ਆਪਣਾ ਭਾਰਤ ਦੌਰਾ ਪੂਰਾ ਕਰਦੇ ਹੋਏ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਕਈ ਵਪਾਰਕ ਸੌਦਿਆਂ ਅਤੇ ਇਸ ਨਾਲ ਸਬੰਧਿਤ ਯੋਜਨਾਵਾਂ ਦਾ ਖੁਲਾਸਾ ਕੀਤਾ ਹੈ। ਨਾਲ ਹੀ ਆਸਟ੍ਰੇਲੀਆ-ਭਾਰਤ ਸੋਲਰ ਟਾਸਕ ਫੋਰਸ ਦਾ ਵੀ ਐਲਾਨ ਕੀਤਾ ਗਿਆ ਅਤੇ ਸਕਰੀਨ ਪ੍ਰੋਜੈਕਟਾਂ ਤਹਿਤ ਹੁਨਰਮੰਦ ਨੌਕਰੀਆਂ ਅਤੇ ਰਚਨਾਤਮਕ ਆਦਾਨ-ਪ੍ਰਦਾਨ ਲਈ ਇੱਕ ਆਡੀਓ-ਵਿਜ਼ੁਅਲ ਸਹਿ-ਉਤਪਾਦਨ ਸਮਝੌਤੇ 'ਤੇ ਵੀ ਹਸਤਾਖਰ ਕੀਤੇ ਗਏ ਹਨ।
ਔਕੁਸ (AUKUS) ਪਣਡੁੱਬੀ ਯੋਜਨਾ ਸਮੇਤ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਭਾਰਤ ਨੂੰ ਇੱਕ 'ਉੱਚ-ਪੱਧਰੀ' ਸੁਰੱਖਿਆ ਭਾਈਵਾਲ ਵਜੋਂ ਘੋਸ਼ਿਤ ਕੀਤਾ ਹੈ ਅਤੇ ਪੁਸ਼ਟੀ ਕੀਤੀ ਹੈ ਕਿ ਆਸਟ੍ਰੇਲੀਆ ਇੰਡੋ-ਪੈਸੀਫਿਕ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਿਹਾ ਹੈ।
ਸ਼੍ਰੀ ਅਲਬਾਨੀਜ਼ੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਭਾਰਤ ਦੀ ਕਾਰਬਨ ਨਿਕਾਸ ਨੂੰ ਘਟਾਉਣ ਅਤੇ ਨਵਿਆਉਣਯੋਗ ਊਰਜਾ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰਨ ਦੀ ਉਮੀਦ ਕਰਦਾ ਹੈ।
ਭਾਰਤ ਨੇ 2030 ਤੱਕ 50 ਫੀਸਦੀ ਨਵਿਆਉਣਯੋਗ ਊਰਜਾ ਅਤੇ 30 ਫੀਸਦੀ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਦੇ ਟੀਚੇ ਰੱਖੇ ਹਨ।
ਇਸ ਦੌਰਾਨ, ਆਸਟ੍ਰੇਲੀਆ ਅਤੇ ਭਾਰਤ ਇੱਕ ਆਡੀਓ-ਵਿਜ਼ੁਅਲ ਸਹਿ-ਉਤਪਾਦਨ ਸੌਦੇ 'ਤੇ ਸਹਿਯੋਗ ਕਰਨਗੇ ਜੋ "ਬ੍ਰਿਸਬੇਨ ਵਿੱਚ ਬਾਲੀਵੁੱਡ ਦਾ ਇੱਕ ਹਿੱਸਾ ਲਿਆਉਣ" ਲਈ ਤਿਆਰ ਕੀਤਾ ਗਿਆ ਹੈ।
ਰਾਸ਼ਟਰਾਂ ਵਿਚਕਾਰ ਹੋਰ ਸਹਿ-ਨਿਰਮਾਣ ਫਿਲਮਾਂ ਨੂੰ ਯਕੀਨੀ ਬਣਾਉਣ ਲਈ ਰਚਨਾਤਮਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ । ਦੋਵਾਂ ਦੇਸ਼ਾਂ ਵਿੱਚ ਪ੍ਰੋਜੈਕਟਾਂ ਨੂੰ ਗ੍ਰਾਂਟਾਂ ਅਤੇ ਟੈਕਸ ਆਫਸੈਟਾਂ ਸਮੇਤ ਸਰਕਾਰੀ ਫੰਡਿੰਗ ਤੱਕ ਪਹੁੰਚ ਮਿਲੇਗੀ।
ਭਾਰਤ ਦੌਰਾ ਪੂਰਾ ਕਰਦੇ ਹੋਏ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਇਹ ਵੀ ਭਰੋਸਾ ਦਿਵਾਇਆ ਹੈ ਕਿ ਮੈਲਬੌਰਨ ਵਿੱਚ ਹਿੰਦੂ ਮੰਦਰਾਂ 'ਤੇ ਹਾਲ ਹੀ ਵਿੱਚ ਹੋਏ ਹਮਲਿਆਂ ਬਾਰੇ ਪੁਲਿਸ ਦੇ ਸਹਿਯੋਗ ਨਾਲ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਸਾਲ ਹੋਈਆਂ ਤਿੰਨ ਘਟਨਾਵਾਂ ਵਿੱਚ ਵੱਖ-ਵੱਖ ਥਾਵਾਂ 'ਤੇ 'ਵੱਖਵਾਦੀ' ਨਾਅਰਿਆਂ ਨਾਲ ਮੰਦਿਰਾਂ 'ਤੇ ਗ੍ਰੈਫਿਟੀ ਛਿੜਕਾਅ ਕੀਤਾ ਗਿਆ ਸੀ।
ਆਸਟ੍ਰੇਲੀਆ ਦੇ ਆਰਥਿਕ ਅਤੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਰਤ ਦੀ ਆਪਣੀ ਚਾਰ ਦਿਨਾਂ ਯਾਤਰਾ ਦੀ ਸਮਾਪਤੀ ਤੋਂ ਬਾਅਦ ਪਣਡੁੱਬੀ ਘੋਸ਼ਣਾ ਲਈ ਐਂਥਨੀ ਅਲਬਾਨੀਜ਼ੀ ਅਮਰੀਕਾ ਲਈ ਰਵਾਨਾ ਹੋ ਗਏ ਹਨ।
ਹੋਰ ਜਾਣਕਾਰੀ ਲਈ ਇਹ ਆਡੀਓ ਲਿੰਕ ਕਲਿਕ ਕਰੋ:





