ਹੈਪਾਟਾਈਟਸ ਬੀ ਯਾਨਿ ਕਿ ਲੀਵਰ ਦਾ ਸੁਜ ਜਾਣਾਂ ਜਾਂ ਖਰਾਬ ਹੋਣਾ। ਇਸ ਸਮੇਂ ਆਸਟ੍ਰੇਲੀਆ ਭਰ ਵਿਚ ਇਸ ਬਿਮਾਰੀ ਤੋਂ ਜਾਗਰੂਕ ਕਰਨ ਹਿਤ ਅਕਤੂਬਰ ਦਾ ਲਗਭਗ ਸਾਰਾ ਮਹੀਨਾ ਹੀ ਇਸ ਵਾਸਤੇ ਡੈਡੀਕੇਟ ਕੀਤਾ ਗਿਆ ਹੈ।
ਵੈਸੇ ਤਾਂ ਹੈਪਾਟਾਈਟਸ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ – ਏ, ਬੀ ਅਤੇ ਸੀ। ਇਹਨਾਂ ਤਿੰਨਾਂ ਦੇ ਕਾਰਨ, ਅਸਰ ਅਤੇ ਇਲਾਜ ਵੀ ਵੱਖੋ ਵਖਰੇ ਹਨ। ਪਰ ਅਜ ਗਲ ਕਰਾਂਗੇ ਹੈਪ-ਬੀ ਦੀ।
ਕਾਰਨ ਅਤੇ ਇਲਾਜ ਜਾਨਣ ਤੋਂ ਪਹਿਲਾਂ ਇਸ ਦੇ ਆਂਕੜਿਆਂ ਤੇ ਇਕ ਨਜਰ; ਸਾਲ 2016 ਦੇ ਆਂਕੜਿਆਂ ਮੁਤਾਬਕ, ਸੰਸਾਰ ਭਰ ਵਿਚ ਤਕਰੀਬਨ 257 ਮਿਲਿਅਨ ਲੋਕ ਹੈਪ ਬੀ ਤੋਂ ਪ੍ਰਭਾਵਤ ਹਨ। ਇਕੱਲੇ ਸਾਲ 2016 ਵਿਚ ਹੀ 1.34 ਮਿਲਿਅਨ ਲੋਕਾਂ ਨੇ ਇਸ ਬਿਮਾਰੀ ਕਾਰਨ ਜਾਨ ਗਵਾਈ। ਆਸਟ੍ਰੇਲੀਆ ਵਾਲੇ ਵੀ ਆਂਕੜੇ ਵੀ ਕੋਈ ਸੁਖਾਵੇਂ ਨਹੀਂ ਹਨ, ਤਕਰੀਬਨ 234,000 ਲੋਕ ਇਸ ਤੋਂ ਪ੍ਰਭਾਵਤ ਹਨ। ਪਹਿਲੀਆਂ ਦਸ ਬਿਮਾਰੀਆਂ ਜਿਨਾਂ ਕਰਕੇ ਮੋਤਾਂ ਹੋ ਰਹੀਆਂ ਹਨ, ਵਿੱਚ ਹੈਪ-ਬੀ, ਚੋਥੇ ਨੰਬਰ ਤੇ ਆਉਂਦਾ ਹੈ। ਹੈਪ ਬੀ ਦੀਆਂ ਵੀ ਦੋ ਕਿਸਮਾਂ ਨੇ, ਪਹਿਲੀ ਆਮ ਅਤੇ ਦੂਜੀ ਤੀਬਰ। ਆਮ ਜਾਂ ਹਲਕੀ ਕਿਸਮ ਦੀ ਹੈਪ-ਬੀ ਦਾ ਸਮੇਂ ਸਿਰ ਪਤਾ ਲਗਾਉਣਾ ਅਤੇ ਇਸ ਦਾ ਉਚਿਤ ਇਲਾਜ ਲੈਣਾ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਅਜਿਹਾ ਨਾ ਹੋਣ ਕਾਰਨ ਹੀ ਇਹ ਹੈਪ-ਬੀ ਤੀਬਰ ਵਿਚ ਤਬਦੀਲ ਹੋ ਜਾਂਦਾ ਹੈ ਜੋ ਕਿ ਮਾਰੂ ਕਿਸਮ ਹੁੰਦੀ ਹੈ।
ਹੁਣ ਜਾਣਦੇ ਹਾਂ ਕਿ ਇਹ ਨਾ-ਮੁਰਾਦ ਬਿਮਾਰੀ, ਹੁੰਦੀ ਕਿਹੜੇ ਕਾਰਨਾਂ ਕਰਕੇ ਹੈ?
