ਭਾਵਨਾ ਗੌਤਮ ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਇੱਕ ਦੰਦਾਂ ਦੇ ਡਾਕਟਰ ਵਜੋਂ ਕੰਮ ਕਰ ਰਹੇ ਹਨ।
ਪਰ ਇਸ ਕੰਮ ਦੇ ਨਾਲ਼-ਨਾਲ਼ ਉਹ ਆਪਣੇ ਆਪ ਨੂੰ ਕਿਸੇ ਹੋਰ 'ਮਕਸਦ' ਲਈ ਵੀ ਤਿਆਰ ਕਰਦੇ ਰਹਿੰਦੇ ਹਨ।
"ਮੇਰਾ ਇਹ ਮਕਸਦ ਕਿਸੇ ਦੇ ਕੰਮ ਆਉਣ ਦਾ ਹੈ। ਮੈਂ ਆਪਣੇ ਵਿਚਾਰਾਂ ਅਤੇ ਲੇਖਣੀ ਨਾਲ਼ ਕਿਸੇ ਦੇ ਜੀਵਨ ਵਿਚ ਰੋਸ਼ਨੀ ਭਰਨਾ ਚਾਹੁੰਦੀ ਹਾਂ। ਇਹ ਮੇਰੀ ਖੁਸ਼ਕਿਸਮਤੀ ਹੈ ਕਿ ਲੋਕ ਮੇਰੇ ਵਿਚਾਰਾਂ ਵਿਚੋਂ ਕੋਈ ਸੇਧ ਲੈਂਦੇ ਹਨ ਜਾਂ ਉਨ੍ਹਾਂ ਨੂੰ ਇਸ ਤੋਂ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਹੈ," ਉਨ੍ਹਾਂ ਐੱਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਦੌਰਾਨ ਕਿਹਾ।
"ਹਰ ਜੀਵਨ ਦਾ ਉਦੇਸ਼ ਮਨੁੱਖਤਾ ਹੈ, ਅਤੇ ਇਸ ਮਕਸਦ ਨੂੰ ਪੂਰਾ ਕਰਨ ਲਈ, ਸਾਨੂੰ ਇੱਕ ਵਿਲੱਖਣ ਯੋਗਤਾ ਦਿੱਤੀ ਗਈ ਹੈ। ਜਦੋਂ ਮੈਂ ਆਪਣੀ ਯੋਗਤਾ ਨੂੰ ਮਹਿਸੂਸ ਕੀਤਾ ਤਾਂ ਮੈਨੂੰ ਸਮਝ ਆਈ ਕਿ ਮੈਂ ਆਪਣੇ ਆਪ ਨੂੰ ਸੰਤੁਸ਼ਟ ਕਰਨ ਲਈ ਕੀ ਕਰ ਸਕਦੀ ਹਾਂ। ਇਹ ਮੇਰੇ ਇੱਕ ਲੇਖਕ ਵਜੋਂ ਵਿਕਸਤ ਹੋਣ ਦੀ ਸ਼ੁਰੂਆਤ ਸੀ।"

ਜਲੰਧਰ ਦੇ ਪਿਛੋਕੜ ਵਾਲ਼ੇ ਡਾ ਗੌਤਮ ਨੂੰ ਸੋਸ਼ਲ ਮੀਡਿਆ ਉੱਤੇ ਲਗਭਗ ਤਿੰਨ ਮਿਲੀਅਨ ਲੋਕਾਂ ਵੱਲੋ ਫਾਲੋ ਕੀਤਾ ਜਾ ਰਿਹਾ ਹੈ ਅਤੇ ਇਹ ਗਿਣਤੀ ਨਿਰੰਤਰ ਵੱਧ ਰਹੀ ਹੈ।
"ਜੋ ਵਿਚਾਰ ਮੈਂ ਲਿਖਦੀ ਹਾਂ ਅਤੇ ਸਾਂਝਾ ਕਰਦੀ ਹਾਂ, ਜਾਂ ਤਾਂ ਉਹ ਜ਼ਿੰਦਗੀ ਦੇ ਸਬਕ ਹਨ, ਜੋ ਮੈਂ ਆਪਣੇ ਤਜ਼ਰਬੇ ਅਤੇ ਦੂਜਿਆਂ ਦੇ ਤਜ਼ਰਬਿਆਂ ਦੁਆਰਾ ਸਿੱਖਿਆ ਹੈ, ਜਾਂ ਅੰਦਰੂਨੀ ਮਾਰਗਦਰਸ਼ਨ ਜੋ ਮੈਨੂੰ ਮੇਰੀ ਅੰਤਰ-ਆਤਮਾ ਨਾਲ ਜੋੜਦੇ ਹਨ।"
"ਮੈਂ ਆਪਣੀ ਪੇਸ਼ੇਵਰ ਜ਼ਿੰਦਗੀ ਵਿਚ ਮਰੀਜ਼ਾਂ ਦਾ ਇਲਾਜ ਦਵਾਈ ਨਾਲ ਕਰਦੀ ਹਾਂ, ਪਰ ਆਪਣੀ ਨਿੱਜੀ ਜ਼ਿੰਦਗੀ ਵਿਚ ਲੋਕਾਂ ਨੂੰ ਸ਼ਬਦਾਂ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਆਪਣੀ ਕਿਤਾਬ ਦਾ ਨਾਂ ਵੀ 'ਪਾਵਰ ਆਫ ਥੌਟਸ ਐਂਡ ਇਮੈਜੀਨੇਸ਼ਨ' ਰੱਖਿਆ ਹੈ," ਉਨ੍ਹਾਂ ਕਿਹਾ।
"ਦੂਜਿਆਂ ਦੀ ਸਫਲਤਾ ਨੂੰ ਆਪਣੇ ਲਈ ਸਿੱਖਣ ਦਾ ਅਨੁਭਵ ਬਣਾਓ। ਇੱਕ ਦ੍ਰਿਸ਼ਟੀਕੋਣ ਰੱਖੋ, ਇਹ ਲੱਭੋ ਕਿ ਤੁਸੀਂ ਜੀਵਨ ਵਿੱਚ ਕੀ ਪ੍ਰਾਪਤ ਕਰਦੇ ਹੋ, ਤੁਸੀਂ ਆਪਣੀਆਂ ਕਾਬਲੀਅਤਾਂ ਦੀ ਸਭ ਤੋਂ ਵਧੀਆ ਵਰਤੋਂ ਕਿਵੇਂ ਕਰ ਸਕਦੇ ਹੋ, ਅਤੇ ਆਪਣੇ ਮਨ ਨੂੰ ਈਰਖਾ ਅਤੇ ਸ਼ੰਕਿਆਂ ਤੋਂ ਮੁਕਤ ਕਰੋ। ਇਹ ਸਭ ਕਰਦਿਆਂ ਫਿਰ ਤੁਸੀਂ ਸਫਲਤਾ ਲਈ ਆਪਣਾ ਰਸਤਾ ਖੁਦ ਬਣਾ ਲਵੋਗੇ।"

ਡਾ ਗੌਤਮ ਮੁਤਾਬਿਕ ਸਫਲਤਾ ‘ਪੂਰਤੀ’ ਦੀ ਭਾਵਨਾ ਹੈ - “ਕੁਝ ਲੋਕ ਆਪਣੇ ਕੋਲ ਥੋੜ੍ਹੇ ਜਿਹੇ ਨਾਲ ਵੀ ਪੂਰਾ ਮਹਿਸੂਸ ਕਰ ਸਕਦੇ ਹਨ, ਅਤੇ ਕੁਝ ਲੋਕ ਬਹੁਤ ਕੁਝ ਹੋਣ ਦੇ ਬਾਵਜੂਦ ਵੀ ਪੂਰਾ ਮਹਿਸੂਸ ਨਹੀਂ ਕਰ ਸਕਦੇ ਹਨ। ਕੁਝ ਨੂੰ ਸਫਲ ਮਹਿਸੂਸ ਕਰਨ ਲਈ ਭੌਤਿਕ ਵਿਕਾਸ ਦੀ ਲੋੜ ਹੋ ਸਕਦੀ ਹੈ, ਜਦੋਂ ਕਿ ਕੁਝ ਨੂੰ ਅਧਿਆਤਮਿਕ ਵਿਕਾਸ ਦੀ ਲੋੜ ਹੋ ਸਕਦੀ ਹੈ।
"ਇਸ ਲਈ ਹਰ ਵਿਅਕਤੀ ਲਈ, ਸਫਲਤਾ ਦਾ ਮਤਲਬ ਵੱਖਰਾ ਹੈ। ਇਹ ਜੀਵਨ ਦੇ ਖੇਤਰ ਵਿੱਚ ਵਾਧੇ ਬਾਰੇ ਹੈ ਜੋ ਅੰਦਰੂਨੀ ਸੰਤੁਸ਼ਟੀ ਲਿਆਉਂਦਾ ਹੈ। ਇਹ ਹਮੇਸ਼ਾ ਦੌਲਤ ਅਤੇ ਰੁਤਬਾ ਨਹੀਂ ਹੁੰਦਾ ਪਰ ਇਹ ਚੰਗੇ ਰਿਸ਼ਤੇ, ਮਜ਼ਬੂਤ ਪਰਿਵਾਰਕ ਸਬੰਧ ਅਤੇ ਆਪਣੇ-ਆਪ ਨਾਲ ਜੋੜ-ਜੁੜ੍ਹੱਤ ਤੇ ਚੰਗੇ ਮਾਨਸਿਕ ਵਿਚਾਰ ਨਾਲ਼ ਸੰਭਵ ਹੋ ਸਕਦਾ ਹੈ।"
ਡਾ ਗੌਤਮ ਨਾਲ਼ ਕੀਤੀ ਗੱਲਬਾਤ ਸੁਣਨ ਲਈ ਉੱਪਰ ਦਿੱਤੇ ਆਡੀਓ ਬਟਨ ਉੱਤੇ ਕਲਿਕ ਕਰੋ...




