂ ਵੀ ਬਹੁਤ ਹਨ, ਉਨ੍ਹਾਂ ਦਾ ਕਾਰਨ ਪੇਸ਼ੇਵਾਰ ਇਤਿਹਾਸਕਾਰੀ ਦੀ ਅਣਹੋਂਦ, ਸਮਾਜਿਕ ਤੇ ਧਾਰਮਿਕ ਪਿਛੋਕੜ ਦਾ ਅਲੱਗ ਹੋਣਾ, ਭਾਸ਼ਾ ਅਤੇ ਭੂਗੋਲਿਕ ਵਖਰੇਵਾਂ ਜਾਂ ਪਹਿਲਾਂ ਤੋਂ ਨਿਰਧਾਰਤ ਟੀਚਿਆਂ ਅਨੁਸਾਰ ਲਿਖਣਾ ਆਦਿ ਕਰਕੇ ਹਨ।

ਗੁਰੂ ਨਾਨਕ ਦੇਵ ਜੀ ਦੇ ਜੀਵਨ, ਮਾਤਾ-ਪਿਤਾ, ਪਰਿਵਾਰਕ ਪਿਛੋਕੜ, ਯਾਤਰਾਵਾਂ, ਜੀਵਨ ਉਦੇਸ਼, ਸਿੱਖਿਆਵਾਂ, ਵੱਖ-ਵੱਖ ਸੰਪਰਦਾਵਾਂ ਦੇ ਧਾਰਮਿਕ ਸਥਾਨਾਂ 'ਤੇ ਵਿਚਰਨਾਂ, ਧਾਰਮਿਕ ਨੇਤਾਵਾਂ, ਰਿਸ਼ੀਆਂ, ਮੁਨੀਆਂ, ਸੂਫ਼ੀ, ਸੰਤਾਂ ਨਾਲ ਮੁਲਾਕਾਤਾਂ ਬਾਰੇ ਇਤਿਹਾਸ ਦੇ ਵੱਖ-ਵੱਖ ਸਮਿਆਂ ਦੌਰਾਨ ਮੁਸਲਿਮ ਇਤਿਹਾਸਕਾਰਾਂ ਵਲੋਂ ਗਹਿਰ-ਗੰਭੀਰ ਅਤੇ ਸੋਮਿਆਂ 'ਤੇ ਆਧਾਰਿਤ ਲਿਖਿਆ ਗਿਆ ਹੈ। ਉਨ੍ਹਾਂ ਦੀਆਂ ਲਿਖਤਾਂ ਦੀ ਭਾਸ਼ਾ ਵਧੇਰੇ ਕਰਕੇ ਫ਼ਾਰਸੀ ਹੈ। ਉਨ੍ਹਾਂ ਵਿਚੋਂ ਕੁਝ ਮਹੱਤਵਪੂਰਨ ਲਿਖਤਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਸਬੰਧਿਤ ਸੰਖੇਪ ਰੂਪ ਵਿਚ ਸਾਂਝੀਆਂ ਹਨ। ਵਧੇਰੇ ਇਤਿਹਾਸਕਾਰਾਂ ਵਲੋਂ ਗੁਰੂ ਨਾਨਕ ਦੇਵ ਜੀ ਦਾ ਨਾਂਅ ਕੇਵਲ ਨਾਨਕ ਹੀ ਲਿਖਿਆ ਗਿਆ ਹੈ।

1655 ਈਸਵੀ ਦੇ ਲਗਪਗ ਫ਼ਾਰਸੀ ਭਾਸ਼ਾ ਵਿਚ ਦਾਬਿਸਤਾਨ-ਏ-ਮਜ਼ਾਹਿਬ ਕਿਤਾਬ ਜੁਲਫ਼ੀਕਾਰ ਅਰਦਿਸਤਾਨੀ ਅਜ਼ੂਰ ਸਾਸਾਨੀ ਜੋ ਕਿ ਪ੍ਰਚੱਲਿਤ ਤੌਰ 'ਤੇ ਮੁਅਬਿਦ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਵਲੋਂ ਲਿਖੀ ਗਈ। ਡਾ. ਗੰਡਾ ਸਿੰਘ ਅਨੁਸਾਰ ਉਸ ਦਾ ਨਾਂਅ ਗ਼ਲਤੀ ਨਾਲ ਮੋਹਸਿਨ ਫ਼ਾਨੀ ਲਿਖਿਆ ਗਿਆ ਹੈ। ਦਾਬਿਸਤਾਨ-ਏ-ਮਜ਼ਾਹਿਬ ਤੋਂ ਭਾਵ ਹੈ 'ਧਰਮਾਂ ਦਾ ਸਕੂਲ'। ਇਸ ਨੂੰ 1877 ਈਸਵੀ ਵਿਚ ਮੁਨਸ਼ੀ ਨਵਲ ਕਿਸ਼ੋਰ ਵਲੋਂ ਲਖਨਊ ਤੋਂ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਦਾ ਲੇਖਕ ਛੇਵੇਂ ਸਿੱਖ ਗੁਰੂ ਹਰਿਗੋਬਿੰਦ (1606-1645 ਈਸਵੀ) ਅਤੇ ਸੱਤਵੇਂ ਗੁਰੂ ਹਰਿਰਾਇ (1645-1661 ਈਸਵੀ) ਦਾ ਸਮਕਾਲੀ ਸੀ। ਲੇਖਕ ਵਲੋਂ ਗੁਰੂ ਨਾਨਕ ਦੇਵ ਅਤੇ ਨਾਨਕ ਪੰਥੀਆਂ ਬਾਰੇ ਲਿਖਿਆ ਗਿਆ ਹੈ।

ਲੇਖਕ ਅਨੁਸਾਰ ਨਾਨਕ ਪੰਥੀ ਗੁਰੂ-ਸਿੱਖ ਜਾਂ ਗੁਰੂ ਨਾਨਕ ਅਤੇ ਹੋਰ ਗੁਰੂਆਂ ਦੇ ਸ਼ਰਧਾਲੂਆਂ ਦੇ ਤੌਰ 'ਤੇ ਜਾਣੇ ਜਾਂਦੇ ਹਨ। ਉਨ੍ਹਾਂ ਦਾ ਵਿਸ਼ਵਾਸ ਮੂਰਤੀਆਂ ਅਤੇ ਮੂਰਤੀ ਮੰਦਰਾਂ ਵਿਚ ਨਹੀਂ ਹੈ। ਗੁਰੂ ਨਾਨਕ ਬੇਦੀਆਂ ਵਿਚੋਂ ਹਨ। ਬੇਦੀ ਖ਼ੱਤਰੀਆਂ ਦੀ ਇਕ ਉਪ-ਜਾਤੀ ਹੈ। ਗੁਰੂ ਨਾਨਕ ਦੀ ਪ੍ਰਸਿੱਧਤਾ ਬਾਦਸ਼ਾਹ ਜ਼ਹੀਰਊਦਦੀਨ ਮੁਹੰਮਦ ਬਾਬਰ (ਰੱਬ ਉਸ 'ਤੇ ਸਲਾਮਤੀ ਰੱਖੇ) ਦੇ ਕਾਲ ਦੌਰਾਨ ਹੋਈ। ਗੁਰੂ ਨਾਨਕ ਦੇ ਸ਼ਰਧਾਲੂ ਮੂਰਤੀ ਪੂਜਾ ਵਿਚ ਯਕੀਨ ਨਹੀਂ ਰੱਖਦੇ। ਉਨ੍ਹਾਂ ਦਾ ਯਕੀਨ ਹੈ ਕਿ ਸਾਰੇ ਗੁਰੂ ਹੀ ਨਾਨਕ ਹਨ। ਉਹ ਕੋਈ ਮੰਤਰ ਨਹੀਂ ਪੜ੍ਹਦੇ ਅਤੇ ਨਾ ਹੀ ਮੂਰਤੀ ਪੂਜਾ ਲਈ ਮੰਦਰਾਂ ਦਾ ਨਿਰਮਾਣ ਕਰਦੇ ਹਨ। ਉਨ੍ਹਾਂ ਦਾ ਅਵਤਾਰਵਾਦ ਵਿਚ ਵੀ ਵਿਸ਼ਵਾਸ ਨਹੀਂ ਹੈ। ਉਨ੍ਹਾਂ ਦਾ ਸੰਸਕ੍ਰਿਤ ਭਾਸ਼ਾ ਪ੍ਰਤੀ ਕੋਈ ਸੁਨੇਹਪੂਰਨ ਰਵੱਈਆ ਨਹੀਂ ਹੈ, ਭਾਵੇਂ ਕਿ ਹਿੰਦੂਆਂ ਦਾ ਵਿਸ਼ਵਾਸ ਹੈ ਕਿ ਸੰਸਕ੍ਰਿਤ ਦੇਵਤਿਆਂ ਦੀ ਭਾਸ਼ਾ ਹੈ।

