‘ਸੈਕਸ਼ੂਅਲ ਹੈਲਥ’ ਇੱਕ ਵਿਅਕਤੀ ਦੇ ਜੀਵਨ ਦੀ ਤੰਦਰੁਸਤੀ ਦਾ ਮਹੱਤਵਪੂਰਣ ਹਿੱਸਾ ਹੈ। ਇਸਨੂੰ ਸੈਕਸ ਜਾਂ ਗਰਭ-ਅਵਸਥਾ ਦੇ ਨਾਲ ਨਹੀਂ ਜੋੜਿਆ ਜਾ ਸਕਦਾ ਹੈ।
ਇੱਕ ਬੱਚਾ ਜਦੋਂ ਬਾਲਗਤਾ ਦੀ ਉਮਰ ਵਿੱਚ ਪਰਵੇਸ਼ ਕਰਦਾ ਹੈ ਤਾਂ ਉਹਨਾਂ ਤਬਦੀਲੀਆਂ, ਸਾਫ਼-ਸਫ਼ਾਈ, ਕਿਸੇ ਨਾਲ ਨੇੜ੍ਹਤਾ ਜਾਂ ਪਿਆਰ ਦੀਆਂ ਭਾਵਨਾਵਾਂ ਦੌਰਾਨ ਵਿਕਾਸ ਦੇ ਬਹੁਤ ਸਾਰੇ ਪਹਿਲੂ ਹੁੰਦੇ ਹਨ ਜਿੰਨ੍ਹਾਂ ਬਾਰੇ ਸਿੱਖਿਅਤ ਕਰਨ ਨੂੰ ਸੈਕਸ-ਐਜੂਕੇਸ਼ਨ ਕਿਹਾ ਜਾਂਦਾ ਹੈ।
ਇਸ ਨਾਲ ਪੌਜ਼ਟਿਵ ਅਤੇ ਕਾਮਯਾਬ ਰਿਸ਼ਤੇ ਕਾਇਮ ਰੱਖਣ ਵਿੱਚ ਵੀ ਸਹਾਇਤਾ ਮਿਲਦੀ ਹੈ।
ਪ੍ਰੀਸਕੂਲ ਤੋਂ ਲੈ ਕੇ 12ਵੇਂ ਸਾਲ ਦੇ ਅੰਤ ਤੱਕ ਸਾਰੇ ਆਸਟ੍ਰੇਲੀਅਨ ਸਕੂਲਾਂ ਵਿੱਚ ‘ਸੈਕਸ-ਐਜੂਕੇਸ਼ਨ’ ਦਿੱਤੀ ਜਾਂਦੀ ਹੈ। ਰਾਸ਼ਟਰੀ ਸਿਲੇਬਸ ਬਾਲ ਵਿਕਾਸ ਸਿਧਾਂਤ ਉੱਤੇ ਅਧਾਰਿਤ ਹੈ। ਇਹ ਵਿਅਕਤੀ ਦੇ ਸਰੀਰਕ, ਭਾਵਨਾਤਮਕ ਅਤੇ ਮਨੋਵਿਗਿਆਨਕ ਪੜ੍ਹਾਵਾਂ ਦੌਰਾਨ ਉਸਦੀ ਸਹਾਇਤਾ ਲਈ ਜ਼ਰੂਰੀ ਮੰਨ੍ਹੇ ਜਾਂਦੇ ਹਨ।
ਰੇਨੀ ਵੈਸਟ ਨਿਊ ਸਾਊਥ ਵੇਲਜ਼ ਸਿੱਖਿਆ ਵਿਭਾਗ ਵਿੱਚ ਸੈਕੰਡਰੀ ਸਕੂਲਿੰਗ ਸਲਾਹਕਾਰ ਹਨ। ਉਹਨਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਪਾਠਕ੍ਰਮ ਨੂੰ ਅੰਤਰਰਾਸ਼ਟਰੀ ਵਿਗਿਆਨਕ ਮਾਪਦੰਡਾਂ ਅਨੁਸਾਰ ਤਿਆਰ ਕੀਤਾ ਗਿਆ ਹੈ।
ਕਿੰਡਰਗਾਰਟਨ ਵਿੱਚ, ਬੱਚੇ ਸਰੀਰ ਦੇ ਅੰਗਾਂ ਦੇ ਸਹੀ ਨਾਮ ਸਿੱਖਣ ਨਾਲ ਸ਼ੁਰੂ ਕਰਦੇ ਹਨ। ਜਿਉਂ-ਜਿਉਂ ਉਹ ਵੱਡੇ ਹੁੰਦੇ ਜਾਂਦੇ ਹਨ, ਪਾਠ ਗਰਭ ਧਾਰਨ ਅਤੇ ਗਰਭ ਅਵਸਥਾ ਵੱਲ ਵਧਦੇ ਹਨ।
ਜਿਵੇਂ ਕਿ ਵਿਦਿਆਰਥੀ ਕਿਸ਼ੋਰਾਂ ਵਜੋਂ ਵਧੇਰੇ ਭਾਵਨਾਤਮਕ ਪਰਿਪੱਕਤਾ 'ਤੇ ਪਹੁੰਚਦੇ ਹਨ, ਉਨ੍ਹਾਂ ਨੂੰ ਰਿਸ਼ਤੇ, ਸਹਿਮਤੀ, ਅਤੇ ਨੇੜਤਾ ਦੇ ਆਲੇ ਦੁਆਲੇ ਵਧੇਰੇ ਗੁੰਝਲਦਾਰ ਵਿਸ਼ੇ ਸਿਖਾਏ ਜਾਂਦੇ ਹਨ।

