ਤਾਜ਼ਾ ਪ੍ਰਾਪਤ ਹੋਏ ਆਂਕੜਿਆਂ ਤੋਂ ਪਤਾ ਚਲਿਆ ਹੈ ਕਿ ਇਸ ਸਮੇਂ ਆਸਟ੍ਰੇਲੀਆ ਦੇ 2.1 ਮਿਲੀਅਨ ਲੋਕਾਂ ਨੇ ਜੌਬਕੀਪਰ ਦਾ ਲਾਭ ਲੈਣਾ ਬੰਦ ਕਰ ਦਿੱਤਾ ਹੈ।
ਫੈਡਰਲ ਸਰਕਾਰ ਨੇ ਵੀ ਇਹ ਐਲਾਨ ਕੀਤਾ ਹੋਇਆ ਹੈ ਕਿ ਉਹ ਇਸ ਲਾਭ ਨੂੰ ਮਾਰਚ ਤੋਂ ਬੰਦ ਕਰਨ ਜਾ ਰਹੀ ਹੈ।
ਖਜਾਨਚੀ ਜੋਸ਼ ਫਰਾਇਡਨਬਰਗ ਇਸ ਚਲਨ ਨੂੰ ਸਕਾਰਾਤਮਕ ਸੰਕੇਤ ਵਜੋਂ ਦੇਖਦੇ ਹਨ।
ਸ਼੍ਰੀ ਫਰਾਇਡਨਬਰਗ ਨੇ ਏਬੀਸੀ ਨੂੰ ਦੱਸਿਆ ਕਿ ਜਿਹੜੇ ਆਸਟ੍ਰੇਲੀਆਈ ਲੋਕਾਂ ਦੀ ਨੌਕਰੀ 2020 ਵਿੱਚ ਕਰੋਨਾਵਾਇਰਸ ਮਹਾਂਮਾਰੀ ਕਾਰਨ ਚਲੀ ਗਈ ਸੀ, ਉਹਨਾਂ ਵਿੱਚੋਂ 90% ਹੁਣ ਵਾਪਸ ਕੰਮਾਂ ਉੱਤੇ ਲੱਗ ਗਏ ਹਨ।
ਉਹਨਾਂ ਮੁਤਾਬਕ, ਲੇਬਰ ਮਾਰਕੀਟ ਉਮੀਦਾਂ ਨਾਲੋਂ ਕਿਤੇ ਵਧੀਆ ਉੱਭਰੀ ਹੈ।
ਪਰ ਫਿਕਰ ਹੈ ਉਹਨਾਂ 2 ਮਿਲੀਅਨ ਤੋਂ ਵੀ ਜਿਆਦਾ ਲੋਕਾਂ ਪ੍ਰਤੀ ਜੋ ਕਿ ਅਜੇ ਵੀ ਕੰਮਾਂ ‘ਤੇ ਨਹੀਂ ਲੱਗ ਸਕੇ ਹਨ ਜਾਂ ਫੇਰ ਪਹਿਲਾਂ ਨਾਲੋਂ ਘੱਟ ਘੰਟਿਆਂ ਵਾਸਤੇ ਹੀ ਕੰਮ ਕਰ ਰਹੇ ਹਨ।
ਸ਼ੈਡੋ ਖਜਾਨਚੀ ਜਿਮ ਚਾਮਰਸ ਦਾ ਕਹਿਣਾ ਹੈ ਕਿ ਸਰਕਾਰ ਨੂੰ ਉਹਨਾਂ ਲੋਕਾਂ ਦੀ ਮੱਦਦ ਲਈ ਹੋਰ ਉਪਰਾਲੇ ਕਰਨੇ ਚਾਹੀਦੇ ਹਨ ਜੋ ਕਿ ਅਜੇ ਵੀ ਕੰਮ ਦੀ ਭਾਲ ਕਰ ਰਹੇ ਹਨ।
ਦੇਖਣ ਵਿੱਚ ਆਇਆ ਹੈ ਕਿ ਕੁੱਝ ਉਦਯੋਗ ਦੂਜਿਆਂ ਦੇ ਮੁਕਾਬਲੇ ਜਿਆਦਾ ਵਿੱਤੀ ਸੰਕਟ ਵਿੱਚ ਹਨ ਜਿਵੇਂ ਆਰਟਸ, ਮਨੋਰੰਜਨ ਅਤੇ ਸੈਰ ਸਪਾਟਾ।
ਕੂਈਨਜ਼ਲੈਂਡ ਦੀ ਪ੍ਰੀਮੀਅਰ ਅਨਾਸਟਾਸ਼ੀਆ ਪਾਲੂਸ਼ੇ ਨੇ ਫੈਡਰਲ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਜੌਬਕੀਪਰ ਲਾਭ ਨੂੰ ਹੋਰ ਅੱਗੇ ਵਧਾਵੇ ਤਾਂ ਕਿ ਰਾਜ ਦੇ ਸੈਰ ਸਪਾਟਾ ਖਿੱਤੇ ਨੂੰ ਕੁੱਝ ਹੋਰ ਬਲ ਮਿਲ ਸਕੇ।