ਗ਼ੁਲਾਮ ਮੁਹੀਊਦਦੀਨ ਉਰਫ ਬੂਟੇ ਸ਼ਾਹ ਦੁਆਰਾ ਫ਼ਾਰਸੀ ਭਾਸ਼ਾ ਵਿਚ ਤਾਰੀਖ਼-ਏ-ਪੰਜਾਬ ਲਿਖੀ ਗਈ। ਡਾ. ਭਗਤ ਸਿੰਘ ਅਨੁਸਾਰ ਇਹ ਕਿਤਾਬ ਜਨਮ ਸਾਖੀਆਂ ਅਤੇ ਫ਼ਾਰਸੀ ਸੋਮਿਆਂ ਦੇ ਆਧਾਰ 'ਤੇ ਲਿਖੀ ਗਈ ਸੀ। ਸਮਕਾਲੀ ਸਿੱਖਾਂ ਅਤੇ ਗ੍ਰੰਥੀਆਂ ਨਾਲ ਵੀ ਲੇਖਕ ਵਲੋਂ ਮੁਲਾਕਾਤਾਂ ਕੀਤੀਆਂ ਗਈਆਂ ਸਨ। ਗੁਰੂ ਨਾਨਕ ਦੇਵ ਦੇ ਜਨਮ, ਗਿਆਨ ਪ੍ਰਾਪਤੀ ਅਤੇ ਜੋਤੀ ਜੋਤਿ ਸਮਾਉਣ ਦੀਆਂ ਮਿਤੀਆਂ ਇਸ ਵਿਚ ਆਮ ਪ੍ਰਚੱਲਿਤ ਮਿਤੀਆਂ ਤੋਂ ਵੱਖਰੀਆਂ ਦਿੱਤੀਆਂ ਗਈਆਂ ਹਨ। ਗੁਰੂ ਨਾਨਕ ਦੇਵ ਜੀ ਦਾ ਜਨਮ, ਮੁੱਢਲਾ ਜੀਵਨ, ਵਿਆਹ, ਗਿਆਨ ਪ੍ਰਾਪਤੀ, ਪੁੱਤਰਾਂ ਦਾ ਜਨਮ, ਯਾਤਰਾਵਾਂ, ਅਤੇ ਸਿੱਖਿਆਵਾਂ ਬਾਰੇ ਵਰਨਣ ਕੀਤਾ ਹੈ। ਲੇਖਕ ਅਨੁਸਾਰ ਗੁਰੂ ਨਾਨਕ ਦੇਵ ਨੂੰ ਯਾਤਰਾਵਾਂ ਦੌਰਾਨ ਰਸਤੇ ਵਿਚ ਜਦੋਂ ਵੀ ਕਿਸੇ ਦਰਵੇਸ਼ ਜਾਂ ਸੂਫ਼ੀ-ਸੰਤ, ਬਾਰੇ ਜਾਣਕਾਰੀ ਮਿਲਦੀ ਹੈ, ਤਾਂ ਉਸ ਨੂੰ ਮਿਲਣ ਲਈ ਆਪ ਜਾਂਦੇ ਸਨ। ਸ਼ੇਖ਼ ਫ਼ਰੀਦ ਦੇ ਗੱਦੀ ਨਸ਼ੀਨ, ਸ਼ਾਹ ਅਬਦੁਰ ਰਹਿਮਾਨ, ਵਲੀ ਕੰਧਾਰੀ ਆਦਿ ਸੂਫ਼ੀਆਂ ਨਾਲ ਗੁਰੂ ਨਾਨਕ ਦੇਵ ਦੀ ਵਾਰਤਾ ਬਾਰੇ ਜ਼ਿਕਰ ਮਿਲਦਾ ਹੈ।

