ਹਾਲ ਹੀ ਦੇ ਇੱਕ ਡਾਟਾ ਤੋਂ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ਦੇ ਲੋਕ ਵਿਸ਼ਵ ਦੇ ਤੀਜੇ ਸਭ ਤੋਂ ਵੱਡੇ ਕੂੜਾ ਉਤਪਾਦਕ ਹਨ ਅਤੇ ਇਸਦਾ ਜ਼ਿਆਦਾਤਰ ਕੂੜਾ ਲੈਂਡਫਿਲ ਵਿੱਚ ਜਾਂਦਾ ਹੈ।
ਇਸ ਵਿੱਚ ਸਥਾਨਕ ਕੌਂਸਲਾਂ ਵੱਲੋਂ ਹਾਰਡ ਵੇਸਟ ਕਲੈਕਸ਼ਨ ਸੇਵਾਵਾਂ ਰਾਹੀਂ ਇਕੱਠੀਆਂ ਕੀਤੀਆਂ ਗਈਆਂ ਅਣਚਾਹੀਆਂ ਘਰੇਲੂ ਵਸਤੂਆਂ ਵੀ ਸ਼ਾਮਲ ਹਨ।
ਅਲੇਜਾਂਡਰਾ ਲੈਕਲੇਟ ਆਸਟ੍ਰੇਲੀਆ ਦੀ ਇੱਕ ਨਾਨ-ਪ੍ਰੋਫਿਟ ਵਾਤਾਵਰਣ ਸੰਸਥਾ, ਪਲੈਨਟ ਆਰਕ ਵਿੱਚ ਸੀਨੀਅਰ ਰੀਸਾਈਕਲਿੰਗ ਮੁਹਿੰਮ ਪ੍ਰਬੰਧਕ ਹੈ।
ਉਸਦਾ ਕਹਿਣਾ ਹੈ ਕਿ ਸਖ਼ਤ ਕੂੜੇ ਦੀ ਸ਼੍ਰੇਣੀ ਵਜੋਂ ਇਕੱਠੀਆਂ ਕੀਤੀਆਂ ਗਈਆਂ ਜ਼ਿਆਦਾਤਰ ਵਸਤੂਆਂ ਨੂੰ ਰੀਸਾਇਕਲ ਨਾ ਕੀਤੇ ਜਾਣ ਦੇ ਇੱਕ ਕਾਰਨਾਂ ਵਿੱਚੋਂ ਫਰਨੀਚਰ ਦੀ ਉਦਾਹਰਣ ਲਈ ਜਾ ਸਕਦੀ ਹੈ।
ਸਿਡਨੀ ਦੀ ਬਲੈਕਟਾਊਨ ਸਿਟੀ ਕਾਉਂਸਿਲ ਪੂਰੇ ਆਸਟ੍ਰੇਲੀਆ ਵਿੱਚ ਉਹਨਾਂ ਵਿੱਚੋਂ ਇੱਕ ਹੈ ਜੋ ਉਹਨਾਂ ਘਰੇਲੂ ਵਸਤੂਆਂ ਲਈ ਹਾਰਡ ਵੇਸਟ ਕੁਲੈਕਸ਼ਨ ਸਰਵਿਸ ਚਲਾਉਂਦੀ ਹੈ ਜਿੰਨ੍ਹਾਂ ਨੂੰ ਮੁੜ ਤੋਂ ਵਰਤਿਆ ਜਾਂ ਰੀਸਾਈਕਲ ਨਹੀਂ ਕੀਤਾ ਜਾ ਸਕਦਾ। ਇਸ ਸੇਵਾ ਲਈ ਉਹ ਪੂਰੇ ਇਲਾਕੇ ਵਿੱਚ ਕੁਲੈਕਸ਼ਨ ਕਰਨ ਦੀ ਬਜਾਏ ਬੁਕਿੰਗ ਪ੍ਰਣਾਲੀ ਦੀ ਵਰਤੋਂ ਕਰਦੇ ਹਨ।
'ਹਾਰਡ ਵੇਸਟ ਰਿਮੂਵਲ ਸਰਵਿਸ' ਬੁੱਕ ਕਰਦੇ ਸਮੇਂ ਨਿਵਾਸੀਆਂ ਨੂੰ ਕੁੱਝ ਸ਼ਰਤਾਂ ਦੀ ਪਾਲਣਾ ਕਰਨ ਦੀ ਲੋੜ ਹੁੰਦੀ ਹੈ ਜਿਸ ਵਿੱਚ ਕੂੜੇ ਦੀ ਮਾਤਰਾ ਅਤੇ ਕਿਸਮ ਅਤੇ ਨਿਪਟਾਰੇ ਦੇ ਤਰੀਕਿਆਂ ਸਬੰਦੀ ਸੀਮਾਵਾਂ ਸ਼ਾਮਲ ਹੁੰਦੀਆਂ ਹਨ।
ਹਰ ਇੱਕ ਕੌਂਸਲ ਦੇ ਨਿਯਮ ਵੱਖ ਵੱਖ ਹੋ ਸਕਦੇ ਹਨ ਇਸ ਲਈ ਆਪਣੀ ਸਿਟੀ ਕੌਂਸਲ ਨਾਲ ਜਾਂਚ ਕਰਨਾ ਸਭ ਤੋਂ ਵਧੀਆ ਸੁਝਾਅ ਹੁੰਦਾ ਹੈ ਕਿਉਂਕਿ ਕਿਸੇ ਪ੍ਰਕਾਰ ਦੀ ਗਲ਼ਤੀ ਕਾਰਨ ਤੁਹਾਨੂੰ ਜ਼ੁਰਮਾਨਾ ਵੀ ਹੋ ਸਕਦਾ ਹੈ।
ਇੱਕਠੀਆਂ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਸੂਚੀ ਹਰ ਕੌਂਸਲ ਵਿੱਚ ਵੱਖੋ-ਵੱਖਰੀ ਹੋ ਸਕਦੀ ਹੈ।
ਉਸਾਰੀ ਸਮੱਗਰੀ ਸਮੇਤ, ਕੁਝ ਵਸਤੂਆਂ ਨੂੰ ਹਾਰਡ ਵੇਸਟ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ।
ਵਿਕਟੋਰੀਆ ਉਹਨਾਂ ਅਧਿਕਾਰਤ ਖੇਤਰਾਂ ਵਿੱਚੋਂ ਇੱਕ ਹੈ ਜਿਥੇ ਲੈਂਡਫਿੱਲ ਵਿੱਚ ਸੁੱਟੇ ਜਾਂਦੇ ਕੂੜੇ ਵਿੱਚ 'ਈ-ਵੇਸਟ' ਸ਼ਾਮਲ ਨਹੀਂ ਕੀਤਾ ਜਾਂਦਾ, ਕਿਉਂਕਿ ਇਸ ਵਿੱਚ ਖ਼ਤਰਨਾਕ ਸਮੱਗਰੀ ਹੁੰਦੀ ਹੈ। ਇਸਦਾ ਮਤਲਬ ਹੈ ਕਿ ਵਿਕਟੋਰੀਆ ਰਾਜ ਦੀਆਂ ਕੌਂਸਲਾਂ ਆਪਣੇ ਹਾਰਡ ਵੇਸਟ ਕਲੈਕਸ਼ਨ ਵਿੱਚ ਉਦੋਂ ਤੱਕ 'ਈ-ਵੇਸਟ' ਸਵੀਕਾਰ ਨਹੀਂ ਕਰ ਸਕਦੀਆਂ ਜਦੋਂ ਤੱਕ ਇਸ ਸਬੰਧੀ ਉਹਨਾਂ ਦੀ ਵੈੱਬਸਾਈਟ ਉੱਤੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ।

ਹਾਰਡ ਵੇਸਟ ਕਲੈਕਸ਼ਨ ਵਿੱਚ ਪੇਂਟ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ। ਅਣਚਾਹੇ ਪੇਂਟ ਅਤੇ ਇਸਦੀ ਪੈਕੇਜਿੰਗ ਦੇ ਨਿਪਟਾਰੇ ਲਈ ਦੇਸ਼ ਵਿਆਪੀ ਮੁਫਤ ਸੇਵਾ ‘ਪੇਂਟਬੈਕ’ ਦੀ ਮਦਦ ਲਈ ਜਾ ਸਕਦੀ ਹੈ।
ਰਾਜ ਅਤੇ ਪ੍ਰਦੇਸ਼ ਵੀ ਜ਼ਹਿਰੀਲੀਆਂ ਘਰੇਲੂ ਵਸਤੂਆਂ ਦੇ ਸੁਰੱਖਿਅਤ ਨਿਪਟਾਰੇ ਲਈ ਮੁਫਤ ਪ੍ਰੋਗਰਾਮ ਚਲਾਉਂਦੇ ਹਨ, ਜਿਸ ਵਿੱਚ ਰਸਾਇਣ ਸ਼ਾਮਲ ਹੁੰਦੇ ਹਨ।
ਘਰ ਦੇ ਬਾਹਰ ਹਾਰਡ ਵੇਸਟ ਸੁੱਟਣਾ ਅਤੇ ਕੁੱਝ ਲੋਕਾਂ ਵੱਲੋਂ ਇਸ ਨੂੰ ਵਰਤੇ ਜਾਣ ਨੂੰ ਲੈ ਕੇ ਕੁੱਝ ਕੌਂਸਲਾ ਦਾ ਸਖ਼ਤ ਰਵੱਈਆ ਹੈ ਅਤੇ ਬਹੁਤ ਲੋਕਾਂ ਨੂੰ ਇਸ ਨਿਯਮ ਦੀ ਉਲੰਘਣਾ ਕਰਨ ਉੱਤੇ ਜ਼ੁਰਮਾਨੇ ਵੀ ਭਰਨੇ ਪਏ ਹਨ। ਇਸ ਲਈ ਹਮੇਸ਼ਾਂ ਆਪਣੇ ਇਲਾਕੇ ਦੇ ਨਿਯਮਾਂ ਬਾਰੇ ਪੂਰੀ ਜਾਂਚ ਕਰੋ।
ਕੌਂਸਲਰ ਰਿਲੇਅ ਦਾ ਕਹਿਣਾ ਹੈ ਕਿ 'ਮੈਰੀ ਬੈਕ ਸਿਟੀ ਕੌਂਸਲ' ਵਿੱਚ ਨਿਵਾਸੀਆਂ ਨੂੰ ਅਣਚਾਹੀਆਂ ਵਸਤੂਆਂ ਨੂੰ ਦੂਜੀ ਜ਼ਿੰਦਗੀ ਦੇਣ ਲਈ ਸਰਗਰਮੀ ਨਾਲ ਉਤਸ਼ਾਹਿਤ ਕੀਤਾ ਜਾਂਦਾ ਹੈ ਪਰ ਬਸ਼ਰਤੇ ਉਹ ਇਸਨੂੰ ਸੁਰੱਖਿਅਤ ਢੰਗ ਨਾਲ ਕਰਨ।

ਸਹਾਇਤਾ ਲਈ ਕੁੱਝ ਔਨਲਾਈਨ ‘ਹਾਰਡ ਰਬਿਸ਼ ਰੈਸਕਿਉ’ ਗਰੁੱਪ ਵੀ ਹਨ ਜਿੱਥੇ ਮੈਂਬਰ ਚੀਜ਼ਾਂ ਦੀਆਂ ਤਸਵੀਰਾਂ ਪੋਸਟ ਕਰ ਕੇ ਲੋੜਵੰਦਾਂ ਜਾਂ ਖਰੀਦਦਾਰਾਂ ਤੱਕ ਪਹੁੰਚ ਕਰ ਸਕਦੇ ਹਨ।
'ਪਲੈਨੇਟ ਆਰਕ' ਦੀ ਅਲੇਜੈਂਡਰਾ ਲੈਕਲੇਟ ਕਹਿੰਦੀ ਹੈ ਕਿ ਇਹ ਯਕੀਨੀ ਬਣਾਉਣ ਲਈ ਬਹੁਤ ਸਾਰੇ ਵੱਖ-ਵੱਖ ਵਿਕਲਪ ਹਨ ਕਿ ਤੁਹਾਡੀਆਂ ਚੀਜ਼ਾਂ ਬਰਬਾਦ ਨਾ ਹੋਣ।
ਆਪਣੇ ਖੇਤਰ ਵਿੱਚ ਸਖ਼ਤ ਰਹਿੰਦ-ਖੂੰਹਦ ਦੇ ਨਿਪਟਾਰੇ ਦੇ ਤਰੀਕਿਆਂ ਬਾਰੇ ਜਾਣਨ ਲਈ ਆਪਣੀ ਸਥਾਨਕ ਕੌਂਸਲ ਨਾਲ ਸੰਪਰਕ ਕਰੋ।
ਪਲੈਨੇਟ ਆਰਕ ਵੈੱਬਸਾਈਟ (recyclingnearyou.com.au) ਵੀ ਇਸ ਬਾਰੇ ਅਹਿਮ ਜਾਣਕਾਰੀ ਪ੍ਰਦਾਨ ਕਰਦੀ ਹੈ।
