ਵਿਜ਼ਿਟਰ ਵੀਜ਼ਾ ਤੁਹਾਨੂੰ ਇਕ ਟੂਰਿਸਟ ਵਜੋਂ ਆਸਟ੍ਰੇਲੀਆ ਜਾਣ, ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਜਾਂ ਕਾਰੋਬਾਰ ਜਾਂ ਡਾਕਟਰੀ ਇਲਾਜ ਤੋਂ ਬਿਨ੍ਹਾਂ ਹੋਰ ਉਦੇਸ਼ਾਂ ਲਈ ਸਹਾਇਕ ਹੋ ਸਕਦਾ ਹੈ।
ਬਿਨੈਕਾਰ ਦੀ ਵਿਅਕਤੀਗਤ ਸਥਿਤੀ ਦੇ ਅਧਾਰ ਉੱਤੇ ਵਿਜ਼ਿਟਰ ਵੀਜ਼ਾ ਦੀ ਅਰਜ਼ੀ ਦੇਸ਼ ਜਾਂ ਵਿਦੇਸ਼ ਤੋਂ ਲਾਈ ਜਾ ਸਕਦੀ ਹੈ।
ਪਰ ਵੀਜ਼ਾ ਮਾਹਿਰਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਕਾਰਨ, ਵਿਦੇਸ਼ ਤੋਂ ਵਿਜ਼ਟਰ ਵੀਜ਼ਾ ਅਰਜ਼ੀਆਂ ਦੀ ਸੰਭਾਵਨਾ ਬਹੁਤ ਘੱਟ ਹੈ।

ਪਰਥ ਤੋਂ ਮਾਈਗ੍ਰੇਸ਼ਨ ਮਾਹਿਰ ਨਰਿੰਦਰ ਕੌਰ ਨੇ ਦੱਸਿਆ ਕਿ ਵਿਜ਼ਟਰ ਵੀਜ਼ਾ ਉੱਤੇ ਆਸਟ੍ਰੇਲੀਆ ਦਾਖਿਲ ਹੋਣਾ ਹੁਣ ਕੁਝ ਖਾਸ ਹਾਲਤਾਂ ਦੇ ਤਹਿਤ ਹੀ ਸੰਭਵ ਹੈ।
"ਇਸ ਲਈ ਬਿਨੈਕਾਰ ਲਾਜ਼ਮੀ ਤੌਰ 'ਤੇ ਵੀਜ਼ਾ ਮਾਪਦੰਡ ਪੂਰਾ ਕਰਦੇ ਹੋਣ ਅਤੇ ਉਨ੍ਹਾਂ ਦੇ ਹਮਦਰਦੀਜਨਕ ਅਤੇ ਬਹੁਤ ਮਜਬੂਰੀ ਵਾਲ਼ੇ ਹਾਲਾਤ ਹੋਣ ਤਾਂਹੀ ਇਹ ਸੰਭਵ ਹੋ ਸਕਦਾ ਹੈ," ਉਨ੍ਹਾਂ ਕਿਹਾ।
ਮੈਲਬੌਰਨ ਤੋਂ ਮਾਈਗ੍ਰੇਸ਼ਨ ਏਜੰਟ ਨਵਜੋਤ ਕੈਲ਼ੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਬਜ਼ੁਰਗ ਮਾਪਿਆਂ ਸਮੇਤ ਬਹੁਤ ਸਾਰੇ ਵਿਜ਼ਟਰ ਆਸਟ੍ਰੇਲੀਆ ਵਿੱਚ ਆਪਣੀ ਰਿਹਾਇਸ਼ ਅੱਗੇ ਵਧਾਉਣ ਲਈ ਅਰਜ਼ੀ ਦੇ ਰਹੇ ਹਨ।
“ਇਸਦੇ ਚਲਦਿਆਂ ਕੁਝ ਵੀਜ਼ਾਧਾਰਕਾਂ ਨੂੰ ਅਰਜ਼ੀ ਪਾਉਣ ਤੋਂ ਪਹਿਲਾਂ 'ਨੋ ਫਰਦਰ ਸਟੇ' ਹਟਾਉਣ ਲਈ ਬਿਨੇ-ਪੱਤਰ ਦੇਣਾ ਪੈ ਸਕਦਾ ਹੈ। ਅਰਜ਼ੀ ਉੱਤੇ ਪ੍ਰਵਾਨਗੀ ਅਕਸਰ ਮੌਜੂਦ ਫੰਡਜ਼, ਹੈਲਥ ਚੈੱਕ ਅਤੇ ਪੁਲਿਸ ਕਲੀਅਰੈਂਸ ਵਰਗੇ ਲੋੜ੍ਹੀਂਦੇ ਮਾਪਦੰਡਾਂ ਉੱਤੇ ਨਿਰਭਰ ਕਰਦੀ ਹੈ,” ਉਨ੍ਹਾਂ ਕਿਹਾ।
ਜ਼ਿਆਦਾ ਜਾਣਕਾਰੀ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਲਿੰਕ ਨੂੰ ਕਲਿਕ ਕਰੋ...

ਬ੍ਰਿਜ ਲਾਲ ਵਧਵਾ ਅਤੇ ਉਨ੍ਹਾਂ ਦੀ ਪਤਨੀ ਸ਼ਸ਼ੀ ਵਧਵਾ ਪਿਛਲੇ ਕੁਝ ਮਹੀਨਿਆਂ ਤੋਂ ਮੈਲਬੌਰਨ ਵਿਚ ਰਹਿ ਰਹੇ ਹਨ।
ਉਹ ਇੱਕ ਸਾਲ ਲਈ ਆਸਟ੍ਰੇਲੀਆ ਆਏ ਸਨ ਪਰ ਕਰੋਨਾਵਾਇਰਸ ਕਰਕੇ ਵਾਪਸੀ ਦੀ ਉਡਾਣ ਰੱਦ ਹੋਣ ਪਿੱਛੋਂ ਅਤੇ ਮਾੜੇ ਹਾਲਾਤ ਦੇ ਚਲਦਿਆਂ ਹੁਣ ਉਨ੍ਹਾਂ ਅਜੇ ਹੋਰ ਸਮਾਂ ਆਸਟ੍ਰੇਲੀਆ ਰਹਿਣ ਦਾ ਫੈਸਲਾ ਲਿਆ ਹੈ।
"ਅਸੀਂ ਅਪ੍ਰੈਲ, 2020 ਵਿੱਚ ਵੀਜ਼ਾ ਵਧਾਉਣ ਲਈ ਅਰਜ਼ੀ ਦਿੱਤੀ ਹੈ। ਹੁਣ ਚਾਰ ਮਹੀਨਿਆਂ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਜਲਦ ਸਾਨੂੰ ਇਸਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ,” ਸ੍ਰੀ ਵਧਵਾ ਨੇ ਕਿਹਾ।

“ਅਸੀਂ ਇਹ ਵੀਜ਼ਾ ਵਧਾਉਣ ਲਈ ਹੁਣ ਤਕ ਲਗਭਗ $2,000 ਖਰਚ ਕੀਤੇ ਹਨ। ਇਸ ਦੌਰਾਨ ਸਾਨੂੰ ਸਿਹਤ ਜਾਂਚ, ਆਸਟ੍ਰੇਲੀਅਨ ਅਤੇ ਭਾਰਤੀ ਪੁਲਿਸ ਕਲੀਅਰੈਂਸ ਦੀ ਮੌਜੂਦਾ ਪ੍ਰਕਿਰਿਆ ਵਿੱਚੋਂ ਵੀ ਲੰਘਣਾ ਪੈ ਰਿਹਾ ਹੈ। ਸਾਨੂੰ ਉਮੀਦ ਹੈ ਕਿ ਸਾਡੀ 1 ਸਾਲ ਵੀਜ਼ਾ ਵਧਾਉਣ ਦੀ ਅਰਜ਼ੀ ਨੂੰ ਪ੍ਰਵਾਨਗੀ ਮਿਲ ਜਾਵੇਗੀ।"
ਵਿਜ਼ਟਰ ਵੀਜ਼ਾ ਨਾਲ਼ ਸਬੰਧਿਤ ਪੂਰੀ ਜਾਣਕਾਰੀ ਲਈ ਹੋਮ ਅਫੇਅਰਜ਼ ਦੀ ਇਸ ਵੈਬਸਾਈਟ ਉੱਤੇ ਜਾਓ।
ਨੋਟ: ਇਹ ਸਿਰਫ ਆਮ ਜਾਣਕਾਰੀ ਹੈ ਜਿਸਨੂੰ ਪੇਸ਼ੇਵਰ ਸਲਾਹਕਾਰਾਂ ਨਾਲ ਸਲਾਹ-ਮਸ਼ਵਰੇ ਦੇ ਬਦਲ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ।
ਮੈਟਰੋਪੋਲੀਟਨ ਮੈਲਬੌਰਨ ਨਿਵਾਸੀ ਸਟੇਜ 4 ਪਾਬੰਦੀਆਂ ਦੇ ਅਧੀਨ ਹਨ ਅਤੇ ਲਾਜ਼ਮੀ ਤੌਰ 'ਤੇ ਉਨ੍ਹਾਂ ਨੂੰ ਰਾਤ 8 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਕਰਫਿਊ ਦੀ ਪਾਲਣਾ ਕਰਨੀ ਚਾਹੀਦੀ ਹੈ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ।