ਮੁਫਤੀ ਅਲੀਊਦਦੀਨ ਦੀ ਇਬਰਤਨਾਮਾ ਕਿਤਾਬ ਅਨੁਸਾਰ ਬੇਦੀ ਵੰਸ਼ ਦੇ ਕਾਲੂ ਖ਼ੱਤਰੀ ਦੇ ਘਰ ਦੋ ਬੱਚਿਆਂ ਦੀ ਰੱਬ ਵਲੋਂ ਬਖਸ਼ਿਸ਼ ਹੋਈ। ਉਸ ਸਮੇਂ ਭਾਰਤ ਉਪਰ ਲੋਧੀ ਵੰਸ਼ ਦੇ ਸੁਲਤਾਨਾਂ ਦਾ ਰਾਜ ਸੀ। ਕਾਲੂ ਦਾ ਸਬੰਧ ਤਲਵੰਡੀ ਰਾਏ ਭੋਇ ਭੱਟੀ ਨਾਲ ਸੀ, ਜੋ ਸੂਬਾ ਲਾਹੌਰ ਵਿਚ ਬਾਰ ਦੁਆਬ ਰਚਨਾ ਨਬੀਪੁਰ ਕੁਰਸੈਨ ਦੀ ਉਲਟ ਦਿਸ਼ਾ ਵਿਚ ਸੀ। ਲੜਕੇ ਦਾ ਨਾਮ ਨਾਨਕ ਅਤੇ ਲੜਕੀ ਦਾ ਨਾਨਕੀ ਸੀ। ਨਾਨਕ ਦਾ ਵਿਆਹ ਬਟਾਲਾ ਵਾਸੀ ਮੂਲਾ ਖ਼ੱਤਰੀ ਦੀ ਪੁੱਤਰੀ ਨਾਲ ਹੋਇਆ ਸੀ। ਬਟਾਲਾ ਸੂਬਾ ਲਾਹੌਰ ਦਾ ਭਾਗ ਸੀ। ਨਾਨਕੀ ਦਾ ਵਿਆਹ ਸੁਲਤਾਨਪੁਰ ਲੋਧੀ ਦੇ ਜੈ ਰਾਮ ਖ਼ੱਤਰੀ ਨਾਲ ਹੋਇਆ। ਸੁਲਤਾਨਪੁਰ ਲੋਧੀ ਲਾਹੌਰ ਸੂਬੇ ਵਿਚ ਹੀ ਜਲੰਧਰ ਬਿਸਤ ਦੁਆਬ ਵਿਖੇ ਸਥਿਤ ਹੈ।
ਜਦੋਂ ਬਾਦਸ਼ਾਹ ਜ਼ਹੀਰਊਦਦੀਨ ਮੁਹੰਮਦ ਬਾਬਰ ਦੁਆਰਾ ਭਾਰਤ 'ਤੇ ਹਮਲਾ ਕੀਤਾ ਗਿਆ, ਉਸ ਸਮੇਂ ਗੁਰੂ ਨਾਨਕ ਨੂੰ ਵੀ ਉਸ ਦੇ ਸੈਨਿਕਾਂ ਦੇ ਨਿਰਦਈਪੁਣੇ ਦਾ ਸਾਹਮਣਾ ਕਰਨਾ ਪਿਆ। ਗੁਰੂ ਨਾਨਕ ਦੀ ਅਧਿਆਤਮਿਕਤਾ ਅਤੇ ਧਾਰਮਿਕਤਾ ਦੀ ਚਰਚਾ ਦਿਨੋ-ਦਿਨ ਵਧਦੀ ਗਈ ਤੇ ਬਾਬਰ ਤੱਕ ਵੀ ਪਹੁੰਚ ਗਈ। ਜੰਗਾਂ ਵਿਚ ਉਲਝੇ ਹੋਣ ਦੇ ਬਾਵਜੂਦ ਵੀ ਬਾਦਸ਼ਾਹਾਂ ਦਾ ਧਿਆਨ ਸੂਫ਼ੀ-ਸੰਤਾਂ ਅਤੇ ਮਹਾਂਪੁਰਖਾਂ ਵੱਲ ਜਾਂਦਾ ਸੀ। ਲੇਖਕ ਵਲੋਂ ਗੁਰੂ ਨਾਨਕ ਦੇਵ ਦੇ ਕਰਤਾਰਪੁਰ ਵਿਖੇ ਡੇਰਾ ਲਾਉਣ ਬਾਰੇ ਇਕ ਚਮਤਕਾਰੀ ਘਟਨਾ ਦਾ ਵਿਸਥਾਰਪੂਰਵਕ ਵਰਨਣ ਕੀਤਾ ਗਿਆ ਹੈ। ਉਸ ਅਨੁਸਾਰ ਸਥਾਨਕ ਲੋਕਾਂ ਦੀ ਮੰਗ 'ਤੇ ਗੁਰੂ ਨਾਨਕ ਦੁਆਰਾ ਕਰਤਾਰਪੁਰ ਵਿਖੇ ਰਹਿਣ ਦੀ ਰਜ਼ਾਮੰਦੀ ਦਿੱਤੀ ਗਈ। ਗੁਰੂ ਨਾਨਕ ਦੇ ਰਹਿਣ ਲਈ ਧਰਮਸ਼ਾਲਾ ਦੀ ਉਸਾਰੀ ਕਰਵਾਈ ਗਈ, ਜਿੱਥੇ ਬਾਬਾ ਆਪਣੇ ਅੰਤਿਮ ਸਮੇਂ ਤੱਕ ਰਹੇ। ਭਾਵੇਂ ਕੁਝ ਵੀ ਹੋਵੇ, ਉਹ ਡੇਰਾ ਅੱਜ ਵੀ ਕਾਇਮ ਹੈ, ਗੁਰੂ ਨਾਨਕ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨੂੰ ਵੀ ਉੱਥੇ ਬੁਲਾ ਲਿਆ ਗਿਆ। ਉਨ੍ਹਾਂ ਵਲੋਂ ਵੀ ਗੁਰੂ ਨਾਨਕ ਦੇ ਇਕੋ ਰੱਬ ਵਾਲੇ ਧਰਮ ਨੂੰ ਅਪਣਾ ਲਿਆ ਗਿਆ।

ਸੱਯਦ ਮੁਹੰਮਦ ਲਤੀਫ ਵਲੋਂ ਤਾਰੀਖ਼-ਏ-ਪੰਜਾਬ 1888 ਈ. ਵਿਚ ਉਰਦੂ ਅਤੇ 1891 ਈਸਵੀ ਵਿਚ ਅੰਗਰੇਜ਼ੀ ਭਾਸ਼ਾਵਾਂ ਵਿਚ ਕਲਕੱਤਾ ਤੋਂ ਛਪਵਾਈ ਗਈ। ਸੱਯਦ ਮੁਹੰਮਦ ਲਤੀਫ ਅਨੁਸਾਰ ਤਲਵੰਡੀ ਲਾਹੌਰ ਦੇ ਉਪਰਲੇ ਪਾਸੇ ਵਸਿਆ ਪਿੰਡ ਸ਼ਕਰਪੁਰ ਵਿਚ ਸਥਿਤ ਹੈ, ਵਿਖੇ ਗੁਰੂ ਨਾਨਕ ਦਾ ਜਨਮ 1469 ਈਸਵੀ ਨੂੰ ਹੋਇਆ। ਉਸ ਸਮੇਂ ਭਾਰਤ 'ਤੇ ਬਾਦਸ਼ਾਹ ਬਹਿਲੋਲ ਲੋਧੀ ਦਾ ਰਾਜ ਸੀ। ਨਾਨਕ ਦੇ ਪਿਤਾ ਪਿੰਡ ਦੇ ਪਟਵਾਰੀ ਸਨ। ਭਾਵੇਂ ਉਹ ਆਰਥਿਕ ਤੌਰ 'ਤੇ ਅਮੀਰ ਆਦਮੀ ਨਹੀਂ ਸਨ, ਪ੍ਰੰਤੂ ਉਨ੍ਹਾਂ ਦਾ ਨਾਮ ਪਿੰਡ ਵਿਚ ਇਕ ਇੱਜ਼ਤਦਾਰ ਆਦਮੀ ਦੇ ਨਾਂਅ 'ਤੇ ਸਥਾਪਤ ਸੀ। ਆਮ ਤੌਰ 'ਤੇ ਪਿੰਡ ਦੇ ਲੋਕ ਉਸ ਨੂੰ ਆਪਣਾ ਮੁਖੀ ਸਮਝਦੇ ਸਨ।

