ਮੈਲਬਰਨ ਦੇ ਉੱਤਰੀ ਇਲਾਕਿਆਂ ਵਿੱਚ ਬੰਦਸ਼ਾਂ ਖਤਮ ਕਰਨ ਵਿੱਚ ਹੋਈ ਦੇਰੀ, ਵਸਨੀਕ ਗੁੱਸੇ ਵਿੱਚ

Daniel Andrews

Source: AAP

ਵਿਕਟੋਰੀਆ ਦੇ ਪ੍ਰੀਮੀਅਰ ਡੇਨਿਅਲ ਐਂਡਰਿਊਜ਼ ਵਲੋਂ ਮੈਲਬਰਨ ਵਿਚਲੀਆਂ ਬੰਦਸ਼ਾਂ ਨੂੰ ਖਤਮ ਕਰਨ ਵਾਲੀ ਦੇਰੀ ਤੋਂ ਵਪਾਰਕ ਸਮੂਹ, ਫੈਡਰਲ ਸਰਕਾਰ, ਰਾਜ ਦੀ ਵਿਰੋਧੀ ਧਿਰ ਅਤੇ ਭੂਤਪੂਰਵ ਸਿਹਤ ਮੰਤਰੀ ਜੈਨੀ ਮਿਕਾਕੋਸ ਨੇ ਨਰਾਜ਼ਗੀ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਮੈਲਬਰਨ ਦੇ ਉੱਤਰੀ ਇਲਾਕੇ ਵਿਚਲੇ ਈਸਟ ਪਰੈਸਟਨ ਇਸਲਾਮਿਕ ਕਾਲਜ ਤੋਂ ਫੈਲੀ ਲਾਗ ਕਾਰਨ ਤਕਰੀਬਨ 800 ਲੋਕ ਅਜੇ ਅਲੱਗ ਥਲੱਗ ਕੀਤੇ ਹੋਏ ਹਨ।


ਵਿਕਟੋਰੀਆ ਦੇ ਪ੍ਰੀਮੀਅਰ ਡੇਨਿਅਲ ਐਂਡਰਿਊਜ਼ ਨੇ ਕਿਹਾ ਹੈ ਕਿ ਨਿਵਾਸੀਆਂ ਉੱਤੇ ਕੋਵਿਡ-29 ਕਾਰਨ ਲਾਈਆਂ ਬੰਦਸ਼ਾਂ ਨੂੰ ਖਤਮ ਕਰਨ ਵਿੱਚ ਅਜੇ 24 ਤੋਂ 48 ਘੰਟੇ ਹੋਰ ਲੱਗ ਸਕਦੇ ਹਨ। ਅਤੇ ਇਸ ਦਾ ਕਾਰਨ ਉੱਤਰੀ ਮੈਲਬਰਨ ਵਿੱਚ ਲਾਗ ਦਾ ਵਧਣਾ ਦੱਸਿਆ ਗਿਆ ਹੈ। ਸਿਹਤ ਅਧਿਕਾਰੀ 1000 ਦੇ ਕਰੀਬ ਕੀਤੇ ਗਏ ਟੈਸਟਾਂ ਦੇ ਨਤੀਜ਼ਿਆਂ ਦਾ ਇੰਤਜ਼ਾਰ ਕਰ ਰਹੇ।

