ਡਿਜੀਟਲ ਪ੍ਰਾਪਰਟੀ ਪੋਰਟਲ ਡੋਮੇਨ ਨੇ ਆਸਟ੍ਰੇਲੀਆ ਵਿੱਚ ਘਰਾਂ ਦੀਆਂ ਕੀਮਤਾਂ ਬਾਰੇ ਆਪਣੀ ਤਾਜ਼ਾ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।
ਇਹ ਦਰਸਾਉਂਦੀ ਹੈ ਕਿ ਘਰ ਖਰੀਦਣ ਦੀ ਲਾਗਤ ਪਿਛਲੀ ਤਿਮਾਹੀ ਵਿੱਚ 4.9 ਪ੍ਰਤੀਸ਼ਤ ਘਟੀ ਹੈ।
ਪਰ ਡੋਮੇਨ ਵਿਖੇ ਖੋਜ ਅਤੇ ਅਰਥ ਸ਼ਾਸਤਰ ਦੇ ਮੁਖੀ, ਡਾਕਟਰ ਨਿਕੋਲਾ ਪਾਵੇਲ ਦਾ ਕਹਿਣਾ ਹੈ ਕਿ ਕੀਮਤਾਂ ਅਜੇ ਵੀ ਕੋਵਿਡ -19 ਮਹਾਂਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹਨ।
ਡਾਕਟਰ ਪਾਵੇਲ ਦਾ ਕਹਿਣਾ ਹੈ ਕਿ ਇਹ ਘਰ ਵੇਚਣ ਵਾਲਿਆਂ ਉੱਤੇ ਖ਼ਾਸ ਪ੍ਰਭਾਵ ਨਹੀਂ ਪਾਉਂਦਾ ਪਰ ਕਿਰਾਏਦਾਰਾਂ ਲਈ ਇਹ ਬੁਰੀ ਖ਼ਬਰ ਹੈ।
'ਪ੍ਰੋਪ ਟ੍ਰੈਕ' ਵਿਖੇ ਆਰਥਿਕ ਖੋਜ ਦੇ ਨਿਰਦੇਸ਼ਕ, ਕੈਮਰਨ ਕੁਸ਼ਰ ਦਾ ਕਹਿਣਾ ਹੈ ਕਿ ਇੱਕ ਪਾਸੇ ਘਰਾਂ ਦੀਆਂ ਕੀਮਤਾਂ ਘੱਟ ਰਹੀਆਂ ਹਨ ਪਰ ਦੂਜੇ ਪਾਸੇ ਕਿਰਾਏ ਵਿੱਚ ਕੋਈ ਕਮੀ ਨਹੀਂ ਆਈ ਹੈ।
ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਮਾਰਕਿਟ ਵਿੱਚ ਨਿਵੇਸ਼ਕਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਜ਼ਿਆਦਾਤਰ ਮਾਲਕ ਏਅਰ ਬੀ-ਐਨ-ਬੀ ਵਰਗੇ ਥੋੜ੍ਹੇ ਸਮੇਂ ਦੇ ਕਿਰਾਏ ਦੇ ਵਿਕਲਪਾਂ ਦਾ ਰੁਖ਼ ਕਰ ਰਹੇ ਹਨ।
ਫੈਡਰਲ ਸਰਕਾਰ ਦੇ ਨਵੇਂ ਬਜਟ ਵਿੱਚ $10-ਬਿਲੀਅਨ ਹਾਊਸਿੰਗ ਆਸਟ੍ਰੇਲੀਆ ਫਿਊਚਰ ਫੰਡ ਦੇ ਹਿੱਸੇ ਵਜੋਂ, 30,000 ਨਵੇਂ ਸਮਾਜਿਕ ਅਤੇ ਕਿਫਾਇਤੀ ਨਿਵਾਸ ਸ਼ਾਮਲ ਹਨ।
ਆਸਟ੍ਰੇਲੀਅਨ ਗੱਠਜੋੜ ਦਾ ਕਹਿਣਾ ਹੈ ਕਿ ਇਸ ਯੋਜਨਾ ਤਹਿਤ ਉਹ ਬੇਘਰੀ ਦੀ ਸਮੱਸਿਆ ਘੱਟ ਹੋਣ ਦੀ ਉਮੀਦ ਕਰ ਰਿਹਾ ਹੈ।




