ਵਿਕਟੋਰੀਆ ਨੇ ਸਥਾਨਕ ਕਾਰੋਬਾਰਾਂ ਅਤੇ ਰਾਜ ਦੀ ਆਰਥਿਕਤਾ ਨੂੰ ਧਿਆਨ ਵਿੱਚ ਰੱਖਦਿਆਂ 2022-2023 ਦੇ ਆਪਣੇ ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਹੈ।
ਇਹ ਪ੍ਰੋਗਰਾਮ ਸਕਿਲਡ ਪ੍ਰਵਾਸੀਆਂ ਨੂੰ ਵਿਕਟੋਰੀਆ ਵਿੱਚ ਸਥਾਈ ਨਿਵਾਸ ਪ੍ਰਦਾਨ ਕਰਦਾ ਹੈ।
ਸਕਿਲਡ ਨਾਮਜ਼ਦ ਵੀਜ਼ਾ (ਸਬਕਲਾਸ 190) ਹੁਨਰਮੰਦ ਕਾਮਿਆਂ ਲਈ ਵਿਕਟੋਰੀਆ ਵਿੱਚ ਕਿਤੇ ਵੀ ਰਹਿਣ ਅਤੇ ਕੰਮ ਕਰਨ ਲਈ ਇੱਕ ਸਥਾਈ ਵੀਜ਼ਾ ਹੈ ਜਦਕਿ ਖੇਤਰੀ ਵਿਕਟੋਰੀਆ ਵਿੱਚ ਰਹਿਣ ਅਤੇ ਕੰਮ ਕਰਨ ਲਈ ਸਕਿਲਡ ਵਰਕ ਰੀਜਨਲ (ਆਰਜ਼ੀ) ਵੀਜ਼ਾ (ਸਬਕਲਾਸ 491) ਇੱਕ ਸਥਾਈ ਵੀਜ਼ਾ ਮਾਰਗ ਪ੍ਰਦਾਨ ਕਰਦਾ ਹੈ।
ਵਿਕਟੋਰੀਆ ਵਿੱਚ ਰਹਿਣ ਵਾਲੇ 'ਔਨਸ਼ੋਰ' ਬਿਨੈਕਾਰਾਂ ਤੋਂ ਇਲਾਵਾ ਯੋਗ 'ਓਫਸ਼ੋਰ' ਬਿਨੈਕਾਰ ਵੀ ਇਸ ਵਿੱਚ ਆਪਣੀ ਦਿਲਚਸਪੀ ਦਰਜ ਕਰ ਸਕਦੇ ਹਨ।
ਐਸ ਬੀ ਐਸ ਪੰਜਾਬੀ ਨਾਲ ਇੱਕ ਇੰਟਰਵਿਊ ਵਿੱਚ ਮੈਲਬੌਰਨ ਦੇ ਮਾਈਗ੍ਰੇਸ਼ਨ ਏਜੰਟ ਰਣਬੀਰ ਸਿੰਘ ਨੇ ਕਿਹਾ ਕਿ ਨਵੀਆਂ ਤਬਦੀਲੀਆਂ ਕਾਫੀ ਮਹੱਤਵਪੂਰਨ ਹਨ।
ਉਨ੍ਹਾਂ ਕਿਹਾ ਕਿ ਇਸ ਵਿੱਚ ਸਭ ਤੋਂ ਅਹਿਮ ਤਬਦੀਲੀ ਇਹ ਹੈ ਕਿ ਪਹਿਲੇ ਬਿਨੈਕਾਰਾਂ ਨੂੰ ਆਪਣੇ ਨਾਮਜ਼ਦ ਕਿੱਤੇ ਵਿੱਚ ਹੀ ਕੰਮ ਕਰਨ ਦੀ ਪਬੰਦੀ ਸੀ ਪਰ ਵਿਕਟੋਰੀਆ ਰਾਜ ਸਰਕਾਰ ਨੇ ਇਸ ਸਾਲ 'ਆਰ ਓ ਆਈ' ਲਈ ਇਸ ਯੋਗਤਾ ਨੂੰ ਸੌਖਾ ਕਰਦੇ ਹੋਏ ਇਸ ਪਬੰਦੀ ਨੂੰ ਹਟਾ ਦਿੱਤਾ ਹੈ।
ਸ਼੍ਰੀ ਸਿੰਘ ਨੇ ਕਿਹਾ ਕਿ ਨਵੀਆਂ ਤਬਦੀਲੀਆਂ ਹੇਠ ਸਿਹਤ ਖੇਤਰ ਵਿੱਚ ਸਕਿਲਡ ਵਰਕ ਰੀਜਨਲ (ਆਰਜ਼ੀ) ਵੀਜ਼ਾ (ਸਬਕਲਾਸ 491) ਅਧੀਨ ਆਪਣੀ ਦਿਲਚਸਪੀ ਦਰਜ ਕਰਨ ਵਾਲੇ 'ਆਫਸ਼ੋਰ' ਬਿਨੈਕਾਰਾਂ ਨੂੰ ਵੀ ਤਰਜੀਹ ਦਿੱਤੀ ਜਾਵੇਗੀ।"