ਆਰਥਿਕਤਾ ਦੇ ਮਾਹਰ ਕਰਿਸ ਰਿਚਰਡਸਨ ਦਾ ਕਹਿਣਾ ਹੈ ਕਿ ਵਿੱਤੀ ਸੰਕਟ ਅਜੇ ਕੁੱਝ ਹੋਰ ਦੇਰ ਚੱਲੇਗਾ।
ਪਰ ਸਰਕਾਰ ਨੇ ਵਿੱਤੀ ਉਭਾਰ ਲਈ ਕਈ ਨੀਤੀਆਂ ਘੜੀਆਂ ਹੋਈਆਂ ਹਨ। ਸਰਕਾਰ ਵਲੋਂ ਇੱਕ ਹਫਤੇ ਦੌਰਾਨ ਕੀਤੀ ਜਾਣ ਵਾਲੀ ਇਸ਼ਤਿਹਾਰਬਾਜ਼ੀ ਦੁਆਰਾ ਘਰੇਲੂ ਸੈਰ ਸਪਾਟੇ ਨੂੰ ਉਤਸ਼ਾਹਤ ਕੀਤਾ ਜਾਣਾ ਹੈ।
ਸਾਲ 2018-19 ਦੌਰਾਨ ਆਸਟ੍ਰੇਲੀਅਨ ਲੋਕਾਂ ਨੇ 5.6 ਮਿਲੀਅਨ ਅੰਤਰਰਾਸ਼ਟਰੀ ਸੈਰਾਂ ਕਰਦੇ ਹੋਏ 43 ਬਿਲੀਅਨ ਡਾਲਰ ਖਰਚੇ ਸਨ ਅਤੇ ਸਰਕਾਰ ਨੂੰ ਉਮੀਦ ਹੈ ਕਿ ਇਸ ਦਾ ਕੁੱਝ ਹਿੱਸਾ ਘਰੇਲੂ ਸੈਰਾਂ ਉੱਤੇ ਜਰੂਰ ਹੀ ਖਰਚ ਕੀਤਾ ਜਾ ਸਕਦਾ ਹੈ।
ਸਰਕਾਰ ਨੇ ਲੋਕਾਂ ਨੂੰ ਘਰੇਲੂ ਸੈਰਾਂ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਮਹਾਂਮਾਰੀ ਅਤੇ ਬੁੱਸ਼ਫਾਇਰਸ ਨਾਲ ਪ੍ਰਭਾਵਿਤ ਹੋਈ ਆਰਥਿਕਤਾ ਨੂੰ ਤਾਕਤ ਪ੍ਰਦਾਨ ਕੀਤੀ ਜਾ ਸਕੇ।
ਟਰੇਡ, ਟੂਰੀਜ਼ਮ ਐਂਡ ਇਨਵੈਸਟਮੈਂਟ ਮੰਤਰੀ ਡਾਨ ਟੀਹਾਨ ਕਹਿੰਦੇ ਹਨ ਕਿ ਲੋਕਾਂ ਨੂੰ ਘਰੇਲੂ ਯਾਤਰਾਵਾਂ ਦਾ ਪਹਿਲਾਂ ਨਾਲੋਂ ਜਿਆਦਾ ਅਨੰਦ ਉਠਾਣਾ ਚਾਹੀਦਾ ਹੈ।
ਇਸ ਸਮੇਂ ਜਦੋਂ ਖਜਾਨਚੀ ਫਰਾਇਡਨਬਰਗ ਨੂੰ ਕੁੱਝ ਚਿੰਤਾ ਜਰੂਰ ਹੈ ਪਰ ਉਹ ਜੋਰ ਦੇ ਕਿ ਇਹ ਵੀ ਕਹਿੰਦੇ ਹਨ ਕਿ ਆਸਟ੍ਰੇਲੀਆ ਇਸ ਵਿੱਤੀ ਸੰਕਟ ਵਿੱਚੋਂ ਬਾਹਰ ਨਿਕਲਣ ਦੇ ਲਈ ਪੂਰੀ ਤਰਾਂ ਨਾਲ ਯੋਗ ਹੈ।
ਸਿਹਤ ਅਤੇ ਸਹਾਇਤਾ ਪ੍ਰਤੀ ਆਪਣੀ ਭਾਸ਼ਾ ਵਿੱਚ ਜਾਣਕਾਰੀ ਹਾਸਲ ਕਰੋ, ਐਸਬੀਐਸ.ਕਾਮ.ਏਯੂ/ਕਰੋਨਾਵਾਇਰਸ ‘ਤੋਂ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।