77 ਵਰਿਆਂ ਦੇ ਬਿਸ਼ਨ ਸਿੰਘ ਬੇਦੀ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ। ਖੇਡ ਦੇ ਮੈਦਾਨ ਵਿੱਚ ਅਨੇਕਾਂ ਵਾਰ ਜਿੱਤ ਹਾਸਿਲ ਕਰਨ ਵਾਲੇ ਬੇਦੀ 23 ਅਕਤੂਬਰ ਸੋਮਵਾਰ ਨੂੰ ਆਖਰ ਜ਼ਿੰਦਗੀ ਦੀ ਬਾਜੀ ਹਾਰ ਗਏ। ਬੇਦੀ ਦੇ ਅਕਾਲ ਚਲਾਣੇ ਨਾਲ ਨਾ ਸਿਰਫ ਉਨ੍ਹਾਂ ਦੀ ਪਤਨੀ ਅੰਜੂ, ਦੋ ਬੱਚੇ ਨੇਹਾ ਅਤੇ ਅੰਗਦ ਨੂੰ ਵੱਡਾ ਘਾਟਾ ਪਿਆ ਹੈ, ਬਲਕਿ ਭਾਰਤੀ ਕ੍ਰਿਕਟ ਜਗਤ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ।
ਭਾਰਤ-ਪਾਕਿ ਵੰਡ ਤੋਂ ਇੱਕ ਸਾਲ ਪਹਿਲਾਂ ਸਾਲ 25 ਸਿਤੰਬਰ 1946 ਨੂੰ ਅਮ੍ਰਿਤਸਰ ਵਿਖੇ ਜਨਮੇ ਬਿਸ਼ਨ ਸਿੰਘ ਬੇਦੀ 15 ਸਾਲ ਦੀ ਉਮਰ ਵਿੱਚ ਹੀ ਪ੍ਰਤਿਭਾਸ਼ਾਲੀ ਸਪਿੰਨਰ ਵਜੋਂ ਉੱਭਰ ਕੇ ਸਾਹਮਣੇ ਆ ਗਏ ਸਨ। ਸ਼੍ਰੀ ਬੇਦੀ ਨੇ 1966 ਤੋਂ ਲੈ ਕੇ 1979 ਤੱਕ ਇੰਟਰਨੈਸ਼ਨਲ ਕ੍ਰਿਕਟ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।
ਬਿਸ਼ਨ ਸਿੰਘ ਬੇਦੀ ਨੇ ਆਪਣੇ ਇੰਟਰਨੈਸ਼ਨਲ ਕੈਰੀਅਰ ਦੀ ਸ਼ੁਰੂਆਤ 31 ਦਸੰਬਰ 1966 ਨੂੰ ਕੋਲਕਾਤਾ ਦੇ ਇਤਿਹਾਸਕ ਸਟੇਡੀਅਮ ਈਡਨ ਗਾਰਡਨ ਵਿਖੇ ਟੈਸਟ ਮੈਚ ਨਲ ਕੀਤੀ ਸੀ।
ਕਿਸੇ ਵੀ ਹੋਰ ਭਾਰਤੀ ਕ੍ਰਿਕਟਰ ਦੇ ਮੁਕਾਬਲੇ, ਸ਼੍ਰੀ ਬੇਦੀ ਨੇ ਆਪਣੇ ਸ਼ਾਨਦਾਰ ਕੈਰੀਅਰ ਵਿੱਚ 1560 ਵਿਕਟਾਂ ਹਾਸਲ ਕੀਤੀਆਂ। ਸ਼੍ਰੀ ਬੇਦੀ ਜਦੋਂ ਬੈਟਿੰਗ ਲਈ ਪਿੱਚ ਉਤੇ ਉਤਰਦੇ ਸਨ ਤਾਂ ਉਨ੍ਹਾਂ ਦੇ ਚੌਕੇ-ਛਿੱਕੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੰਦੇ ਸਨ। ਸ਼੍ਰੀ ਬੇਦੀ ਨੇ 1979 ਵਿੱਚ ਕੇਨਿੰਗਟਨ ਓਵਲ ਵਿੱਚ ਇੰਗਲੈਂਡ ਦੇ ਖਿਲਾਫ ਭਾਰਤ ਲਈ ਆਪਣਾ ਅੰਤਮ ਅੰਤਰਰਾਸ਼ਟਰੀ ਪ੍ਰਦਰਸ਼ਨ ਰਿਕਾਰਡ ਕੀਤਾ। ਉਹਨਾਂ ਨੇ ਆਪਣੀ ਸੰਨਿਆਸ ਦੇ ਸਮੇਂ 28.71 ਦੀ ਸ਼ਾਨਦਾਰ ਗੇਂਦਬਾਜ਼ੀ ਔਸਤ ਪ੍ਰਾਪਤ ਕੀਤੀ।
