ਯਾਨਿੰਗ ਟਿੰਗ ਚੀਨ ਵਿੱਚ ਵਪਾਰਕ ਪੱਧਰ ਦੇ ਏਅਰ ਕੰਡੀਸ਼ਨਰਾਂ ਦੀ ਡਿਜ਼ਾਇਨਿੰਗ ਕਰਦਾ ਸੀ। ਬੇਸ਼ਕ ਉਸ ਕੋਲ ਹਰ ਲੋੜੀਂਦਾ ਤਜ਼ਰਬਾ ਹੈ, ਪਰ ਫੇਰ ਵੀ ਸਾਲ 2019 ਵਿੱਚ ਆਸਟ੍ਰੇਲੀਆ ਪ੍ਰਵਾਸ ਕਰਨ ਤੋਂ ਲੈ ਕਿ ਹੁਣ ਤੱਕ ਉਸ ਨੂੰ ਆਪਣੇ ਖੇਤਰ ਵਿੱਚ ਨੌਕਰੀ ਨਹੀਂ ਮਿਲ ਸਕੀ।
ਉੱਚ ਵਿੱਦਿਆ ਪ੍ਰਾਪਤ ਹੋਣ ਦੇ ਬਾਵਜੂਦ ਉਹ ਇਸ ਸਮੇਂ ਇੱਕ ਏਅਰ ਕੰਡੀਸ਼ਨਿੰਗ ਕੰਪਨੀ ਵਾਸਤੇ ਸਿਰਫ਼ ਸਮਾਨ ਦੀ ਢੋਆ-ਢੁਆਈ ਹੀ ਕਰ ਰਿਹਾ ਹੈ।
ਬਹੁਤ ਸਾਰੀਆਂ ਨੌਕਰੀਆਂ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ, ਉਹ ਹੁਣ ਕਾਫ਼ੀ ਨਿਰਾਸ਼ ਹੋ ਚੁੱਕਿਆ ਹੈ।
ਇੰਜੀਨੀਅਰਜ਼ ਆਸਟ੍ਰੇਲੀਆ ਵਲੋਂ ਜਾਰੀ ਕੀਤੀ ਇੱਕ ਹਾਲੀਆ ਰਿਪੋਰਟ ਅਨੁਸਾਰ ਸ਼੍ਰੀ ਟਿੰਗ ਨਾਲ ਜੋ ਬੀਤ ਰਿਹਾ ਹੈ ਉਹ ਕੋਈ ਨਵੀਂ ਗੱਲ ਨਹੀਂ ਹੈ।
ਅਜਿਹਾ ਉਦੋਂ ਸਾਹਮਣੇ ਆਇਆ ਜਦੋਂ ਆਸਟ੍ਰੇਲੀਆ ਵਿੱਚ ਇੰਜੀਨੀਅਰਾਂ ਦੀ ਭਾਰੀ ਕਮੀਂ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਨਾਲ ਕਰੋੜਾਂ ਡਾਲਰਾਂ ਦੀ ਲਾਗਤ ਵਾਲੇ ਪ੍ਰੋਜੈਕਟਾਂ ਉੱਤੇ ਅਨਿਸ਼ਚਤਾ ਛਾਈ ਹੋਈ ਹੈ, ਜਿਨ੍ਹਾਂ ਦੇ ਸ਼ੁਰੂ ਹੋਣ ਨਾਲ ਕੋਵਿਡ-19 ਮਹਾਂਮਾਰੀ ਕਾਰਨ ਨੁਕਸਾਨੀ ਗਈ ਆਰਥਿਕਤਾ ਨੂੰ ਮੁੜ ਤੋਂ ਸੁਧਾਰਿਆ ਜਾ ਸਕਦਾ ਹੈ।
ਇੰਜੀਨੀਅਰਿੰਗ ਦੇ ਖੇਤਰ ਵਿੱਚ ਨੌਕਰੀਆਂ ਦੀ ਮੰਗ ਇਸ ਸਾਲ ਵੱਧ ਕੇ 97% ਤੱਕ ਪਹੁੰਚ ਚੁੱਕੀ ਹੈ, ਜਦਕਿ 70 ਹਜ਼ਾਰ ਨੌਕਰੀਆਂ ਖਾਲੀ ਪਈਆਂ ਹਨ।
ਪਰ ਤਕਰੀਬਨ 47% ਅਜਿਹੇ ਪ੍ਰਵਾਸੀ ਵੀ ਹਨ ਜੋ ਕਿ ਇਸ ਖੇਤਰ ਵਿੱਚ ਹੀ ਨੌਕਰੀ ਦੀ ਭਾਲ ਰਹੇ ਹਨ, ਜਦਕਿ ਇੰਜੀਨੀਅਰ ਵਜੋਂ ਕੰਮ ਕਰ ਰਹੇ ਲਗਭਗ ਅੱਧੇ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੀ ਯੋਗਤਾ ਨਾਲੋਂ ਅੱਧੀ ਯੋਗਤਾ ਵਾਲੀ ਨੌਕਰੀ ਹੀ ਕਰ ਪਾ ਰਹੇ ਹਨ।
