ਬਹੁਤ ਸਾਰੇ ਪ੍ਰਵਾਸੀਆਂ ਲਈ ਵਿਦੇਸ਼ਾਂ ਵਿੱਚੋਂ ਆਉਣ ਵਾਲੇ 70-ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਪਰਿਵਾਰਕ ਮੈਂਬਰਾਂ ਲਈ ਆਸਟ੍ਰੇਲੀਆ ਪਹੁੰਚਣ ਉੱਤੇ ਸਿਹਤ ਬੀਮਾ ਪ੍ਰਾਪਤ ਕਰਨ ਇੱਕ ਵੱਡੀ ਰੁਕਾਵਟ ਸਾਬਿਤ ਹੋ ਰਿਹਾ ਹੈ।
ਕੁੱਝ ਅਜਿਹੀ ਹੀ ਮੁਸ਼ਕਿਲ ਦਾ ਸਾਹਮਣਾ ਸ਼ੈਪਰਟਨ ਸਥਿਤ ਜਸਲੀਨ ਕੌਰ ਨੇ ਵੀ ਕੀਤਾ।
ਪਿਛਲੇ ਹਫ਼ਤੇ ਉਸਦੇ ਸਹੁਰਾ ਅਤੇ ਸੱਸ ਆਸਟ੍ਰੇਲੀਆ ਵਿੱਚ ਵਸਦੇ ਆਪਣੇ ਤਿੰਨ ਬੱਚਿਆਂ ਨੂੰ ਮਿਲਣ ਲਈ ਭਾਰਤ ਤੋਂ ਇਥੇ ਪਹੁੰਚੇ ਸਨ।
ਸ਼੍ਰੀਮਤੀ ਕੌਰ ਨੇ ਦੱਸਿਆ ਕਿ ਕੋਵਿਡ ਦੇ ਮੁਸ਼ਕਿਲ ਸਮੇਂ ਤੋਂ ਬਾਅਦ ਆਖ਼ਰਕਾਰ ਹੁਣ ਉਨ੍ਹਾਂ ਦੇ ਮਾਪੇ ਆਸਟ੍ਰੇਲੀਆ ਆਉਣ ਦੇ ਯੋਗ ਹੋਏ ਹਨ, ਪਰ ਅਜੇ ਵੀ ਉਹ ਉਨ੍ਹਾਂ ਦੇ ਸਿਹਤ ਬੀਮਾ ਨੂੰ ਲੈਕੇ ਚਿੰਤਤ ਹਨ।
ਉਨ੍ਹਾਂ ਕਿਹਾ ਕਿ ਉਹ ਬੂਪਾ ਅਤੇ ਮੈਡੀਬੈਂਕ ਵਰਗੀਆਂ ਪ੍ਰਮੁੱਖ ਕੰਪਨੀਆਂ ਨਾਲ ਵੀ ਗੱਲ ਕਰ ਚੁੱਕੇ ਹਨ ਪਰ ਕੋਈ ਵੀ ਜ਼ਿਆਦਾ ਉਮਰ ਦੇ ਕਾਰਨ ਉਨ੍ਹਾਂ ਨੂੰ ਕਵਰ ਕਰਨ ਲਈ ਤਿਆਰ ਨਹੀਂ ਹੈ।

ਅਸਲ ਵਿੱਚ ਬਜ਼ੁਰਗ ਮਾਪਿਆਂ ਨੂੰ ਸਿਆਣੀ ਉਮਰ ਦੇ ਚਲਦਿਆਂ ਵਧੇਰੇ ਡਾਕਟਰੀ ਸੰਭਾਲ ਅਤੇ ਹੋਰ ਸੇਵਾਵਾਂ ਦੀ ਲੋੜ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਦੱਸਣਯੋਗ ਹੈ ਕਿ ਸਪੌਂਸਰ ਕਰਨ ਵਾਲੇ ਪਰਿਵਾਰਾਂ ਨੂੰ ਆਪਣੇ ਮਾਪਿਆਂ ਵਾਸਤੇ ਸਿਹਤ ਬੀਮਾ ਅਤੇ ਜੇਬ ਵਿੱਚੋਂ ਬਾਹਰੀ ਖ਼ਰਚਿਆਂ ਦੇ ਭੁਗਤਾਨ ਕਰਨ ਦੇ ਨਾਲ ਕਿਸੇ ਡਾਕਟਰੀ ਸੰਕਟਕਾਲ ਦੌਰਾਨ ਹੋਏ ਖਰਚੇ ਜਾਂ ਕਰਜ਼ੇ ਦੀ ਜ਼ਿੰਮੇਵਾਰੀ ਲੈਣੀ ਪੈਂਦੀ ਹੈ।
ਇਸ ਉਮਰ ਸਮੂਹ ਲਈ ਸਿਹਤ ਕਵਰ ਪ੍ਰਾਪਤ ਕਰਨ ਨੂੰ ਲੈ ਕੇ ਮੁਸ਼ਕਿਲਾਂ ‘ਤੇ ਬੋਲਦਿਆਂ ਸਿਡਨੀ ਸਥਿਤ ਮਾਈਗ੍ਰੇਸ਼ਨ ਏਜੰਟ ਰਾਜਵੰਤ ਸਿੰਘ ਦਾ ਕਹਿਣਾ ਹੈ ਕਿ ਵਿਜ਼ਟਰ ਵੀਜ਼ਾ ਦੀ ਸ਼ਰਤ 8501 ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਵੀਜ਼ਾ ਧਾਰਕ ਨੂੰ ਆਸਟਰੇਲੀਆ ਵਿੱਚ ਰਹਿਣ ਦੀ ਮਿਆਦ ਤੱਕ “ਢੁੱਕਵਾਂ ਸਿਹਤ ਬੀਮਾ” ਬਣਾਈ ਰੱਖਣਾ ਪੈਂਦਾ ਹੈ।
