2022-2023 ਵਿੱਚ ਲਾਗੂ ਕੀਤੀ ਜਾਣ ਵਾਲੀ ਇਮੀਗ੍ਰੇਸ਼ਨ ਨੀਤੀ ਅਤੇ ਵੀਜ਼ਾ ਤਬਦੀਲੀਆਂ ਸਬੰਧੀ ਜਾਣਕਾਰੀ ਹਾਸਿਲ ਕਰਨ ਲਈ ਐਸ.ਬੀ.ਐਸ. ਪੰਜਾਬੀ ਵੱਲੋਂ ਮਾਈ ਮਾਈਗ੍ਰੇਸ਼ਨ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਏਜੰਟ ਨੇਹਾ ਠਾਕੁਰ ਨਾਲ ਗੱਲਬਾਤ ਕੀਤੀ ਗਈ।
ਸ਼੍ਰੀਮਤੀ ਠਾਕੁਰ ਨੇ ਦੱਸਿਆ ਕਿ ਗ੍ਰੈਜੂਏਟ ਵਰਕ ਸਟ੍ਰੀਮ ਨੂੰ ਪਹਿਲਾਂ ਬਿਨੈਕਾਰਾਂ ਨੂੰ ਮੱਧਮ ਅਤੇ ਲੰਬੇ ਸਮੇਂ ਦੇ ਰਣਨੀਤਕ ਹੁਨਰਾਂ ਦੀ ਸੂਚੀ ਵਿੱਚ ਇੱਕ ਕਿੱਤੇ ਨੂੰ ਨਾਮਜ਼ਦ ਕਰਨ ਦੀ ਲੋੜ ਹੁੰਦੀ ਸੀ, ਉਹਨਾਂ ਕੋਲ ਉਸ ਕਿੱਤੇ ਨਾਲ ਜੁੜੀ ਡਿਗਰੀ ਜਾਂ ਯੋਗਤਾ ਅਤੇ ਇੱਕ ਸਬੰਧਿਤ ਮੁਲਾਂਕਣ ਅਥਾਰਟੀ ਦੁਆਰਾ ਮਲਾਂਕਣ ਯੋਗ ਹੁਨਰ ਹੋਣਾ ਲੋੜੀਂਦਾ ਸੀ।
ਪਰ ਇਹ ਸ਼ਰਤਾਂ 2022-2023 ਵਿੱਚ ਫਾਈਲਾਂ ਦਰਜ ਕਰਵਾਉਣ ਵਾਲਿਆਂ ਲਈ ਹਟਾ ਦਿੱਤੀਆਂ ਜਾਣਗੀਆਂ। ਹਾਲਾਂਕਿ ਸ੍ਰੀਮਤੀ ਠਾਕੁਰ ਦਾ ਕਹਿਣਾ ਹੈ ਕਿ ਜੇਕਰ ਮੌਜੂਦਾ ਲੇਬਰ ਦੀ ਘਾਟ ਵਿੱਚ ਸੁਧਾਰ ਨਹੀਂ ਹੁੰਦਾ ਤਾਂ ਅਜਿਹੀ ਸੂਰਤ ਵਿੱਚ ਰਿਆਇਤ ਦੀ ਮਿਆਦ ਵਿਧਾਨਿਕ ਤੌਰ ‘ਤੇ ਵਧਾਈ ਵੀ ਜਾ ਸਕਦੀ ਹੈ।
ਸ਼੍ਰੀਮਤੀ ਠਾਕੁਰ ਦਾ ਮੰਨਣਾ ਹੈ ਕਿ ਕਿੱਤੇ ਦੀ ਨਾਮਜ਼ਦਗੀ ਅਤੇ ਹੁਨਰ ਮੁਲਾਂਕਣ ਦੀਆਂ ਲੋੜਾਂ ਹਟਾਉਣ ਨਾਲ ਹੋਰ ਅੰਤਰਰਾਸ਼ਟਰੀ ਵੋਕੇਸ਼ਨਲ ਐਂਡ ਟਰੇਨਿੰਗ ਗ੍ਰੈਜੂੲਟਾਂ ਨੂੰ ਆਸਟ੍ਰੇਲੀਆ ਵਿੱਚ ਲੰਬੇ ਸਮੇਂ ਤੱਕ ਰਹਿਣ ਅਤੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਡਿਪਲੋਮਾ ਅਤੇ ਵਪਾਰਕ ਯੋਗਤਾਵਾਂ ਵਾਲੇ ਗ੍ਰੈਜੂਏਟਾਂ ਦੀ ਵਿਸ਼ਾਲ ਸ਼੍ਰੇਣੀ ਲਈ ਵੀਜ਼ਾ ਸਟ੍ਰੀਮ ਵੀ ਖੁੱਲ ਜਾਵੇਗੀ ਜੋ ਕਿ ਸੂਚੀ ‘ਚ ਸ਼ਾਮਿਲ ਹੁਨਰਮੰਦ ਕਿੱਤਿਆਂ ਨਾਲ ਨੇੜਿਓਂ ਸਬੰਧਿਤ ਨਹੀਂ ਹਨ।

ਵੀਜ਼ਾ ਅਰਜ਼ੀਆਂ ਦੀ ਫੀਸ ਵਿੱਚ 3 ਫੀਸਦ ਵਾਧਾ:
ਆਸਟ੍ਰੇਲੀਅਨ ਸਰਕਾਰ 1 ਜੁਲਾਈ 2022 ਤੋਂ ਜ਼ਿਆਦਾਤਰ ਵੀਜ਼ਾ ਅਰਜ਼ੀਆਂ ਦੀਆਂ ਫੀਸਾਂ ਵਿੱਚ 3 ਫੀਸਦ ਦਾ ਵਾਧਾ ਕਰ ਰਹੀ ਹੈ। ਸ਼੍ਰੀਮਤੀ ਠਾਕੁਰ ਨੇ ਦੱਸਿਆ ਕਿ ਫੀਸ ਵਿੱਚ ਕਿੰਨਾ ਫਰਕ ਆਇਆ ਹੈ ਇਹ ਵੀਜ਼ਾ ਪ੍ਰਾਈਸ ਐਸਟੀਮੇਟਰ ਉੱਤੇ ਚੈਕ ਕੀਤਾ ਜਾ ਸਕਦਾ ਹੈ।
ਰਿਪਲੇਸਮੈਂਟ ਜਾ ਬਦਲੀ ਵੀਜ਼ਾ:
ਕੌਵਿਡ-19 ਅੰਰਰਾਸ਼ਟਰੀ ਯਾਤਰਾ ਪਾਬੰਦੀਆਂ ਦੁਆਰਾ ਪ੍ਰਭਾਵਿਤ ਮੌਜੂਦਾ ਅਤੇ ਸਾਬਕਾ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ ਲਈ ਅਸਥਾਈ ਗ੍ਰੈਜੂਏਟ ਵੀਜ਼ਾ ਦੀ ਸਟ੍ਰੀਮ ਬਦਲਣ ਲਈ 1 ਜੁਲਾਈ 2022 ਤੋਂ ਅਰਜ਼ੀਆਂ ਖੋਲੀਆਂ ਜਾਣਗੀਆਂ।
ਇਸਦੇ ਯੋਗ ਹੋਣ ਲਈ ਇੱਕ ਅਸਥਾਈ ਵੀਜ਼ਾ ਹੋਣਾ ਲਾਜ਼ਮੀ ਹੈ ਅਤੇ ਜਾਂ ਫਿਰ ਇਸਦੀ ਮਿਆਦ 1 ਫਰਵਰੀ 2020 ਨੂੰ ਜਾਂ ਇਸ ਤੋਂ ਬਾਅਦ ਖਤਮ ਹੋ ਗਈ ਹੋਣੀ ਚਾਹੀਦੀ ਹੈ।
ਇਸ ‘ਤੇ ਗੱਲਬਾਤ ਕਰਦਿਆਂ ਸ਼੍ਰੀਮਤੀ ਠਾਕੁਰ ਨੇ ਦੱਸਿਆ ਕਿ ਨਵੇਂ ਪੋਸਟ ਗ੍ਰੈਜੂਏਟ ਉਮੀਦਵਾਰਾਂ ਨੂੰ ਤਿੰਨ ਸਾਲਾਂ ਦਾ ਰਿਪਲੇਸਮੈਂਟ ਵੀਜ਼ਾ ਅਤੇ ਗ੍ਰੈਜੂਏਟ ਉਮੀਦਵਾਰਾਂ ਨੂੰ ਦੋ ਸਾਲਾਂ ਦਾ ਰਿਪਲੇਸਮੈਂਟ ਵੀਜ਼ਾ ਮਿਲੇਗਾ।
