ਪ੍ਰੀਮੀਅਰ ਵਲੋਂ ਫੈਡਰਲ ਸਰਕਾਰ ਨੂੰ ਮੰਗ ਕਰਦੇ ਹੋਏ ਕਿਹਾ ਗਿਆ ਹੈ ਕਿ ਵਿਦਿਆਰਥੀ ਵੀਜ਼ਿਆਂ ਲਈ ਲੌਂੜੀਂਦੀ ਅੰਗਰੇਜੀ ਦੇ ਪੱਧਰ ਨੂੰ ਹੋਰ ਉੱਚਾ ਚੁੱਕ ਦੇਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਕਈ ਅਜਿਹੇ ਵਿਦਿਆਰਥੀ ਸਟੂਡੈਂਟ ਵੀਜ਼ਿਆਂ ਤੇ ਆਸਟ੍ਰੇਲੀਆ ਆਏ ਹੋਏ ਹਨ ਜਿਨਾਂ ਦੀ ਅੰਗਰੇਜੀ ਚੰਗੀ ਨਾ ਹੋਣ ਕਾਰਨ, ਉਹਨਾਂ ਦੇ ਕੋਰਸਾਂ ਵਿੱਚੋਂ ਪਾਸ ਹੋਣ ਦੀ ਉਮੀਦ ਘੱਟ ਹੀ ਹੈ।
ਇਸ ਸਮੇਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਯੂਨਿਵਰਸਿਟੀਆਂ ਵਿਚ ਦਾਖਲੇ ਲਈ ਲੌੜੀਂਦੀ ਅੰਗਰੇਜੀ ਦੇ ਪੱਧਰ ਦੀ ਸਮੀਖਿਆ ਕਰਨੀ ਚਾਹੀਦੀ ਹੈ ਕਿਉਂਕਿ ਇਸ ਕਾਰਨ ਕਈ ਵਿਦੇਸ਼ੀ ਵਿਦਿਆਰਥੀ ਆਪਣੀ ਪੜਾਈ ਵਿੱਚੋਂ ਪਛੜਦੇ ਜਾ ਰਹੇ ਹਨ। ਵਿਕਟੋਰੀਆ ਦੇ ਪ੍ਰੀਮੀਅਰ ਡੇਨਿਅਲ ਐਂਡਰਿਊਜ਼ ਨੇ ਇਸ ਸਬੰਧ ਵਿੱਚ ਨੈਸ਼ਨਲ ਟਰਸ਼ਰੀ ਐਜੂਕੇਸ਼ਨ ਯੂਨਿਅਨ ਨੂੰ ਇੱਕ ਪਤਰ ਲਿਖਿਆ ਗਿਆ ਹੈ ਅਤੇ ਨਾਲ ਹੀ ਉਹਨਾ ਇਹ ਵੀ ਕਿਹਾ ਹੈ ਕਿ ਉਹ ਮੋਰੀਸਨ ਸਰਕਾਰ ਨੂੰ ਵੀ ਇਸ ਸਬੰਧ ਵਿੱਚ ਬਦਲਾਅ ਲਿਆਉਣ ਲਈ ਕਹਿਣਗੇ।
ਹਾਲੀਆ ਸਮੇਂ ਵਿੱਚ ਆਸਟ੍ਰੇਲੀਆ ਦਾ ਵਿਦਿਆਰਥੀ ਵੀਜ਼ਾ ਹਾਸਲ ਕਰਨ ਵਾਸਤੇ, ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ ਵਿੱਚੋਂ 9 ਵਿੱਚੋਂ 5.5 ਅੰਕ ਲੈਣੇ ਜਰੂਰੀ ਹੁੰਦੇ ਹਨ। ਬਹੁਤ ਸਾਰੀਆਂ ਯੂਨਿਵਰਸਿਟੀਆਂ ਇਸ ਵਾਸਤੇ 6 ਜਾਂ 7 ਅੰਕਾਂ ਦੀ ਮੰਗ ਕਰਦੀਆਂ ਹਨ ਪਰ ਸਰਕਾਰ ਉਹਨਾਂ ਸਾਰੇ ਬਿਨੇਕਾਰਾਂ ਨੂੰ ਵਿਦਿਆਰਥੀ ਵੀਜ਼ੇ ਪ੍ਰਦਾਨ ਕਰ ਦਿੰਦੀ ਹੈ ਜਿਨਾਂ ਨੇ ਇਸ ਵਿੱਚ 4.5 ਅੰਕ ਪ੍ਰਾਪਤ ਕੀਤੇ ਹੁੰਦੇ ਹਨ, ਪਰ ਨਾਲ ਹੀ ਸ਼ਰਤ ਹੁੰਦੀ ਹੈ ਕਿ ਉਹ ਇੱਕ 20 ਹਫਤਿਆਂ ਵਾਲੇ ਤੀਬਰ ਅੰਗਰੇਜੀ ਸਿਖਣ ਵਾਲੇ ਕੋਰਸ ਵਿੱਚ ਦਾਖਲਾ ਵੀ ਜਰੂਰ ਲੈਣ।
ਜਿੱਥੇ ਇਹਨਾਂ ਵਿਦਿਆਰਥੀਆਂ ਲਈ ਇਹ ਅੰਗਰੇਜੀ ਦਾ 20 ਹਫਤਿਆਂ ਵਾਲਾ ਕੋਰਸ ਪਾਸ ਕਰਨਾ ਲਾਜ਼ਮੀ ਰਖਿਆ ਗਿਆ ਹੈ ਉਥੇ ਉਹਨਾਂ ਨੂੰ ਲੈਂਗੂਏਜ ਵਾਲਾ ਟੈਸਟ ਦੁਬਾਰਾ ਨਹੀਂ ਦੇਣਾ ਪੈਂਦਾ। ਵਿਕਟੋਰੀਆ ਦੇ ਉੱਚ ਵਿਦਿਆ ਵਾਸਤੇ ਐਕਟਿੰਗ ਮੰਤਰੀ ਜੇਮਸ ਮੈਰਲੀਨੋ ਨੇ ਇੱਕ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਵਿਦੇਸ਼ੀ ਵਿਦਿਆਰਥੀਆਂ ਦੀ ਸਮਰਥਾ ਨਾਲ ਲੁਕਵਾਂ ਸਮਝੋਤਾ ਕੀਤਾ ਜਾਂਦਾ ਹੈ।
ਪਰ ਇਸ ਦੇ ਨਾਲ ਹੀ ਫੈਡਰਲ ਸਿਖਿਆ ਮੰਤਰੀ ਡਾਨ ਤੀਹਾਨ ਨੇ ਵੀ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਹ ਯੂਨੀਵਰਸਿਟੀਆਂ ਦੀ ਹੀ ਜਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੇ ਸਿਖਿਆਰਥੀਆਂ ਕੋਲ ਢੁੱਕਵਾਂ ਅੰਗਰੇਜੀ ਦਾ ਗਿਆਨ ਜਰੂਰ ਹੋਵੇ।
ਨੈਸ਼ਨਲ ਟਰਸ਼ਰੀ ਐਜੂਕੇਸ਼ਨ ਯੂਨਿਅਨ ਦੀ ਦੇਸ਼ ਵਿਆਪੀ ਪ੍ਰਧਾਨ ਡਾ ਐਲੀਸਨ ਬਾਰਨੇਸ ਨੇ ਵੀ ਆਪਣੇ ਵਿਚਾਰ ਦਿੰਦੇ ਹੋਏ ਕਿਹਾ ਹੈ ਕਿ ਯੂਨਿਵਰਸਟੀਆਂ ਦੇ ਫੰਡਾਂ ਵਿੱਚ ਕੀਤੀ ਗਈ ਕਟੌਤੀ ਕਾਰਨ ਵਿਦਿਆਰਥੀਆਂ ਦੀ ਮਦਦ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਘਟਾਉਣੀ ਪਈ ਹੈ ਅਤੇ ਇਸੇ ਕਾਰਨ ਹਾਲਾਤ ਹੋਰ ਵੀ ਸੰਜੀਦਾ ਹੋ ਗਏ ਹਨ। ਪਰ ਨਾਲ ਹੀ ਉਹਨਾਂ ਇਸ ਗਲ ਦਾ ਵੀ ਸਮਰਥਨ ਕੀਤਾ ਹੈ ਕਿ ਅੰਗਰੇਜੀ ਦੇ ਢੁੱਕਵੇਂ ਗਿਆਨ ਲਈ ਯੂਨਿਵਰਸਟੀਆਂ ਹੀ ਜਿੰਮੇਵਾਰ ਹੋਣੀਆਂ ਚਾਹੀਦੀਆਂ ਹਨ।
