ਗਰਮੀ ਦੇ ਦਿਨਾਂ ਵਿੱਚ ਬਿਜਲੀ ਦੇ ਬਿਲ ਅਕਸਰ ਬਹੁਤ ਜਿਆਦਾ ਵਧ ਜਾਂਦੇ ਹਨ। ਗਰਮੀਆਂ ਵਿੱਚ ਘਰਾਂ ਨੂੰ ਠੰਡਾ ਰਖਣਾ ਬਹੁਤ ਮਹਿੰਗਾ ਸਾਬਤ ਹੁੰਦਾ ਹੈ ਪਰ ਆਸਟ੍ਰੇਲੀਆ ਦੇ ਇਨਰਜੀ ਮਾਰਕਿਟ ਕਮਿਸ਼ਨ ਦਾ ਕਹਿਣਾ ਹੈ ਕਿ ਇਹ ਸਾਰਾ ਕੁੱਝ ਛੇਤੀ ਹੀ ਬਦਲ ਸਕਦਾ ਹੈ। ਇਸ ਦੀ ਸਲਾਨਾ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਖਪਤਕਾਰ, ਕੀਮਤਾਂ ਵਿੱਚ ਗਿਰਾਵਟ ਛੇਤੀ ਹੀ ਪ੍ਰਾਪਤ ਕਰ ਸਕਣਗੇ। ਅਗਲੇ ਦੋ ਸਾਲਾਂ ਦੌਰਾਨ ਜਿਆਦਾਤਰ ਆਸਟ੍ਰੇੁਲੀਅਨ ਲੋਕਾਂ ਦੀਆਂ ਬਿਜਲੀ ਕੀਮਤਾਂ ਵਿੱਚ ਦੋ ਪ੍ਰਤੀਸ਼ਤ ਤਕ ਦੀ ਕਮੀ ਦੇਖੀ ਜਾ ਸਕੇਗੀ।
ਜਿੱਥੇ 9% ਆਸਟ੍ਰੇਲੀਅਨ ਲੋਕਾਂ ਦੀਆਂ ਕੀਮਤਾਂ ਵਿੱਚ ਕਮੀ ਹੋਵੇਗੀ ਉੱਥੇ ਨਾਲ ਹੀ ਵੈਸਟਰਨ ਆਸਟ੍ਰੇਲੀਆ, ਦੇਸ਼ ਦੀ ਰਾਜਧਾਨੀ ਕੈਨਬਰਾ ਅਤੇ ਨਾਰਦਰਨ ਟੈਰੀਟੋਰੀ ਵਿੱਚ ਕੀਮਤਾਂ, ਕੁੱਝ ਵਧ ਵੀ ਸਕਦੀਆਂ ਹਨ। ਆਸਟ੍ਰੁੇਲੀਆ ਵਲੋਂ ਸੂਰਜੀ ਊਰਜਾ ਅਤੇ ਹਵਾ ਨਾਲ ਪੈਦਾ ਕੀਤੀ ਜਾਣ ਵਾਲੀ ਊਰਜਾ ਵਿੱਚ ਕੀਤੇ ਜਾਣ ਵਾਲੇ ਹੁਣ ਤੱਕ ਦੇ ਸਭ ਤੋਂ ਜਿਆਦਾ ਨਿਵੇਸ਼ ਦਾ ਨਤੀਜਾ, ਅਗਲੇ ਦੋ ਸਾਲਾਂ ਦੌਰਾਨ ਬਿਜਲੀ ਦੀਆਂ ਕੀਮਤਾਂ ਵਿੱਚ 10% ਤੱਕ ਦੀ ਗਿਰਾਵਟ ਵਿੱਚ ਦੇਖਣ ਨੂੰ ਮਿਲੇਗਾ। ਸੀ ਐਸ ਆਈ ਆਰ ਓ ਦੇ ਚੀਫ ਇਨਰਜੀ ਇਕਨੋਮਿਸਟ ਕਹਿੰਦੇ ਹਨ ਕਿ ਬਿਜਲੀ ਦੀਆਂ ਕੀਮਤਾਂ ਘਟਾਉਣ ਵਿੱਚ ਰਿਨੂਏਬਲ ਇਨਰਜੀ ਵਲੋਂ ਚੰਗਾ ਯੋਗਦਾਨ ਪਾਇਆ ਜਾ ਰਿਹਾ ਹੈ।
ਨਿਊ ਸਾਊਥ ਵੇਲਜ਼ ਦੇ ਇਨਰਜੀ ਮਨਿਸਟਰ ਡਾਨ ਹਾਰਵਿਨ ਕਹਿੰਦੇ ਹਨ ਕਿ ਦੇਸ਼ ਭਰ ਵਿੱਚੋਂ ਉਹਨਾਂ ਦਾ ਸੂਬਾ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਮੋਹਰੀ ਚਲਿਆ ਆ ਰਿਹਾ ਹੈ।
ਕਲਾਇਮੇਟ ਕਾਂਊਂਸਲ ਦੀ ਪੈਟਰਾ ਸਟੋਕ ਕਹਿੰਦੀ ਹੈ ਸਾਲ 2030 ਲਈ ਮਿੱਥੇ ਹੋਏ ਆਪਣੇ ਐਮਿਸ਼ਨਸ ਵਾਲੇ ਟੀਚਿਆਂ ਤੋਂ ਆਸਟ੍ਰੇਲੀਆ ਹਾਲੇ ਵੀ ਕਾਫੀ ਦੂਰ ਹੈ। ਅਤੇ ਅਜਿਹਾ ਸਰਕਾਰ ਵਲੋਂ ਜਾਰੀ ਕੀਤੇ ਗਏ ਆਪਣੇ ਸਲਾਨਾ ਅਨੁਮਾਨਾਂ ਨੂੰ ਜਾਰੀ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
ਪਰ ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਸਕੋਟ ਮੋਰੀਸਨ ਨੇ ਜੋਰਦਾਰ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਸਰਕਾਰ ਵਾਤਾਵਰਣ ਦੀ ਸੰਭਾਲ ਲਈ ਬਣਾਈਆਂ ਹੋਈਆਂ ਠੋਸ ਨੀਤੀਆਂ ਦੁਆਰਾ ਇਸ ਟੀਚੇ ਨੂੰ ਯਕੀਨਨ ਹੀ ਪੂਰਾ ਕਰ ਲਵੇਗੀ ਅਤੇ ਨਾਲ ਹੀ ਦੇਸ਼ ਵਿੱਚ ਨਿੱਘਰ ਅਰਥ ਵਿਵਸਥਾ ਵੀ ਲਿਆ ਸਕੇਗੀ।
ਪਰ ਵਾਤਾਵਰਣ ਮਾਹਰਾਂ ਦਾ ਮੰਨਣਾ ਹੈ ਕਿ ਸਰਕਾਰ ਯੂ ਐਨ ਦੀਆਂ ਉਹਨਾਂ ਗੁੰਝਲਦਾਰ ਨੀਤੀਆਂ ਵਿੱਚ ਉਲਝਦੀ ਨਜ਼ਰ ਆ ਰਹੀ ਹੈ ਜਿਨਾਂ ਦੁਆਰਾ ਐਮਿਸ਼ਨ ਕਰੈਡਿਟਸ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ, ਨਾ ਕਿ ਅਸਲ ਵਿੱਚ ਕਟੌਤੀਆਂ ਵਾਲੇ ਟੀਚੇ ਪ੍ਰਾਪਤ ਕੀਤੇ ਜਾਂਦੇ ਹਨ।