ਗੁਰੂ ਨਾਨਕ ਦੁਆਰਾ ਸਿੱਖਾਂ ਦੀ ਧਾਰਮਿਕ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ। ਉਹ ਦਾਰਸ਼ਨਿਕ ਮਨ ਵਾਲਾ, ਜਿਸ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਿਆ, ਰੱਬੀ ਗਿਆਨ ਦੀ ਪ੍ਰਾਪਤੀ ਉਪਰੰਤ ਉਸ ਨੇ ਆਪਣੇ ਸਹਿਣਸ਼ੀਲ ਸੁਭਾਅ ਅਨੁਸਾਰ ਨੈਤਿਕ ਸੁਧਾਰਾਂ ਲਈ ਆਵਾਜ਼ ਉਠਾਈ। ਮੁੱਢਲੇ ਜੀਵਨ ਦੌਰਾਨ ਨਾਨਕ ਘੱਟ ਬੋਲਦਾ, ਪ੍ਰੰਤੂ ਜਦੋਂ ਸਮੇਂ ਦੀ ਜ਼ਰੂਰਤ ਹੁੰਦੀ ਤਾਂ ਗਿਆਨਪੂਰਨ ਗੱਲਾਂ ਕਰਦਾ ਸੀ। ਲਤੀਫ਼ ਦੁਆਰਾ ਸੀਅਰਉਲ ਮੁੰਤਾਖ਼ੀਰੀਨ ਕਿਤਾਬ ਦੇ ਹਵਾਲੇ ਨਾਲ ਲਿਖਿਆ ਕਿ ਨਾਨਕ ਦੁਆਰਾ ਇਕ ਮੁਸਲਮਾਨ ਮੌਲਵੀ ਮੁਹੰਮਦ ਹਸਨ ਜੋ ਕਿ ਉਸ ਦੇ ਪਿਤਾ ਦੇ ਘਰ ਕੋਲ ਤਲਵੰਡੀ ਵਿਖੇ ਹੀ ਰਹਿੰਦਾ ਸੀ, ਤੋਂ ਇਸਲਾਮੀ ਕਾਨੂੰਨ ਦੀਆਂ ਕਿਤਾਬਾਂ ਪੜ੍ਹੀਆਂ ਸਨ।

Disclaimer: The opinions expressed within this article are the personal opinions of the author. The facts and opinions appearing in the article do not reflect the views of SBS Punjabi. 

SBS Punjabi ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ Facebook ਤੇ Twitter 'ਤੇ ਫੌਲੋ ਕਰੋ। 


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
550ਵੇਂ ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼: ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ | SBS Punjabi