ਹਾਲਾਂਕਿ ਸ਼੍ਰੀ ਬੇਦੀ ਨੇ ਵਨਡੇ ਕ੍ਰਿਕਟ ਵਿੱਚ ਸਿਰਫ 10 ਮੈਚ ਖੇਡੇ ਹਨ, ਪਰ ਉਸ ਨੂੰ 50 ਓਵਰਾਂ ਦੇ ਫਾਰਮੈਟ ਵਿੱਚ ਭਾਰਤ ਦੀ ਪਹਿਲੀ ਜਿੱਤ ਲਈ ਮਾਰਗਦਰਸ਼ਕ ਦੇ ਤੌਰ ਉਤੇ ਯਾਦ ਕੀਤਾ ਜਾਵੇਗਾ ਕਿਉਂਕਿ ਭਾਰਤ ਨੇ 1975 ਦੇ ਵਿਸ਼ਵ ਕੱਪ ਵਿੱਚ ਪੂਰਬੀ ਅਫਰੀਕਾ ਨੂੰ ਸਿਰਫ਼ 120 ਦੌੜਾਂ 'ਤੇ ਆਊਟ ਕਰ ਦਿੱਤਾ ਸੀ ।
ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ਉਤੇ ਨਾ ਸਿਰਫ ਕ੍ਰਿਕਟ ਜਗਤ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ ਸਗੋਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਟਵੀਟ ਰਾਹੀਂ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਕ੍ਰਿਕਟ ਲਈ ਬੇਦੀ ਦਾ ਜਨੂੰਨ ਅਤੇ ਯੋਗਦਾਨ ਬੇਹੱਦ ਅਹਿਮ ਹੈ। ਬੇਦੀ ਆਉਣ ਵਾਲੀਆਂ ਪੀੜੀਆਂ ਨੂੰ ਲਗਾਤਾਰ ਪ੍ਰੇਰਿਤ ਕਰਦੇ ਰਹਿਣਗੇ।ਨਰੇਂਦਰ ਮੋਦੀ, ਭਾਰਤ ਦੇ ਪ੍ਰਧਾਨ ਮੰਤਰੀ
ਖੇਡ ਮੈਦਾਨ ਉਤੇ ਖੁਦ ਚੰਗਾ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਸ਼੍ਰੀ ਬੇਦੀ, ਭਾਰਤ ਦੇ ਪਹਿਲੇ ਪੇਸ਼ੇਵਰ ਮੁੱਖ ਕੋਚ ਸਨ। ਉਨ੍ਹਾਂ 1990 ਵਿੱਚ ਭਾਰਤੀ ਟੀਮ ਦਾ ਪ੍ਰਬੰਧਨ ਕੀਤਾ ਸੀ, ਅਤੇ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ, ਪੰਜਾਬ ਨੇ 1992-93 ਦੇ ਸੀਜ਼ਨ ਵਿੱਚ ਆਪਣੀ ਪਹਿਲੀ ਅਤੇ ਇਕਲੌਤੀ ਰਣਜੀ ਟਰਾਫੀ ਵਿੱਚ ਜਿੱਤ ਦਰਜ ਕੀਤੀ।