ਆਪਣੀ ਜਿੱਤ ਦਾ ਸਿਹਰਾ ਆਪਣੇ ਕੋਚ ਮਨੋਜ ਮੁਕੰਦਾ ਨੂੰ ਦਿੰਦਿਆਂ ਉਨ੍ਹਾਂ ਇਸ ਖ਼ਿਤਾਬੀ ਮੁਕਾਬਲੇ ਬਾਰੇ ਹੋਰ ਜਾਣਕਾਰੀ ਵੀ ਦਿੱਤੀ।
"ਮੈਨੂੰ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਮਿਹਨਤ ਰੰਗ ਲਿਆਈ ਤੇ ਮੈਨੂੰ ਸੋਨ ਤਗਮਾ ਜਿੱਤਣ ਦਾ ਸੁਪਨਾ ਸਾਕਾਰ ਕਰਨ ਦਾ ਮੌਕਾ ਮਿਲਿਆ," ਉਨ੍ਹਾਂ ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਦੌਰਾਨ ਆਖਿਆ।
2006 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਉਣ ਪਿੱਛੋਂ ਉਹਨਾਂ ਨੂੰ ਪਰਵਾਸ ਨਾਲ ਜੁੜੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।
"ਰੁਕਾਵਟਾਂ ਤਾਂ ਬਹੁਤ ਸਨ ਪਰ ਮੇਰੇ ਵਿੱਚ ਕੁਝ ਕਰਕੇ ਵਿਖਾਉਣ ਦਾ ਜਜ਼ਬਾ ਵੀ ਸੀ। ਦੂਜੇ ਨਵੇਂ ਆਏ ਪ੍ਰਵਾਸੀਆਂ ਵਾਂਗ ਮੈਨੂੰ ਵੀ ਰੋਜ਼ੀ-ਰੋਟੀ ਤੇ ਆਰਥਿਕ ਮੰਦਹਾਲੀ ਦੇ ਮਸਲੇ ਰਹੇ ਪਰ ਮੈਂ ਕਦੇ ਦਿਲ ਨਹੀਂ ਹਾਰਿਆ।"
"ਫਿੱਟਨੈੱਸ ਮੇਰੇ ਲਈ ਕੋਈ ਮੁਕਾਮ ਨਹੀਂ ਬਲਕਿ ਜ਼ਿੰਦਗੀ ਜਿਓਣ ਦਾ ਇੱਕ ਤਰੀਕਾ ਹੈ। ਇਸ ਲਈ ਇਸ ਨਾਲ਼ ਜੁੜੀ ਹਰ ਚੁਣੌਤੀ ਨਾਲ਼ ਨਿਪਟਣ ਲਈ ਮੈਂ ਹਰ ਕਦਮ ਚੁੱਕਣ ਲਈ ਤਿਆਰ ਸੀ ਤੇ ਮੈਨੂੰ ਖੁਸ਼ੀ ਹੈ ਕਿ ਮੇਰੀ ਮੇਹਨਤ ਤੇ ਲਗਨ ਹੁਣ ਇੱਕ ਸਫਲ ਕਰੀਅਰ ਵਿੱਚ ਤਬਦੀਲ ਹੋ ਗਈ ਹੈ," ਉਨ੍ਹਾਂ ਕਿਹਾ।
ਸਰਬਪ੍ਰੀਤ ਸਿੰਘ ਗਿੱਲ ਨੇ ਬੌਡੀਬਿਲਡਿੰਗ ਦੇ ਖੇਤਰ ਵਿੱਚ ਨਾਮਣਾ ਖੱਟਦਿਆਂ ਕਈ ਮੁਕਾਬਲੇ ਜਿੱਤੇ ਹਨ। Credit: Supplied
"ਇਹ ਇੱਕ ਲੰਬਾ ਸਫ਼ਰ ਹੈ ਜੋ ਨਿਰੰਤਰ ਜਾਰੀ ਰਹਿਣਾ ਹੈ .... ਮੈਂ ਮਹਿਸੂਸ ਕਰਦਾ ਹਾਂ ਕਿ ਇਹ ਮੇਰੀ ਮਾਂ ਦੀ ਸਿੱਖਿਆ ਤੇ ਆਸ਼ੀਰਵਾਦ ਅਤੇ ਮੇਰੀ ਪਤਨੀ ਦੇ ਸਾਥ ਤੇ ਹੌਂਸਲਾ-ਅਫ਼ਜਾਈ ਸਦਕਾ ਹੀ ਸੰਭਵ ਹੋ ਸਕਿਆ ਹੈ।
ਸਰਬਪ੍ਰੀਤ ਸਿੰਘ ਗਿੱਲ ਨੇ ਐਸ ਬੀ ਐਸ ਨਾਲ਼ ਇੰਟਰਵਿਊ ਦੌਰਾਨ ਫਿਟਨੈੱਸ-ਖੇਤਰ ਨਾਲ਼ ਜੁੜੇ ਕਈ ਸਵਾਲਾਂ ਦੇ ਜੁਆਬ ਦਿੱਤੇ। Credit: Photo by Preetinder Grewal/SBS Punjabi
"ਮੈਨੂੰ ਉਨ੍ਹਾਂ ਲੋਕਾਂ ਨੂੰ ਗਾਈਡ ਕਰ ਕੇ ਖੁਸ਼ੀ ਮਿਲਦੀ ਹੈ ਜੋ ਤੰਦਰੁਸਤੀ ਦੇ ਹਰ ਪੱਖ ਨੂੰ ਅਪਣਾਉਣਾ ਚਾਹੁੰਦੇ ਹਨ। ਉਨ੍ਹਾਂ ਦੀ ਸਿਹਤਯਾਬੀ ਜਾਂ ਸਰੀਰਕ ਤੰਦਰੁਸਤੀ ਦੇ ਗੋਲ ਮੈਨੂੰ ਆਪਣੇ-ਆਪਣੇ ਲੱਗਦੇ ਹਨ ਤੇ ਇਹੀ ਕਾਰਨ ਹੈ ਕਿ ਮੈਂ ਇਸ ਖੇਤਰ ਵਿੱਚ ਹੋਰ ਵੀ ਸ਼ਿੱਦਤ ਨਾਲ਼ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹਾਂ," ਉਨ੍ਹਾਂ ਕਿਹਾ।
ਇਸ ਇੰਟਰਵਿਊ ਦੌਰਾਨ ਉਨ੍ਹਾਂ ਆਪਣੇ ਭਾਈਚਾਰੇ ਦੀਆਂ ਔਰਤਾਂ ਨੂੰ ਵੀ ਫਿਟਨੈੱਸ-ਖੇਤਰ ਵਿੱਚ ਅੱਗੇ ਆਉਣ ਲਈ ਪ੍ਰੇਰਿਆ ਅਤੇ ਜਿੱਮ ਸੈਸ਼ਨ ਤੇ ਸਰੀਰਕ ਸਿਖਲਾਈ ਨਾਲ਼ ਜੁੜੇ ਕਈ ਸਵਾਲਾਂ ਦੇ ਜੁਆਬ ਦਿੱਤੇ।
ਪੂਰੇ ਵੇਰਵੇ ਲਈ ਉਨ੍ਹਾਂ ਨਾਲ਼ ਕੀਤੀ ਇਹ ਆਡੀਓ ਇੰਟਰਵਿਊ ਸੁਣੋ.....