ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੀ ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਰੇਕ ਚਾਰ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੇ 2020-21 ਦੌਰਾਨ ਪ੍ਰਤੀ ਹਫ਼ਤਾ ਸ਼ਰਾਬ ਦੀਆਂ 10 ਡਰਿੰਕਸ ਦੀ ਗਾਈਡਲਾਈਨ ਨੂੰ ਪਾਰ ਕੀਤਾ ਹੈ।
ਤਾਂ ਆਖ਼ਿਰ ਸ਼ਰਾਬ ਦੀ ਆਦਤ ਇੱਕ ਮੁਸੀਬਤ ਕਦੋਂ ਬਣ ਜਾਂਦੀ ਹੈ?..ਅਤੇ ਤੁਹਾਨੂੰ ਇਹ ਕਿਵੇਂ ਪਤਾ ਲੱਗ ਸਕਦਾ ਹੈ ਕਿ ਤੁਹਾਡੇ ਕਿਸੇ ਕਰੀਬੀ ਨੂੰ ਸ਼ਰਾਬ ਪੀਣ ਦੀ ਲਤ ਲੱਗ ਗਈ ਹੈ ਜੋ ਕਿ ਗੰਭੀਰ ਬਿਮਾਰੀ ਮੰਨ੍ਹੀ ਜਾਂਦੀ ਹੈ।
ਹੈਲਨ ਗਿਲੀਜ਼ ਐਲ-ਐਨੋਨ ਦੇ ਸੀ.ਈ.ਓ ਹਨ। ਇਹ ਇੱਕ ਅਜਿਹਾ ਨੈੱਟਵਰਕ ਹੈ ਜੋ ਸ਼ਰਾਬ ਪੀਣ ਵਾਲਿਆਂ ਦੇ ਪਰਿਵਾਰਾਂ ਅਤੇ ਦੋਸਤਾਂ ਨੂੰ ਸਮਰਥਨ ਦਿੰਦਾ ਹੈ।
ਸ਼੍ਰੀਮਤੀ ਗਿਲੀਜ਼ ਦਾ ਕਹਿਣਾ ਹੈ ਕਿ ਮੂਡ ਸਵਿੰਗ ਅਤੇ ਵਿਵਹਾਰ ਵਿੱਚ ਤਬਦੀਲੀਆਂ ਕੁੱਝ ਅਜਿਹੇ ਸੰਕੇਤ ਹਨ ਜਿੰਨ੍ਹਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਵਿਅਕਤੀ ਸ਼ਰਾਬ ਪੀਣ ਦਾ ਆਦੀ ਹੋ ਰਿਹਾ ਹੈ।
ਸ਼ਰਾਬ ਇੱਕ ਅਜਿਹੀ ਬਿਮਾਰੀ ਹੈ ਜੋ ਲੰਬੇ ਸਮੇਂ ਨਾਲ ਵਿਕਸਤ ਹੁੰਦੀ ਹੈ।
ਇਹ ਪੰਜ ਪੜ੍ਹਾਵਾਂ ਵਿੱਚ ਵੱਧ ਕੇ ਗੰਭੀਰ ਰੂਪ ਲੈ ਲੈਂਦੀ ਹੈ। ਇਸਦੀ ਸ਼ੁਰੂਆਤ ਦੁਰਵਿਵਹਾਰ ਜਾਂ ਬਹੁਤ ਜ਼ਿਆਦਾ ਸ਼ਰਾਬ ਪੀਣ ਤੋਂ ਹੁੰਦੀ ਹੈ। ਫਿਰ ਹੌਲੀ ਹੌਲੀ ਵਿਅਕਤੀ ਜ਼ਿਆਦਾ ਸ਼ਰਾਬ ਪੀਣ ਲੱਗ ਜਾਂਦਾ ਹੈ ਅਤੇ ਫਿਰ ਅਲਕੋਹਲ ਉੱਤੇ ਨਿਰਭਰ ਹੋ ਜਾਂਦਾ ਹੈ ਅਤੇ ਜਾਂ ਫਿਰ ਹੋਰ ਨਸ਼ਿਆਂ ਦਾ ਆਦੀ ਬਣ ਜਾਂਦਾ ਹੈ।