ਸ਼੍ਰੀਮਤੀ ਵੈਸਟ ਦਾ ਕਹਿਣਾ ਹੈ ਕਿ ਅਧਿਆਪਕਾਂ ਨੂੰ ਭਾਈਚਾਰਿਆਂ ਦੀ ਵਿਭਿੰਤਾ ਅਤੇ ਸ਼ਮੂਲੀਅਤ ਦਾ ਸੰਤੁਲਨ ਬਣਾਉਂਦੇ ਹੋਏ ਪਾਠਕ੍ਰਮ ਨੂੰ ਆਪਣੇ ਸਕੂਲ ਦੇ ਸੱਭਿਆਚਾਰ ਅਤੇ ਧਾਰਮਿਕ ਸੰਦਰਭ ਦੇ ਹਿਸਾਬ ਨਾਲ ਢਾਲਣਾ ਪੈਂਦਾ ਹੈ।
ਨਿਊ ਸਾਊਥ ਵੇਲਜ਼ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸੈਕਸ-ਸਬੰਧਤ ਵਿਸ਼ਿਆਂ ਬਾਰੇ ਪੜ੍ਹਾਉਣ ਤੋਂ ਪਹਿਲਾਂ ਉਹਨਾਂ ਦੇ ਮਾਪਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਕਿਹੜੇ ਮੁੱਦਿਆਂ ਉੱਤੇ ਚਰਚਾ ਕੀਤੀ ਜਾਵੇਗੀ। ਆਮ ਤੌਰ ਉੱਤੇ ਇਹ ਅਜਿਹੇ ਮੁੱਦੇ ਹੁੰਦੇ ਹਨ ਜਿੰਨ੍ਹਾਂ ਬਾਰੇ ਘਰਾਂ ਵਿੱਚ ਚਰਚਾ ਨਹੀਂ ਕੀਤੀ ਜਾਂਦੀ।
ਡਾਕਟਰ ਮੈਗੇਲੀ ਬਾਰੈਰਾ 30 ਸਾਲਾਂ ਤੋਂ ਆਸਟ੍ਰੇਲੀਆ ਦੇ ਸਭ ਤੋਂ ਜ਼ਿਆਦਾ ਬਹੁ-ਸੱਭਿਆਚਰਕ ਉਨਗਰਾਂ ਵਿੱਚੋਂ ਇੱਕ, ਪੱਛਮੀ ਸਿਡਨੀ ਵਿੱਚ ਇੱਕ ਜੀ.ਪੀ ਵਜੋਂ ਕੰਮ ਕਰ ਰਹੇ ਹਨ। ਬਾਲ ਰੋਗਾਂ ਦੀ ਸਿਹਤ ਦੇ ਮਾਹਰ ਡਾ. ਬਾਰੈਰਾ ਦਾ ਕਹਿਣਾ ਹੈ ਕਿ ਅਕਸਰ ਜ਼ਿਆਦਤਰ ਕਿਸ਼ੋਰ ਡਾਕਟਰੀ ਸਲਾਹ ਲੈਣ ਲਈ ਇਕੱਲੇ ਹੀ ਆਉਂਦੇ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਉਹ ਘਰ ਵਿੱਚ ਸੈਕਸ ਬਾਰੇ ਗੱਲ ਨਹੀਂ ਕਰ ਸਕਦੇ।
ਡਾ: ਬਾਰੈਰਾ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨਾਲ ਜਿਨਸੀ ਸਿਹਤ ਬਾਰੇ ਚਰਚਾ ਕਰਨ ਲਈ ਉਦੋਂ ਹੀ ਆਉਂਦੇ ਹਨ ਜਦੋਂ ਉਹ ਵਿਕਾਸ ਦੇ ਮੀਲਪੱਥਰ 'ਤੇ ਪਹੁੰਚ ਜਾਂਦੇ ਹਨ।

ਤਾਂ, ਮਾਪੇ ਕਿਹੜੇ ਭਰੋਸੇਯੋਗ ਸਰੋਤਾਂ ਤੱਕ ਪਹੁੰਚ ਕਰ ਸਕਦੇ ਹਨ? - ਡੇਰੇਕ ਮੈਕਕੋਰਮਕ, ਰਾਈਜ਼ਿੰਗ ਚਿਲਡਰਨ ਨੈਟਵਰਕ ਦੇ ਡਾਇਰੈਕਟਰ ਹਨ, ਇਹ ਸਰਕਾਰ ਦੁਆਰਾ ਫੰਡ ਪ੍ਰਾਪਤ ਸੁਤੰਤਰ ਸੰਸਥਾ ਹੈ ਜੋ ਔਨਲਾਈਨ ਪਾਲਣ-ਪੋਸ਼ਣ ਸਰੋਤਾਂ ਨੂੰ ਵਿਕਸਤ ਕਰਦੀ ਹੈ।
ਰਾਈਜ਼ਿੰਗ ਚਿਲਡਰਨ ਵੈੱਬਸਾਈਟ 'ਤੇ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਨਾਲ ਜਿਨਸੀ ਸਿਹਤ ਬਾਰੇ ਉਮਰ-ਮੁਤਾਬਕ ਗੱਲਬਾਤ ਕਰਨ ਬਾਰੇ ਮਾਰਗਦਰਸ਼ਨ ਕਰਨ ਲਈ ਵਿਆਪਕ ਸਰੋਤ ਉਪਲਬਧ ਹਨ।