ਮੈਲਬੌਰਨ ਦੇ ਮਾਈਗ੍ਰੇਸ਼ਨ ਮਾਹਿਰ ਜੁਝਾਰ ਬਾਜਵਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗਾਹਕ ਆਸਟ੍ਰੇਲੀਆ ਵਿੱਚ ਲੰਬੇ ਸਮੇਂ ਤੱਕ ਰਹਿਣ ਦੇ ਨਵੇਂ ਮੌਕਿਆਂ ਦੀ ਖ਼ਬਰ ਤੋਂ ਬਹੁਤ ਖੁਸ਼ ਹਨ।
ਸ਼੍ਰੀਮਾਨ ਬਾਜਵਾ ਦਾ ਕਹਿਣਾ ਹੈ ਕਿ ਅਸਥਾਈ ਗ੍ਰੈਜੂਏਟ ਵੀਜ਼ਿਆਂ ਦੀ ਧਾਰਾ ਹਜ਼ਾਰਾਂ ਪ੍ਰਭਾਵਿਤ ਗ੍ਰੈਜੂਏਟਾਂ ਦੀ ਮਦਦ ਕਰੇਗੀ ਜੋ ਸਰਹੱਦ ਬੰਦ ਹੋਣ ਕਾਰਨ ਆਪਣੀ ਰਿਹਾਇਸ਼ ਦੀ ਮਿਆਦ ਗੁਆ ਚੁੱਕੇ ਹਨ ਅਤੇ ਜੋ ਲੋਕ 1 ਫਰਵਰੀ 2020 ਤੋਂ 14 ਦਸੰਬਰ 2021 ਤੱਕ ਆਸਟ੍ਰੇਲੀਆ ਤੋਂ ਬਾਹਰ ਹਨ, ਉਹ ਇਸ ਮੌਕੇ ਦਾ ਲਾਭ ਉਠਾ ਸਕਣਗੇ।
ਅਸਥਾਈ ਹੁਨਰ ਦੀ ਘਾਟ ਲਈ ਵੀਜ਼ਾ:
ਸ਼੍ਰੀ ਬਾਜਵਾ ਨੇ ਦੱਸਿਆ ਕਿ ਟੈਂਪਰਾਰੀ ਸਕਿੱਲ ਸ਼ਾਰਟੇਜ਼ ਉਪ-ਕਲਾਸ 482 ਵੀਜ਼ਾ ਧਾਰਕ ਜਿੰਨ੍ਹਾਂ ਨੇ ਮਹਾਂਮਾਰੀ ਦੌਰਾਨ ਕੰਮ ਕੀਤਾ ਸੀ, ਉਨ੍ਹਾਂ ਲਈ ਸਥਾਈ ਨਿਵਾਸ ਲਈ ਅਰਜ਼ੀ ਦੇਣਾ ਹੁਣ ਆਸਾਨ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਹੁਨਰ ਦੀ ਘਾਟ ਦੇ ਵੀਜ਼ਾ ਧਾਰਕ ਆਰਜ਼ੀ ਰਿਹਾਇਸ਼ੀ ਤਬਦੀਲੀ ਸਬਕਲਾਸ 186 ਰੁਜ਼ਗਾਰਦਾਤਾ ਨਾਮਜ਼ਦਗੀ ਸਕੀਮ ਰਾਹੀਂ ਪੀ.ਆਰ. ਲਈ ਅਰਜ਼ੀ ਦੇ ਸਕਦੇ ਹਨ।
ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਵਿਦਿਆਰਥੀ ਖੇਤਰ ‘ਤੇ ਕੀ ਪ੍ਰਭਾਵ ਪਵੇਗਾ ?