ਅਲਕੋਹਲ ਉੱਤੇ ਨਿਰਭਰ ਹੋ ਜਾਣ ਦਾ ਮੱਤਲਬ ਹੈ ਕਿ ਵਿਅਕਤੀ ਦੀ ਰੁਟੀਨ ਨਾਲੋਂ ਉਸਦੀ ਸ਼ਰਾਬ ਪੀਣ ਦੀ ਚਾਹਤ ਵੱਡੀ ਹੋ ਜਾਂਦੀ ਹੈ। ਹਾਲਾਂਕਿ ਉਸਨੂੰ ਵੱਧ ਸ਼ਰਾਬ ਪੀਣ ਦੇ ਮਾੜ੍ਹੇ ਪ੍ਰਭਾਵਾਂ ਦਾ ਪਤਾ ਵੀ ਹੁੰਦਾ ਹੈ ਪਰ ਬਾਵਜੂਦ ਇਸਦੇ ਉਹ ਆਪਣੇ ਪੀਣ ਉੱਤੇ ਕਾਬੂ ਨਹੀਂ ਕਰ ਪਾਉਂਦਾ।

ਨਸ਼ਾਖ਼ੋਰੀ ਸ਼ਰਾਬ ਦਾ ਅੰਤਮ ਪੜ੍ਹਾਅ ਹੈ। ਇਸ ਪੜ੍ਹਾਅ ਵਿੱਚ ਕੇਵਲ ਆਨੰਦ ਲਈ ਸ਼ਰਾਬ ਨਹੀਂ ਪੀਤੀ ਜਾਂਦੀ ਬਲਕਿ ਇਹ ਸਰੀਰ ਤੇ ਦਿਮਾਗ ਦੀ ਲੋੜ ਬਣ ਜਾਂਦੀ ਹੈ।
ਐਲੀਨੋਰ ਕੌਸਟੇਲੋ, ਅਲਕੋਹਲ ਐਂਡ ਡਰੱਗ ਫਾਉਂਡੇਸ਼ਨ ਵਿਖੇ ਐਵੀਡੈਂਸ ਮੈਨੇਜਰ ਹਨ। ਇਹ ਇੱਕ ਸਰਕਾਰ ਦੁਆਰਾ ਫੰਡ ਪ੍ਰਾਪਤ ਸੰਸਥਾ ਹੈ ਜਿਸਦਾ ਉਦੇਸ਼ ਅਲਕੋਹਲ ਅਤੇ ਹੋਰ ਨਸ਼ੀਲੇ ਪਦਾਰਥਾਂ ਦੁਆਰਾ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨਾ ਹੈ।
ਸ਼੍ਰੀਮਤੀ ਕੋਸਟੇਲੋ ਕਹਿੰਦੇ ਹਨ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਕਰੀਬੀ ਸ਼ਰਾਬ ਦੀ ਬੁਰੀ ਲੱਤ ਦਾ ਸ਼ਿਕਾਰ ਹੋ ਗਿਆ ਹੈ ਤਾਂ ਤੁਹਾਡਾ ਸਭ ਤੋਂ ਪਹਿਲਾ ਕਦਮ ਉਹਨਾਂ ਨਾਲ ਗੱਲਬਾਤ ਕਰਨਾ ਹੋ ਸਕਦਾ ਹੈ।
ਮੁੱਦੇ ਨੂੰ ਉਠਾਉਣ ਤੋਂ ਪਹਿਲਾਂ, ਇਹ ਜ਼ਰੂਰੀ ਹੈ ਕਿ ਦੋਸਤਾਂ ਅਤੇ ਪਰਿਵਾਰ ਨੂੰ ਪੇਸ਼ੇਵਰ ਮਾਰਗਦਰਸ਼ਨ ਮਿਲੇ।
ਕੁੱਝ ਲੋਕਾਂ ਲਈ, ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਉਹਨਾਂ ਦੇ ਬਹੁਤ ਜ਼ਿਆਦਾ ਭਾਵੁਕ, ਗੁੱਸੇ ਜਾਂ ਹਮਲਾਵਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਸ਼੍ਰੀਮਤੀ ਕੌਸਟੇਲੋ ਦਾ ਕਹਿਣਾ ਹੈ ਕਿ ਜੇਕਰ ਪਰਿਵਾਰ ਦੇ ਕਿਸੇ ਮੈਂਬਰ ਨੂੰ ਖ਼ਤਰਾ ਹੈ, ਤਾਂ ਪਹਿਲਾਂ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੈ।

