ਐਡੀਲੇਡ ਵਿੱਚ ਹੋਣ ਵਾਲੇ ਭਾਰਤ-ਆਸਟ੍ਰੇਲੀਆ ਹਾਕੀ ਮੈਚਾਂ ਲਈ ਸਥਾਨਿਕ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਹੈ।
ਇਸ ਸਿਲਸਿਲੇ ਵਿੱਚ ਐਡੀਲੇਡ ਸਿਖਸ ਤੇ ਵੂਡਵਿੱਲ ਹਾਕੀ ਕਲੱਬ ਵੱਲੋਂ ਵੀਰਵਾਰ ਨੂੰ ਭਾਰਤੀ ਹਾਕੀ ਟੀਮ ਨਾਲ 'ਮੀਟ ਐਂਡ ਗ੍ਰੀਟ' ਵੀ ਰੱਖਿਆ ਗਿਆ।
ਐਡੀਲੇਡ ਸਿਖਸ ਹਾਕੀ ਕਲੱਬ ਦੇ ਨੁਮਾਇੰਦੇ ਗੁਰਮੀਤ ਢਿੱਲੋਂ ਅਤੇ ਸੁਖਵੰਤ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਕਿਹਾ ਕਿ ਇਹ ਸਥਾਨਿਕ ਪਧਰ ਉੱਤੇ ਹਾਕੀ ਦੀ ਖੇਡ ਨੂੰ ਪਸੰਦ ਕਰਨ ਵਾਲਿਆਂ ਲਈ ਇੱਕ ਮੁਬਾਰਕ ਮੌਕਾ ਹੈ।
“ਭਾਰਤੀ ਟੀਮ ਦਾ ਐਡੀਲੇਡ ਵਿੱਚ ਖੇਡਣਾ ਸਾਡੇ ਲਈ ਇੱਕ ਵੱਡੀ ਗੱਲ ਹੈ। ਅਸੀਂ ਆਸਟ੍ਰੇਲੀਆ ਅਤੇ ਭਾਰਤੀ ਟੀਮ ਦੋਨਾਂ ਨੂੰ ਹੀ ਦਿਲੋਂ-ਜਾਨ ਨਾਲ ਪਿਆਰ ਕਰਦੇ ਹਾਂ ਤੇ ਉਨ੍ਹਾਂ ਦਾ ਹਰ ਇੱਕ ਮੈਚ ਸ਼ਿੱਦਤ ਨਾਲ ਦੇਖਦੇ ਹਾਂ,” ਉਨਾਂ ਕਿਹਾ।
“ਪਰ ਇਸ ਵਾਰ ਦਾ ਮੁਕਾਬਲਾ ਖਾਸ ਹੋਏਗਾ। ਅਗਰ ਆਸਟ੍ਰੇਲੀਆ ਦੀ ਟੀਮ ਦੁਨੀਆਂ ਦੀ ਇੱਕ ਨੰਬਰ ਦੀ ਟੀਮ ਹੈ ਤਾਂ ਭਾਰਤ ਵੀ ਵਿਸ਼ਵ ਹਾਕੀ ਵਿੱਚ ਹੁਣ ਚੰਗਾ ਮੁਕਾਮ ਰਖਦਾ ਹੈ।
“ਸਾਨੂੰ ਦੋਨੋ ਪਾਸਿਓਂ ਵਧੀਆ ਖੇਡ ਦੀ ਉਮੀਦ ਹੈ। ਸਾਡਾ ਖਾਸ ਧਿਆਨ ਹਰਮਨਪ੍ਰੀਤ, ਮਨਪ੍ਰੀਤ ਅਤੇ ਜਰਮਨਪ੍ਰੀਤ ਵਰਗੇ ਪੰਜਾਬੀ ਖਿਡਾਰੀਆਂ ਉੱਤੇ ਵੀ ਰਹੇਗਾ ਜੋ ਪਿੱਛਲੇ ਕੁਝ ਸਾਲਾਂ ਤੋਂ ਵਧੀਆ ਹਾਕੀ ਦਾ ਮੁਜਾਹਰਾ ਕਰ ਰਹੇ ਹਨ।“
ਜੈਪਸ ਕਰਾਸ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿਖੇ ਖੇਡੇ ਜਾਣ ਵਾਲੇ ਇਹਨਾਂ ਮੈਚਾਂ ਦਾ ਵੇਰਵਾ ਇਸ ਪ੍ਰਕਾਰ ਹੈ -
- ਪਹਿਲਾ ਮੈਚ: 26 ਨਵੰਬਰ ਦਿਨ ਸ਼ਨੀਵਾਰ ਸ਼ਾਮ 4 ਵਜੇ
- ਦੂਜਾ ਮੈਚ: 27 ਨਵੰਬਰ ਦਿਨ ਐਤਵਾਰ ਸ਼ਾਮ 4 ਵਜੇ
- ਤੀਜਾ ਮੈਚ: 30 ਨਵੰਬਰ ਦਿਨ ਬੁੱਧਵਾਰ ਸ਼ਾਮ 6.30 ਵਜੇ
- ਚੌਥਾ ਮੈਚ: 3 ਦਸੰਬਰ ਦਿਨ ਸ਼ਨੀਵਾਰ ਸ਼ਾਮ 4 ਵਜੇ
- ਪੰਜਵਾਂ ਮੈਚ: 4 ਦਸੰਬਰ ਦਿਨ ਐਤਵਾਰ ਸ਼ਾਮ 4 ਵਜੇ
ਐਡੀਲੇਡ ਸਿਖਸ ਤੇ ਵੂਡਵਿੱਲ ਹਾਕੀ ਕਲੱਬ ਵਲੋਂ ਐਡੀਲੇਡ ਵਿੱਚ ਹਾਕੀ ਦੇ ਪਸਾਰੇ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਨਣ ਲਈ ਉੱਪਰ ਦਿੱਤੇ ਆਡੀਓ ਬਟਨ ਉੱਤੇ ਕਲਿਕ ਕਰੋ…