ਹਰ ਸਾਲ 1 ਜੁਲਾਈ ਨੂੰ, ਆਸਟ੍ਰੇਲੀਆ ਦਾ ਮਾਈਗ੍ਰੇਸ਼ਨ ਪ੍ਰੋਗਰਾਮ ਰੀਸੈੱਟ ਹੁੰਦਾ ਹੈ, ਜਿਸ ਨਾਲ ਵਿਦੇਸ਼ੀ ਪ੍ਰਵਾਸੀਆਂ ਲਈ ਨਵੇਂ ਮੌਕੇ ਉਪਲਬਧ ਹੁੰਦੇ ਹਨ। ਮਾਈਗ੍ਰੇਸ਼ਨ ਪ੍ਰੋਗਰਾਮ ਦਾ ਆਕਾਰ ਹਰ ਸਾਲ ਆਸਟ੍ਰੇਲੀਆਈ ਸਰਕਾਰ ਦੀ ਬਜਟ ਪ੍ਰਕਿਰਿਆ ਦੇ ਨਾਲ ਤੈਅ ਕੀਤਾ ਜਾਂਦਾ ਹੈ।
ਸ਼੍ਰੀਮਾਨ ਬਾਜਵਾ ਨੇ ਕਿਹਾ ਕਿ ਸਰਕਾਰ ਨੇ ਲਗਭਗ ਸਾਰੀਆਂ ਉਪ-ਕਲਾਸਾਂ ਵਿੱਚ ਸਥਾਨ ਵਧਾ ਦਿੱਤੇ ਹਨ। ਉਦਾਹਰਨ ਲਈ, ਉਪ-ਕਲਾਸ 189 ਵਿੱਚ ਸੀਟਾਂ 6,500 ਤੋਂ ਵਧਾ ਕੇ 16,000 ਤੋਂ ਵੱਧ ਕੀਤੀਆਂ ਜਾਣਗੀਆਂ, ਅਤੇ ਉਪ-ਕਲਾਸ 491 ਲਈ, ਸੀਟਾਂ ਲਗਭਗ 11,000 ਤੋਂ ਵਧਾ ਕੇ 25,000 ਤੋਂ ਵੱਧ ਕੀਤੀਆਂ ਗਈਆਂ ਹਨ।
ਨੌਕਰੀ ਲਈ ਤਿਆਰ ਪ੍ਰੋਗਰਾਮ ਵਿੱਚ ਬਦਲਾਅ
1 ਜੁਲਾਈ 2022 ਤੋਂ, ਜੌਬ ਰੈਡੀ ਪ੍ਰੋਗਰਾਮ ਚਾਰ ਕਦਮਾਂ ਵਾਲੇ ਪ੍ਰੋਗਰਾਮ ਤੋਂ ਤਿੰਨ ਪੜਾਅ ਵਾਲੇ ਪ੍ਰੋਗਰਾਮ ਵਿੱਚ ਤਬਦੀਲ ਹੋ ਜਾਵੇਗਾ।
ਜੇ.ਆਰ.ਪੀ. ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਪ੍ਰੋਗਰਾਮ ਹੈ ਜਿਨ੍ਹਾਂ ਨੇ ਆਸਟ੍ਰੇਲੀਆ ਵਿੱਚ ਆਪਣੀ ਪੜ੍ਹਾਈ ਦੌਰਾਨ ਰਜਿਸਟਰਡ ਟ੍ਰੇਨਿੰਗ ਆਰਗੇਨਾਈਜ਼ੇਸ਼ਨ ਦੁਆਰਾ ਜਾਰੀ ਕੀਤੀ ਯੋਗਤਾ ਪੂਰੀ ਕੀਤੀ ਹੈ।
ਬਾਜਵਾ ਨੇ ਕਿਹਾ ਕਿ ਪ੍ਰੋਵੀਜ਼ਨਲ ਸਕਿੱਲ ਅਸੈਸਮੈਂਟ, ਜਿੱਥੇ ਬਿਨੈਕਾਰ ਨੂੰ 360 ਘੰਟੇ ਪੂਰੇ ਕਰਨੇ ਪੈਂਦੇ ਸਨ, ਨੂੰ ਹਟਾ ਦਿੱਤਾ ਜਾਵੇਗਾ, ਜਿਸ ਨਾਲ ਕਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਮੇਂ ਅਤੇ ਪੈਸੇ ਦੀ ਬਚਤ ਹੋਵੇਗੀ।