ਸ਼੍ਰੀਮਤੀ ਗਿਲੀਜ਼ ਦਾ ਕਹਿਣਾ ਹੈ ਕਿ ਗੰਭੀਰ ਸਥਿਤੀ ਵਿੱਚ ਆਪਣੀ ਕਾਰ ਦੀਆਂ ਚਾਬੀਆਂ ਅਤੇ ਬਟੂਏ ਨੂੰ ਤਿਆਰ ਰੱਖਣਾ ਇੱਕ ਚੰਗਾ ਵਿਚਾਰ ਹੈ।
ਬਹੁਤ ਜ਼ਿਆਦਾ ਸ਼ਰਾਬ ਪੀਣ ਕਾਰਨ ਕਿਸੇ ਅਜ਼ੀਜ਼ ਨੂੰ ਬਦਲਦੇ ਦੇਖਣਾ ਦੁੱਖਦਾਈ ਅਤੇ ਉਲਝਣ ਵਾਲਾ ਹੋ ਸਕਦਾ ਹੈ।
ਸ਼੍ਰੀਮਤੀ ਕੌਸਟੇਲੋ ਕਹਿੰਦੇ ਹਨ ਕਿ ਸ਼ਰਾਬ ਪੀਣ ਵਾਲਿਆਂ ਲਈ ਡਾਕਟਰੀ ਸਹਾਇਤਾ ਤੋਂ ਬਿਨਾਂ ਸ਼ਰਾਬ ਪੀਣਾ ਬੰਦ ਕਰਨਾ ਖ਼ਤਰਨਾਕ ਹੈ।
ਸ਼੍ਰੀਮਤੀ ਗਿਲੀਜ਼ ਦਾ ਕਹਿਣਾ ਹੈ ਕਿ ਪਰਿਵਾਰਾਂ ਲਈ ਆਪਣੇ ਲਈ ਵੀ ਪੇਸ਼ੇਵਰ ਮੱਦਦ ਲੈਣੀ ਮਹੱਤਵਪੂਰਨ ਹੈ। ਅਜਿਹਾ ਕਰਨ ਨਾਲ ਨਸ਼ਾ ਕਰਨ ਵਾਲੇ ਨੂੰ ਇਲਾਜ ਲਈ ਵੀ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਡੇਟਾ ਦਰਸਾਉਂਦਾ ਹੈ ਕਿ ਆਸਟ੍ਰੇਲੀਆ ਵਿੱਚ ਪ੍ਰਵਾਸੀ ਪਿਛੋਕੜ ਵਾਲੇ ਲੋਕ ਸ਼ਰਾਬ ਤੋਂ ਪਰਹੇਜ਼ ਕਰਨ ਜਾਂ ਘੱਟ ਪੀਣ ਦੀ ਸੰਭਾਵਨਾ ਰੱਖਦੇ ਹਨ।
ਪ੍ਰਾਇਮਰੀ ਅੰਗਰੇਜ਼ੀ ਬੋਲਣ ਵਾਲਿਆਂ ਦੇ 19.2% ਦੇ ਮੁਕਾਬਲੇ, ਅੱਧੇ ਤੋਂ ਵੱਧ ਲੋਕ ਜੋ ਮੁੱਖ ਤੌਰ ਉੱਤੇ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਦੇ ਸਨ, ਪਰਹੇਜ਼ ਕਰਨ ਵਾਲੇ ਜਾਂ ਸ਼ਰਾਬ ਛੱਡਣ ਵਾਲੇ ਸਨ।
ਅਲਕੋਹਲ ਐਂਡ ਡਰੱਗ ਫਾਊਂਡੇਸ਼ਨ ਦੀ ਵੈੱਬਸਾਈਟ ਉੱਤੇ ਮਦਦ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ।
ਸਹਾਇਤਾ ਲਈ ਹੇਠਾਂ ਦਿੱਤੇ ਲਿੰਕ ਉੱਤੇ ਕਲਿੱਕ ਕਰੋ ਜਾਂ ਕਾਲ ਕਰੋ