ਪਰ ਇੰਟਰਨੈਸ਼ਨਲ ਐਜੂਕੇਸ਼ਨ ਐਸੋਸ਼ਿਏਸ਼ਨ ਆਫ ਆਸਟ੍ਰੇਲੀਆ ਦੇ ਚੀਫ ਐਗਜ਼ੈਕਟਿਵ ਫਿਲ ਹਨੀਵੁੱਡ ਕਹਿੰਦੇ ਹਨ ਕਿ ਯੂਨਿਵਰਸਿਟੀਆਂ ਨੇ ਤਾਂ ਪਹਿਲਾਂ ਹੀ ਅੰਗਰੇਜੀ ਦੇ ਪੱਧਰ ਨੂੰ ਬਹੁਤ ਜਿਆਦਾ ਉੱਚਾ ਰਖਿਆ ਹੋਇਆ ਹੈ।
ਦਾ ਕਾਂਊਂਸਲ ਆਫ ਇੰਟਰਨੈਸ਼ਨਲ ਸਟੂਡੈਂਟਸ ਆਸਟ੍ਰੇਲੀਆ ਦੇ ਵਕਤਾ ਮੈਨਫਰੈਡ ਮੈਟਸਿਨ ਨੇ ਅੰਗਰੇਜੀ ਦੇ ਪੱਧਰ ਦੀ ਸਮੀਖਿਆ ਵਾਲੀ ਮੰਗ ਦਾ ਸਵਾਗਤ ਕੀਤਾ ਹੈ ਅਤੇ ਨਾਲ ਹੀ ਇਹ ਵੀ ਮੰਨਿਆ ਹੈ ਕਿ ਯੂਨਿਵਰਸਿਟੀਆਂ ਨੂੰ ਹੀ ਇਸ ਵਾਸਤੇ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ।
ਐਸਟੋਨੀਆ ਤੋਂ ਆਏ ਸ਼੍ਰੀ ਮੈਟਸਿਨ ਇਸ ਸਮੇਂ ਡਾਰਵਿਨ ਵਿੱਚ ਪੜਾਈ ਕਰ ਰਹੇ ਹਨ। ਇਹਨਾਂ ਦਾ ਬਚਪਨ ਅਤੇ ਸਕੂਲ ਦੀ ਪੜਾਈ ਅੰਗਰਜੀ ਬੋਲਣ ਵਾਲੇ ਮਾਹੋਲ ਵਿੱਚ ਹੀ ਹੋਈ ਸੀ ਇਸ ਲਈ ਇਹਨਾਂ ਨੂੰ ਕਦੀ ਵੀ ਇਹ ਨਹੀਂ ਲੱਗਿਆ ਕਿ ਉਹਨਾਂ ਦੀ ਪੜਾਈ ਦੋਰਾਨ ਅੰਗਰੇਜੀ ਕਾਰਨ ਕੋਈ ਅਸਰ ਪਿਆ ਹੈ। ਪਰ ਉਹ ਇਹ ਜਰੂਰ ਮੰਨਦੇ ਹਨ ਕਿ ਉਹਨਾਂ ਸਾਰੇ ਵਿਦੇਸ਼ੀ ਵਿਦਿਆਰਥੀਆਂ, ਜਿਨਾਂ ਦੀ ਅੰਗਰੇਜੀ ਚੰਗੀ ਨਹੀਂ ਹੁੰਦੀ, ਉਹਨਾਂ ਨੂੰ ਜਰੂਰ ਮੁਸ਼ਕਲਾਂ ਹੋ ਸਕਦੀਆਂ ਹਨ।
ਇੰਟਰਨੈਸ਼ਨਲ ਐਜੂਕੇਸ਼ਨ ਐਸੋਸ਼ਿਏਸ਼ਨ ਆਫ ਆਸਟ੍ਰੇਲੀਆ ਦੇ ਫਿਲ ਹਨੀਵੁੱਡ ਕਹਿੰਦੇ ਹਨ ਕਿ ਇਸ ਮਸਲੇ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਲੋੜੀਂਦੀ ਭੂਮਿਕਾ ਨਿਭਾਉਣ ਦੀ ਲੋੜ ਹੈ।