ਕੋਵਿਡ-19 ਤੋਂ ਪਹਿਲਾਂ 2018-19 ਦੇ ਦਰਮਿਆਨ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਹਾਸਲ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਚੀਨ ਸਭ ਤੋਂ ਅੱਗੇ ਸੀ। ਆਸਟ੍ਰੇਲੀਆ ਦੇ ਕੁੱਲ 5.2 ਮਿਲੀਅਨ ਟੂਰਿਸਟ ਵੀਜ਼ਿਆਂ ਵਿੱਚ ਚੀਨ ਦਾ ਹਿੱਸਾ ਲਗਭਗ 17 ਪ੍ਰਤੀਸ਼ਤ ਸੀ ਅਤੇ ਭਾਰਤ ਇਸ ਸੂਚੀ ਵਿੱਚ ਛੇਵੇਂ ਸਥਾਨ ਉੱਤੇ ਸੀ।
ਹਾਲਾਂਕਿ ਕੋਵਿਡ-19 ਪਬੰਦੀਆਂ ਤੋਂ ਬਾਅਦ ਭਾਰਤ ਦੇ ਟੂਰਿਸਟ ਵੀਜ਼ਾ ਅੰਕੜਿਆਂ ਵਿੱਚ ਵੀ ਗਿਰਾਵਟ ਆਈ ਹੈ ਪਰ ਬਾਕੀ ਦੇਸ਼ਾਂ ਦੇ ਮੁਕਾਬਲੇ ਇਹ ਗਿਰਾਵਟ ਮਾਮੂਲੀ ਹੋਣ ਕਾਰਨ ਭਾਰਤ , ਆਸਟ੍ਰੇਲੀਆ ਦੇ ਟੂਰਿਸਟ ਵੀਜ਼ਾ ਹਾਸਲ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਚੋਟੀ ਉੱਤੇ ਪਹੁੰਚ ਗਿਆ ਹੈ।
2021-22 ਦੇ ਸਾਲ ਦੌਰਾਨ ਚੀਨ ਦੇ ਟੂਰਿਸਟ ਵੀਜ਼ਾ ਦੇ ਅੰਕੜਿਆਂ ਵਿੱਚ 95 ਪ੍ਰਤੀਸ਼ਤ ਦੀ ਕਮੀ ਆਈ ਜਦਕਿ ਭਾਰਤ ਦੇ ਅੰਕੜਿਆਂ ਵਿੱਚ ਜ਼ਿਆਦਾ ਫ਼ਰਕ ਦੇਖਣ ਨੂੰ ਨਹੀਂ ਮਿਲਿਆ। 2021-22 ਦੌਰਾਨ ਭਾਰਤ ਨੂੰ ਮਿਲਣ ਵਾਲਿਆਂ ਵੀਜ਼ਿਆਂ ਦਾ ਅੰਕੜਾ 1,90,605 ਹੈ ਜੋ ਕਿ ਆਸਟ੍ਰੇਲੀਆ ਵੱਲੋਂ ਦਿੱਤੇ ਗਏ 1 ਮਿਲਅਨ ਕੁੱਲ ਟੂਰਿਸਟ ਵੀਜ਼ਿਆਂ ਦਾ 19 ਫੀਸਦ ਬਣਦਾ ਹੈ।
ਭਾਰਤ ਤੋਂ ਬਾਅਦ ਯੂ.ਕੇ ਦੂਜੇ ਸਥਾਨ ਉੱਤੇ ਅਤੇ ਸਿੰਗਾਪੁਰ ਤੀਜੇ, ਯੂ.ਐਸ ਚੌਥੇ, ਮਲੇਸ਼ੀਆ ਪੰਜਵੇਂ ਅਤੇ ਚੀਨ ਛੇਵੇਂ ਸਥਾਨ ਉੱਤੇ ਹਨ।
ਇੱਕ ਤਾਜ਼ਾ ਰਿਪੋਰਟ ਮੁਤਾਬਕ ਆਸਟ੍ਰੇਲੀਆ ਦੀ ਯਾਤਰਾ ਕਰਨ ਲਈ ਉਤਸੁਕ ਲੋਕਾਂ ਨੂੰ ਕਈ ਮਹੀਨਿਆਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਗ੍ਰਹਿ ਮਾਮਲਿਆਂ ਬਾਰੇ ਵਿਭਾਗ ਦੀ ਰਿਪੋਰਟ ਦਰਸਾਉਂਦੀ ਹੈ ਕਿ 1 ਨਵੰਬਰ 2021 ਨੂੰ ਸਰਹੱਦਾਂ ਦੁਬਾਰਾ ਖੁੱਲਣ ਤੋਂ ਬਾਅਦ ਲੋਕਾਂ ਨੂੰ ਕੋਵਿਡ-19 ਤੋਂ ਪਹਿਲਾਂ ਦੇ ਮੁਕਾਬਲੇ ਵਿੱਚ ਵੀਜ਼ਾ ਹਾਸਲ ਕਰਨ ਲਈ ਜ਼ਿਆਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਰਿਪੋਰਟ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ 75 ਫੀਸਦ ਸਬਕਲਾਸ 600 ਅਤੇ 674 ਦੇ ਵੀਜ਼ਾ ਦਾ ਪ੍ਰੋਸੈਸਿੰਗ ਸਮਾਂ 59 ਕਲੰਡਰ ਦਿਨ ਰਿਹਾ ਹੈ ਜਦਕਿ 2019 ਤੋਂ ਪਹਿਲਾਂ ਇਹ ਸਮਾਂ 16 ਕਲੰਡਰ ਦਿਨਾਂ ਦਾ ਸੀ।
ਇਸ ਤੋਂ ਇਲਾਵਾ ਬਿਜ਼ਨਜ਼ ਵੀਜ਼ਿਆਂ ਦਾ ਪ੍ਰੋਸੈਸਿੰਗ ਸਮਾਂ ਵੀ 15 ਦਿਨਾਂ ਤੱਕ ਵਧ ਗਿਆ ਹੈ ਜੋ ਕਿ ਕੋਵਿਡ-19 ਤੋਂ ਪਹਿਲਾਂ ਸੱਤ ਦਿਨ ਸੀ।
ਹਾਲਾਂਕਿ ਵੀਜ਼ਾ ਅਰਜ਼ੀਆਂ ਦੇ ਅੰਕੜੇ ਘੱਟ ਹਨ ਪਰ ਬਾਵਜੂਦ ਇਸਦੇ ਪ੍ਰੋਸੈਸਿੰਗ ਦਾ ਸਮਾਂ ਲੰਬਾ ਹੁੰਦਾ ਜਾ ਰਿਹਾ ਹੈ।
ਇਸ ਬਾਰੇ ਗ੍ਰਹਿ ਮਾਮਲਿਆਂ ਬਾਰੇ ਵਿਭਾਗ ਦੇ ਇੱਕ ਬੁਲਾਰੇ ਨੇ ਐਸ.ਬੀ.ਐਸ ਨਿਊਜ਼ ਨੂੰ ਦੱਸਿਆ ਕਿ ਅਜੇ ਪ੍ਰੋਸੈਸਿੰਗ ਸਮਾਂ ਬੇਹਤਰ ਹੋਣ ਵਿੱਚ ਸਮਾਂ ਲੱਗ ਸਕਦਾ ਹੈ।
ਇਸ ਸਮੱਸਿਆ ਨੂੰ ਹੱਲ ਕਰਨ ਲਈ ਅਲਬਾਨੀਜ਼ੀ ਸਰਕਾਰ ਵੱਲੋਂ ਨੌਂ ਮਹੀਨਿਆਂ ਦੇ ਅੰਦਰ 500 ਅਸਾਮੀਆਂ ਭਰਨ ਲਈ ਵਾਧੂ 36.1 ਮਿਲੀਅਨ ਡਾਲਰ ਪ੍ਰਦਾਨ ਕਰਨ ਦੀ ਘੋਸ਼ਣਾ ਕੀਤੀ ਗਈ ਸੀ ਜਿਸ ਵਿੱਚੋਂ 20 ਫੀਸਦ ਅਸਾਮੀਆਂ ਸਤੰਬਰ ਦੇ ਅੰਤ ਤੱਕ ਭਰੀਆਂ ਜਾ ਚੁੱਕੀਆਂ ਹਨ।
ਹਾਲਾਂਕਿ ਇਮਿਗ੍ਰੇਸ਼ਨ ਵਿਭਾਗ ਦੇ ਸਾਬਕਾ ਸਕੱਤਰ ਅਬੁਲ ਰਿਜ਼ਵੀ ਨੂੰ ਲੱਗਦਾ ਹੈ ਕਿ ਜੁਲਾਈ ਤੋਂ ਸਤੰਬਰ ਤੱਕ ਦੀ ਅਗਲੀ ਰਿਪੋਰਟ ਆਉਣ ਤੱਕ ਵੀ ਪ੍ਰੋਸੈਸਿੰਗ ਸਮੇਂ ਵਿੱਚ ਕੋਈ ਖਾਸ ਸੁਧਾਰ ਨਹੀਂ ਆਵੇਗਾ।
ਕੋਵਿਡ-19 ਦੌਰਾਨ ਲਗਾਈਆਂ ਗਈਆਂ ਪਬੰਦੀਆਂ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਚੀਨ ਉੱਤੇ ਪਿਆ ਹੈ। ਚੀਨ ਨੂੰ ਦਿੱਤੇ ਜਾਣ ਵਾਲੇ 75 ਫੀਸਦ ਟੂਰਿਸਟ ਵੀਜ਼ਾ ਦਾ ਪ੍ਰੋਸੈਸਿੰਗ ਸਮ੍ਹਾਂ ਅਪ੍ਰੈਲ ਤੋਂ ਜੂਨ ਦੌਰਾਨ 120 ਦਿਨ ਰਿਹਾ ਜਦ ਕਿ 2019 ਵਿੱਚ ਇਹ ਸਮ੍ਹਾਂ ਨੌਂ ਦਿਨ ਦਾ ਸੀ।
ਵਿਭਾਗ ਵੱਲੋਂ ਇਸ ਦੇਰੀ ਨੂੰ ਲੈਕੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ।