ਸਮੱਸਿਆ ਇਹ ਹੈ ਕਿ ਜ਼ਿਆਦਤਰ ਵੱਡੀਆਂ ਆਸਟਰੇਲੀਆਈ ਕੰਪਨੀਆਂ 70 ਸਾਲ ਜਾਂ ਇਸਤੋਂ ਵੱਡੀ ਉਮਰ ਦੇ ਲੋਕਾਂ ਵਾਸਤੇ 'ਸਿਹਤ ਕਵਰ' ਦੇਣ ਤੋਂ ਇਨਕਾਰੀ ਹਨ।
ਉਨ੍ਹਾਂ ਦਲੀਲ ਦਿੱਤੀ ਕਿ ਬੀਮਾ ਕੰਪਨੀਆਂ ਅਤੇ ਸਰਕਾਰ ਦੇ ਵਿਚਕਾਰ ਤਾਲਮੇਲ ਹੋਣਾ ਚਾਹੀਦਾ ਹੈ ਕਿਉਂਕਿ ਇਹ ਸ਼ਰਤ ਸਰਕਾਰ ਵੱਲੋਂ ਰੱਖੀ ਗਈ ਹੈ।
ਰਾਜਵੰਤ ਸਿੰਘ ਨੇ ਦੱਸਿਆ ਕਿ ਆਸਟ੍ਰੇਲੀਆ ਦੀ ਇੱਕ ਕੰਪਨੀ ਇਸ ਉਮਰ ਵਰਗ ਲਈ ਬੀਮਾ ਕਰ ਰਹੀ ਹੈ ਪਰ ਬੀਮਾ ਲਾਭ ਪ੍ਰਾਪਤ ਕਰਨ ਲਈ ਉਸਤੋਂ ਪਹਿਲਾਂ ਉਡੀਕ ਦੀ ਮਿਆਦ ਲੈਂਡਿੰਗ ਦੇ ਸਮੇਂ ਤੋਂ ਦੋ ਹਫ਼ਤੇ ਹੈ।ਉਨ੍ਹਾਂ ਮੁਤਾਬਕ ਘਰੇਲੂ ਦੇਸ਼ ਤੋਂ ਸਿਹਤ ਕਵਰ ਲੈਣਾ ਹੀ ਇਸ ਸਮੇਂ ਇੱਕੋ ਇੱਕ ਸੰਭਵ ਹੱਲ ਹੈ।
ਉਨ੍ਹਾਂ ਕੁਝ ਭਾਰਤੀ ਕੰਪਨੀਆਂ ਵੱਲੋਂ ਦਿੱਤੇ ਜਾ ਰਹੇ ਨਕਦੀ-ਰਹਿਤ ਬੀਮੇ ਨੂੰ ਵਰਤਣ ਦਾ ਸੁਝਾਅ ਵੀ ਦਿੱਤਾ ਅਤੇ ਪਰਿਵਾਰਾਂ ਨੂੰ ਬੀਮਾ ਖਰੀਦਣ ਤੋਂ ਪਹਿਲਾਂ ਲਾਗਤ ਅਤੇ ਫਾਇਦੇ ਜਿਹੇ ਮਾਪਦੰਡਾਂ ‘ਤੇ ਜ਼ਿਆਦਾ ਧਿਆਨ ਦੇਣ ਨੂੰ ਕਿਹਾ।
ਦੂਜੇ ਪਾਸੇ ਜਸਲੀਨ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਜ਼ੁਰਗ ਮਾਪਿਆਂ ਨੂੰ ਹੁਣ ਦੇਸ਼ ਵਿੱਚ ਆਇਆਂ ਇੱਕ ਹਫ਼ਤਾ ਹੋ ਗਿਆ ਹੈ ਅਤੇ ਉਹ ਅਗਲੇ ਹਫ਼ਤੇ ਤੋਂ ਆਲਾਇੰਜ਼ ਕੰਪਨੀ ਤੋਂ ਬੀਮਾ ਕਰਵਾਉਣਗੇ ਜੋ ਕਿ ਕਵਰ ਪ੍ਰਦਾਨ ਕਰਨ ਵਾਲੀ ਇੱਕੋ-ਇੱਕ ਕੰਪਨੀ ਹੈ।
ਉਨ੍ਹਾਂ ਦਾ ਤੌਖ਼ਲਾ ਹੈ ਕਿ ਆਸਟ੍ਰੇਲੀਆਈ ਨਾਗਰਿਕਾਂ ਅਤੇ ਵਸਨੀਕਾਂ ਦੇ ਬਜ਼ੁਰਗ ਮਾਪਿਆਂ ਨੂੰ ਮੁੱਢਲੇ ਅਧਿਕਾਰਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਜਿਸ ਕਾਰਨ ਉਹ ਆਪਣੀ ਸਿਹਤ ਸੰਭਾਲ ਵਾਸਤੇ ਹਮੇਸ਼ਾਂ ਆਪਣੇ ਪਰਿਵਾਰ ਉੱਤੇ ਹੀ ਨਿਰਭਰ ਰਹਿਣਗੇ।
Read the full story in English

Families desperate to find ‘adequate' health cover for visitor visa holders 70 and over
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।