ਸ਼ਨੀਵਾਰ ਨੂੰ ਉੱਤਰੀ ਉੱਪਨਗਰ ਦੇ ਤਕਰੀਬਨ 3500 ਲੋਕਾਂ ਦਾ ਟੈਸਟ ਕੀਤਾ ਗਿਆ ਸੀ। ਈਸਟ ਪਰੈਸਟਨ ਇਸਲਾਮਿਕ ਕਾਲਜ ਤੋਂ ਫੈਲੀ ਲਾਗ ਕਾਰਨ 800 ਲੋਕ ਪਹਿਲਾਂ ਹੀ ਇਕੱਲਤਾ ਵਿੱਚ ਹਨ। ਐਤਵਾਰ 25 ਅਕਤੂਬਰ ਨੂੰ ਮੈਲਬਰਨ ਸ਼ਹਿਰ ਵਿੱਚ 7 ਨਵੇਂ ਕੇਸ ਸਾਹਮਣੇ ਆਏ ਸਨ। ਇਸ ਦੇ ਨਤੀਜੇ ਵਜ਼ੋਂ, ਰੋਜ਼ਾਨਾਂ ਔਸਤ ਘੱਟ ਕੇ 4.6 ਹੋ ਗਈ ਹੈ।

ਪ੍ਰੀਮੀਅਰ ਵਲੋਂ ਕੀਤੇ ਪਹਿਲਾਂ ਐਲਾਨ ਮੁਤਾਬਕ ਰੋਜ਼ਾਨਾਂ ਔਸਤ ਪੰਜ ਤੋਂ ਘੱਟ ਹੋਣ ਸਮੇਂ ਪਾਬੰਦੀਆਂ ਖਤਮ ਕਰ ਦਿੱਤੀਆਂ ਜਾਣੀਆਂ ਸਨ।

ਵਿਰੋਧੀ ਧਿਰ ਦੇ ਨੇਤਾ ਮਾਈਕਲ ਓ’ਬਰਾਇਨ ਦਾ ਕਹਿਣਾ ਹੈ ਕਿ ਪ੍ਰੀਮੀਅਰ ਵਲੋਂ ਇਸ ਹੱਦ ਨੂੰ ਹੋਰ ਅੱਗੇ ਵਧਾਉਣਾ ਅਣਉਚਿੱਤ ਹੈ।

ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪਹਿਲੀ ਵਾਰ ਜਨਤਕ ਬਿਆਨ ਦਿੰਦੇ ਹੋਏ ਭੂਤਪੂਰਵ ਸਿਹਤ ਮੰਤਰੀ ਜੈਨੀ ਮਿਕਾਕੋਸ ਨੇ ਟਵੀਟ ਕੀਤਾ ਹੈ ਕਿ ਬੰਦਸ਼ਾਂ ਖਤਮ ਕਰਨ ਵਾਲੀ ਦੇਰੀ, ਸਹੀ ਫੈਸਲੇ ਕਰਨ ਵਿੱਚ ਰੋੜਾ ਬਣ ਰਹੀ ਹੈ। ਆਸਟ੍ਰੇਲੀਅਨ ਬਿਜ਼ਨਸ ਕਾਂਊਂਸਲ ਨੇ ਵੀ ਕਿਹਾ ਹੈ ਕਿ ਘੱਟ ਰਹੇ ਕੇਸਾਂ ਦੇ ਬਾਵਜੂਦ ਢਿੱਲ ਦੇਣ ਵਾਲੇ ਫੈਸਲਿਆਂ ਵਿੱਚ ਕੀਤੀ ਜਾ ਰਹੀ ਦੇਰੀ ਉਹਨਾਂ ਦੀ ਸਮਝ ਤੋਂ ਬਾਹਰ ਹੈ। 

ਲਾ-ਟਿੰਡਾ ਇਲਾਕੇ ਦੇ ਕੋਲੰਬਿਅਨ ਰੈਸਟੋਰੈਂਟ ਦੇ ਮਾਲਕ ਜੋਹਨ ਗੋਮੇਜ਼ ਦਾ ਕਹਿਣਾ ਹੈ ਕਿ ਇਹ ਦੇਰੀ ਮਾਰੂ ਸਿੱਧ ਹੋ ਰਹੀ ਹੈ।

ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀ ਰਾਜ ਵਲੋਂ ਬੰਦਸ਼ਾਂ ਖਤਮ ਕਰਨ ਵਾਲੇ ਫੈਸਲੇ ਟਾਲਣ ਨੂੰ ਵਿਸ਼ਵਾਸ਼ ਵਿੱਚ ਕਮੀਂ ਦੱਸਿਆ ਹੈ ਅਤੇ ਕਿਹਾ ਹੈ ਕਿ ਰਾਜ ਦੇ ਕੰਟਰੋਲ ਸਿਸਟਮ ਵਿੱਚ ਕਮੀਆਂ ਹਨ। ਪਰ ਪ੍ਰੀਮੀਅਰ ਐਂਡਰਿਊਜ਼ ਨੇ ਕਿਹਾ ਹੈ ਕਿ ਕੌਨਟੈਕਟ ਟਰੇਸਿੰਗ ਰਾਜ ਵਿੱਚ ਸਹੀ ਕੰਮ ਕਰ ਰਹੀ ਹੈ।

ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਹੈ ਕਿ ਰਾਜ ਵਿੱਚ ਕਾਂਟੈਕਟ ਟਰੇਸਿੰਗ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਇਸ ਨਾਲ ਹੀ ਬੰਦਸ਼ਾਂ ਛੇਤੀ ਖਤਮ ਕਰਨ ਵਿੱਚ ਮਦਦ ਮਿਲੇਗੀ।

ਖੇਤਰੀ ਵਿਕਟੋਰੀਆ ਦੇ ਨਿਵਾਸੀਆਂ ਨੂੰ ਉਮੀਦ ਹੈ ਕਿ ਉਹਨਾਂ ਉੱਤੇ ਲੱਗੀਆਂ ਬੰਦਸ਼ਾਂ ਇਸ ਹਫਤੇ ਨਰਮ ਕੀਤੀਆਂ ਜਾ ਸਕਦੀਆਂ ਹਨ ਕਿਉਂਕਿ ਪਿਛਲੇ 14 ਦਿਨਾਂ ਦੀ ਔਸਤ, 0.2 ਚੱਲ ਰਹੀ ਹੈ। ਇਸ ਆਉਂਦੇ ਬੁਧਵਾਰ 28 ਅਕਤੂਬਰ ਤੋਂ ਇਨਡੋਰ ਜਿਮਸ ਖੁੱਲ੍ਹ ਜਾਣਗੇ ਜਿਹਨਾਂ ਵਿੱਚ 20 ਲੋਕਾਂ ਨੂੰ ਇੱਕ ਸਮੇਂ ਜਾਣ ਦੀ ਇਜਾਜਤ ਹੋਵੇਗੀ। ਅਤੇ 18 ਸਾਲ ਤੋਂ ਛੋਟਿਆਂ ਦੀਆਂ ਅੰਦਰੂਨੀ ਖੇਡਾਂ ਵੀ ਸ਼ੁਰੂ ਹੋ ਜਾਣਗੀਆਂ।

ਵੱਡੇ ਧਾਰਮਿਕ ਇਕੱਠਾਂ ਨੰ ਇਸ ਹਫਤੇ ਦੇ ਅੰਤ ਤੱਕ ਸ਼ੁਰੂ ਕੀਤਾ ਜਾ ਸਕਦਾ ਹੈ।

ਬੀਤੇ ਹਫਤਾਅੰਤ ਨੂੰ ਨਿਊ ਸਾਊਥ ਵੇਲਜ਼ ਦੇ ਨਿਵਾਸੀਆਂ ਨੇ ਮਿਲੀਆਂ ਹੋਈਆਂ ਛੋਟਾਂ ਦਾ ਭਰਪੂਰ ਅਨੰਦ ਮਾਣਿਆ ਸੀ। ਬਾਹਰੀ ਇਕੱਠਾਂ ਵਿੱਚ 30 ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜਤ ਦਿੱਤੀ ਗਈ ਸੀ, ਅਤੇ ਖਾਣੇ ਦੇ ਸਥਾਨਾਂ ਉੱਤੇ ਵੀ ਹੁਣ 10 ਦੀ ਥਾਂ ਤੇ 30 ਲੋਕ ਇਕੱਠੇ ਹੋ ਸਕਦੇ ਹਨ। ਧਾਰਮਿਕ ਸਥਾਨਾਂ ਦੇ ਇਕੱਠਾਂ ਨੂੰ ਵੀ 100 ਤੋਂ 300 ਤੱਕ ਵਧਾ ਦਿੱਤਾ ਗਿਆ ਹੈ।