ਹੈਪ-ਬੀ ਦੇ ਪ੍ਰਮੁਖ ਕਾਰਨ ਹਨ, ਸ਼ਰੀਰ ਦੇ ਤਰਲ ਪਦਾਰਥਾਂ, ਜਿਵੇਂ ਕਿ ਖੂਨ, ਵੀਰਜ਼ ਜਾਂ ਥੁੱਕ ਆਦਿ, ਦੁਆਰਾ ਇਕ ਸ਼ਰੀਰ ਤੋਂ ਦੂਜੇ ਸ਼ਰੀਰ ਵਿਚ ਜਾਣਾ। ਜੇਹੜੇ ਬਚਿਆਂ ਨੂੰ ਛੋਟੀ ਉਮਰ ਵਿਚ ਹੀ ਹਲਕੀ ਕਿਸਮ ਦੀ ਹੈਪ-ਬੀ ਇੰਨਫੈਕਸ਼ਨ ਹੋ ਜਾਂਦੀ ਹੈ ਉਹਨਾਂ ਨੂੰ ਹੀ ਜਿਆਦਾ ਤਰ ਵੱਡੇਰੀ ਉਮਰ ਵਿਚ ਜਾ ਕੇ ਇਹ ਬਿਮਾਰੀ ਦੁਬਾਰਾ ਘੇਰ ਲੈਂਦੀ ਹੈ। ਕਈ ਵਾਰ ਜਣੇਪੇ ਸਮੇਂ ਮਾਵਾਂ ਕੋਲੋਂ ਬਾਲਾਂ ਨੂੰ ਇਹ ਇੰਨਫੈਕਸ਼ਨ ਹੋ ਜਾਂਦੀ ਹੈ, ਕਈ ਦੇਸ਼ਾਂ ਵਿਚ ਰੇਜ਼ਰ ਬਲੇਡਾਂ ਨਾਲ ਇਹ ਇਕ ਤੋਂ ਦੂਜੇ ਸ਼ਰੀਰ ਵਿਚ ਚਲੀ ਜਾਂਦੀ ਹੈ, ਅਤੇ ਜਿਹੜੇ ਲੋਕ ਨਸ਼ਿਆਂ ਦਾ ਇਸਤੇਮਾਲ ਕਰਦੇ ਹਨ, ਉਹਨਾਂ ਵਿਚ ਤਾਂ ਇਹ ਸੂਈਆਂ ਦੀ ਬਦੋਲਤ ਬਹੁਤ ਹੀ ਆਮ ਫੈਲ ਜਾਂਦੀ ਹੈ।
ਹੈਪ-ਬੀ ਹੋਣ ਕਾਰਨ, ਲੀਵਰ ਬਹੁਤ ਖਰਾਬ ਹੋ ਜਾਂਦਾ ਹੈ ਅਤੇ ਕਈ ਕੇਸਾਂ ਵਿਚ ਤਾਂ ਇਹ ਕੈਂਸਰ ਦਾ ਰੂਪ ਵੀ ਧਾਰਨ ਕਰ ਜਾਂਦਾ ਹੈ।
ਹੈਪ-ਬੀ ਦਾ ਪਤਾ ਖੂਨ ਦੇ ਟੈਸਟਾਂ ਦੁਆਰਾ ਕੀਤਾ ਜਾਂਦਾ ਹੈ। ਪਰ ਸਾਰੇ ਖੂਨ ਟੈਸਟ ਆਮ ਕਰਕੇ ਹੈਪਾਟਾਈਟੇਸ ਬੀ ਦਾ ਪਤਾ ਨਹੀਂ ਚਲਾ ਸਕਦੇ ਇਸ ਲਈ ਜਰੂਰੀ ਹੈ ਕਿ ਤੁਹਾਡਾ ਜੀਪੀ ਇਸ ਵਾਸਤੇ ਖਾਸ ਕਿਸਮ ਦੇ ਖੂਨ ਟੈਸਟ ਕਰਵਾਉਣ ਦੀ ਸਿਫਾਰਸ਼ ਕਰੇ। ਇਸ ਬਿਮਾਰੀ ਦੇ ਲਛਣਾਂ ਵਿਚ, ਹਰ ਸਮੇਂ ਥਕਾਵਟ ਦਾ ਮਹਿਸੂਸ ਹੋਣਾ, ਭਾਰੀ ਪਨ ਮਹਿਸੂਸ ਕਰਨਾਂ ਅਤੇ ਕੁਝ ਵੀ ਖਾਣ ਦਾ ਚਿਤ ਨਾਂ ਕਰਨਾਂ, ਪੇਟ ਦੇ ਸੱਜੇ ਪਾਸੇ, ਉਪਰ ਵਲ ਜਿਥੇ ਕਿ ਲੀਵਰ ਹੁੰਦਾ ਹੈ, ਵਿਚ ਦਰਦ ਮਹਿਸੂਸ ਹੋਣਾ, ਜੋੜਾਂ ਵਿਚ ਦਰਦ ਸ਼ੁਰੂ ਹੋਣਾ ਆਦਿ ਸ਼ਾਮਲ ਹਨ। ਪਰ ਪੂਰਾ ਪਤਾ ਸਹੀ ਕਿਸਮ ਦੇ ਖੂਨ ਟੈਸਟਾਂ ਦੁਆਰਾ ਹੀ ਹੁੰਦਾ ਹੈ।
ਇਹ ਬਿਮਾਰੀ ਹੋ ਜਾਣ ਦੀ ਸੂਰਤ ਵਿਚ ਬਹੁਤ ਜਰੂਰੀ ਹੈ ਕਿ ਇਸ ਦੀ ਸਹੀ ਦਵਾਈ ਦਾ ਸੇਵਨ ਕਰਨਾਂ। ਬੇਸ਼ਕ ਦਵਾਈਆਂ ਇਸ ਨੂੰ ਜੜੋਂ ਤਾਂ ਨਹੀਂ ਕਢ ਸਕਦੀਆਂ ਪਰ ਫੇਰ ਵੀ ਇਸ ਦੀ ਪ੍ਰਗਤੀ ਨੂੰ ਬਹੁਤ ਠਲ ਪਾ ਸਕਦੀਆਂ ਹਨ ਅਤੇ ਨਾਲ ਹੀ ਖਰਾਬ ਹੋ ਚੁਕੇ ਲੀਵਰ ਨੂੰ ਕਾਫੀ ਹਦ ਤਕ ਦਰੁਸਤ ਵੀ ਕਰ ਸਕਦੀਆਂ ਹਨ।
ਜਿਆਦਾ ਜਾਣਕਾਰੀ ਅਤੇ ਕਿਸੇ ਵੀ ਕਿਸਮ ਦੀ ਮਦਦ ਲੈਣ ਵਾਸਤੇ ਆਸਟ੍ਰੇਲੀਆ ਹੈਪਟਾਈਟਸ ਦੀ ਨੈਸ਼ਨਲ ਹੈਲਪ ਲਾਈਨ ਉਤੇ ਫੋਨ ਕਰੋ 1300 437 222 jW www.HepatitisAustralia.com ਉਤੇ ਜਾਉ।
Other stories on SBS Punjabi

Names of famous Indians used in alleged $500,000 credit card fraud