ਇੰਜੀਨੀਅਰਜ਼ ਆਸਟ੍ਰੇਲੀਆ ਸੰਸਥਾ ਦੇ ਮੁਖੀ ਡਾ ਬਰੋਨਵਿਨ ਇਵਾਨਸ ਦਾ ਕਹਿਣਾ ਹੈ ਕਿ, ਇਸ ਸਮੇਂ ਬਹੁਤ ਸਾਰੇ ਹੁਨਰਮੰਦ ਇੰਜੀਨੀਅਰ ਟੈਕਸੀਆਂ ਚਲਾਉਣ ਅਤੇ ਫ਼ੂਡ ਡਲਿਵਰੀ ਦਾ ਕੰਮ ਕਰ ਰਹੇ ਹਨ।
ਬਹੁਤ ਸਾਰੇ ਰੁਜ਼ਗਾਰਦਾਤਾ ਨੌਕਰੀਆਂ ਦੇਣ ਸਮੇਂ ਸਥਾਈ ਤਜ਼ਰਬਿਆਂ ਅਤੇ ਜਾਣਕਾਰੀਆਂ ਦੀ ਮੰਗ ਰਖਦੇ ਹਨ। ਨਾਲ ਹੀ ਇੰਨਟਰਨਸ਼ਿਪ ਅਤੇ ਕੰਮ ਦੇ ਤਜ਼ਰਬੇ ਨੂੰ ਵੀ ਲਾਜ਼ਮੀ ਬਣਾ ਰਹੇ ਹਨ।
ਇੰਜੀਨੀਅਰਜ਼ ਆਸਟ੍ਰੇਲੀਆ ਅਦਾਰਾ ਇਸ ਸਮੇਂ ਇੱਕ ਅਜਿਹੇ ਪਾਇਲਟ ਪਰੋਗਰਾਮ ਉੱਤੇ ਕੰਮ ਕਰ ਰਿਹਾ ਹੈ ਜਿਸ ਨਾਲ ਪ੍ਰਵਾਸੀ ਇੰਜੀਨੀਅਰਾਂ ਨੂੰ ਰੁਜ਼ਗਾਰਦਾਤਾਵਾਂ ਦੇ ਨਾਲ ਜੋੜਿਆ ਜਾ ਸਕੇਗਾ।
ਕਈ ਰੁਜ਼ਗਾਰਦਾਤਾਵਾਂ ਨੇ ਇਸ ਸਰਵੇਖਣ ਦੌਰਾਨ ਮੰਨਿਆ ਹੈ ਕਿ ਆਸਟ੍ਰੇਲੀਆ ਦੀਆਂ ਬਹੁਤ ਸਾਰੀਆਂ ਕੰਪਨੀਆਂ ਜਾਣ ਬੁੱਝ ਕੇ ਪ੍ਰਵਾਸੀਆਂ ਨਾਲ ਧੱਕਾ ਕਰ ਰਹੀਆਂ ਹਨ।
ਇਸ ਰਿਪੋਰਟ ਤੋਂ ਇਹ ਵੀ ਪਤਾ ਚਲਿਆ ਹੈ ਕਿ ਬਹੁਤ ਸਾਰੇ ਪ੍ਰਵਾਸੀ ਇੰਜੀਨੀਅਰ ਆਪਣੇ ਮੁੱਖ ਕਿੱਤੇ ਨੂੰ ਛੱਡਦੇ ਹੋਏ ਦੂਜਿਆਂ ਕਿੱਤਿਆਂ ਜਿਵੇਂ ਇਮਾਰਤ ਉਸਾਰੀ ਆਦਿ, ਵੱਲ ਜਾਣ ਲਈ ਮਜ਼ਬੂਰ ਹੋ ਜਾਂਦੇ ਹਨ।
ਅਜਿਹਾ ਹੀ ਸ਼੍ਰੀ ਟਿੰਗ ਨਾਲ ਵੀ ਵਾਪਰਿਆ ਹੈ ਜਿਸ ਨੇ ਆਖਰਕਾਰ ਟੇਫ ਵਿੱਚ ਏਅਰ ਕੰਡੀਸ਼ਨਿੰਗ ਦੇ ਕਾਮੇਂ ਵਜੋਂ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਹੈ। ਪਰ ਨਾਲ ਹੀ ਉਹ ਇਹ ਵੀ ਉਮੀਦ ਜਿਓਂਦੀ ਰਖ ਰਿਹਾ ਹੈ ਕਿ ਆਸਟ੍ਰੇਲੀਆ ਦੇ ਰੁਜ਼ਗਾਰਦਾਤਾ ਉਸ ਨੂੰ ਇੱਕ ਮੌਕਾ ਤਾਂ ਜ਼ਰੂਰ
ਦੇਣਗੇ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸਬੀਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਦੇ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ https://www.sbs.com.au/language/coronavirus ਉੱਤੇ ਉਪਲਬਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।