ਸੈਂਟ ਮੇਰੀ ਕੈਥਿਡਰਲ ਦੇ ਪਾਦਰੀ ਰਿਚਰਡ ਸਟੀਵਨਜ਼ ਕੋਵਿਡ-ਸੇਫ ਉਪਰਾਲਿਆਂ ਤੋਂ ਸੰਤੁਸ਼ਟ ਹਨ।

ਨਿਊ ਸਾਊਥ ਵੇਲਜ਼ ਦੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਛੋਟੀ ਤੋਂ ਛੋਟੀ ਬਿਮਾਰੀ ਹੋਣ ਦੀ ਸੂਰਤ ਵਿੱਚ ਵੀ ਟੈਸਟ ਕਰਵਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਬੀਤੇ ਤਿੰਨ ਦਿਨਾਂ ਤੋਂ ਰਾਜ ਵਿੱਚ ਕੋਵਿਡ-19 ਦਾ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ।

ਹਾਲਾਂਕਿ ਵਿਦੇਸ਼ਾਂ ਤੋਂ ਪਰਤੇ ਅਤੇ ਕੂਆਰਨਟੀਨ ਵਿੱਚ ਰਹਿਣ ਵਾਲੇ ਲੋਕਾਂ ਵਿੱਚ 7 ਨਵੇਂ ਕੇਸ ਪਾਏ ਗਏ ਹਨ।

ਸ਼੍ਰੀ ਐਂਡਰਿਊਜ਼ ਨੇ ਕਿਹਾ ਹੈ ਕਿ ਬੰਦਸ਼ਾਂ ਖਤਮ ਕਰਨ ਵਿੱਚ ਹੋਰ ਦੇਰੀ ਵੀ ਹੋ ਸਕਦੀ ਹੈ। ਇਹ ਵੀ ਇਸ਼ਾਰਾ ਕੀਤਾ ਹੈ ਕਿ ਸਿਹਤ ਅਧਿਕਾਰੀਆਂ ਵਲੋਂ ਪਹਿਲਾਂ ਦੀ ਤਰ੍ਹਾਂ ਪ੍ਰਭਾਵਤ ਖੇਤਰਾਂ ਨੂੰ ਪੂਰੀ ਤਰਾਂ ਬੰਦ ਤਾਂ ਨਹੀਂ ਕੀਤਾ ਜਾਵੇਗਾ ਪਰ ਰਾਜ ਵਿਚਲੀਆਂ ਬੰਦਸ਼ਾਂ ਹੋਰ ਲੰਬੇ ਸਮੇਂ ਤੱਕ ਲਟਕ ਸਕਦੀਆਂ ਹਨ। ਰੈਸਟੋਰੈਂਟ ਮਾਲਕ ਸ਼੍ਰੀ ਗੋਮੇਜ਼ ਨੇ ਕਿਹਾ ਹੈ ਕਿ ਵਪਾਰ ਨਿਸ਼ਚਿਤੱਤਾ ਚਾਹੁੰਦੇ ਹਨ।

ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਆਪਣੀ ਭਾਸ਼ਾ ਵਿੱਚ ਲੈਣ ਲਈ ਐਸ ਬੀ ਐਸ ਡਾਟ ਕਾਮ ਡਾਟ ਏਯੂ ਸਲੈਸ਼ ਕਰੋਨਾਵਾਇਰਸ ਤੇ ਜਾਉ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


Share

Follow SBS Punjabi

Download our apps

Watch on SBS

Punjabi News

Watch now