“30 ਜੂਨ 2022 ਤੋਂ ਬਾਅਦ ਨਾਜ਼ੁਕ ਤਬਦੀਲੀਆਂ ਕਾਰਨ ਆਰਜ਼ੀ ਹੁਨਰ ਮੁਲਾਂਕਣ ਲਈ ਇੱਕ ਨਵੀਂ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।
1 ਜੁਲਾਈ ਤੋਂ ਨਵੀਂ ਪ੍ਰਕਿਰਿਆ ਅਧੀਨ ਜੇ.ਆਰ.ਪੀ. ਪ੍ਰੋਗਰਾਮ ਰਜਿਸਟ੍ਰੇਸ਼ਨ ਅਤੇ ਯੋਗਤਾ ਵਿਕਲਪ ਦੁਆਰਾ ਆਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।
ਬਾਜਵਾ ਨੇ ਸਮਝਾਇਆ ਕਿ ਬਿਨੈਕਾਰਾਂ ਨੂੰ ਜੇ.ਆਰ.ਈ. ਦੀ ਸ਼ੁਰੁਆਤੀ ਮਿਤੀ ਤੋਂ ਘੱਟੋ ਘੱਟ 12 ਕੈਲੰਡਰ ਮਹੀਨਿਆਂ ਵਿੱਚ ਆਪਣੇ ਨਾਮਜ਼ਦ ਕਿੱਤੇ ਵਿੱਚ ਘੱਟੋ ਘੱਟ 1,725 ਘੰਟੇ ਦਾ ਭੁਗਤਾਨ ਕੀਤਾ ਰੁਜ਼ਗਾਰ ਪੂਰਾ ਕਰਨਾ ਚਾਹੀਦਾ ਹੈ।
ਇਮੀਗ੍ਰੇਸ਼ਨ ਅਪਡੇਟਸ 'ਤੇ ਅੰਤਿਮ ਝਾਤ ਪਾਉਂਦੇ ਹੋਏ ਬਾਜਵਾ ਨੇ ਕਿਹਾ ਕਿ ਇਸ ਵਿੱਤੀ ਸਾਲ 'ਚ ਆਸਟ੍ਰੇਲੀਆ 'ਚ ਹੁਨਰ ਦੀ ਕਮੀ ਨੂੰ ਪੂਰਾ ਕਰਨ ਲਈ ਸਥਾਈ ਨਿਵਾਸ ਦੇ ਰਸਤੇ ਨੂੰ ਸੁਚਾਰੂ ਬਣਾਉਣ ਲਈ ਨੀਤੀ 'ਚ ਬਦਲਾਅ ਕੀਤੇ ਗਏ ਹਨ।
ਇਹ ਸਮੱਗਰੀ ਸਿਰਫ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹੈ ਅਤੇ ਪੇਸ਼ੇਵਰ ਸਲਾਹਕਾਰਾਂ ਨਾਲ ਸਲਾਹ-ਮਸ਼ਵਰੇ ਦੇ ਬਦਲ ਵਜੋਂ ਨਹੀਂ ਵਰਤੀ ਜਾ ਸਕਦੀ।
ਪੂਰੀ ਜਾਣਕਾਰੀ ਪੰਜਾਬੀ ਵਿੱਚ ਸੁਣਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।







